nabaz-e-punjab.com

ਚੰਦੂਮਾਜਰਾ ਵੱਲੋਂ ਪਿੰਡ ਪੱਤੋਂ ਵਿੱਚ 20 ਲੱਖ ਦੀ ਲਾਗਤ ਵਾਲੇ ਕਮਿਊਨਿਟੀ ਸੈਂਟਰ ਦਾ ਉਦਘਾਟਨ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਪਿੰਡਾਂ ਦੇ ਲੋਕਾਂ ਨੂੰ ਆਪਣੇ ਸਮਾਜਿਕ ਸਮਾਗਮਾਂ ਲਈ ਮਹਿੰਗੇ ਮੈਰਿਜ ਪੈਲਿਸਾਂ ਦਾ ਤਿਆਗ ਕਰਕੇ ਘੱਟ ਖਰਚੇ ਵਾਲੇ ਸਾਂਝੇ ਥਾਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਬੇਲੋੜੇ ਖਰਚੇ ਤੋਂ ਬਚਿਆ ਜਾ ਸਕੇ। ਇਹ ਵਿਚਾਰ ਅੱਜ ਪਿੰਡ ਪੱਤੋਂ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਪੰਚਾਇਤੀ ਮੈਰਿਜ ਪੈਲਿਸ/ਕਮਿਊਨਿਟੀ ਸੈਂਟਰ ਲੋਕਾਂ ਨੂੰ ਸਮਰਪਿਤ ਕਰਦਿਆਂ ਹਲਕਾ ਆਨੰਦਪੁਰ ਸਾਹਿਬ ਦੇ ਐਮ.ਪੀ. ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਗਰੀਬ ਲੋਕਾਂ ਲਈ ਅਜਿਹੇ ਮੈਰਿਜ ਪੈਲਿਸ ਬਹੁਤ ਢੁਕਵੇਂ ਹਨ ਜਦੋਂ ਕਿ ਆਮ ਮੈਰਿਜ ਪੈਲਿਸ ਲੱਖਾਂ ਰੁਪਏ ਦੇ ਖਰਚੇ ਵਾਲੇ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਐਮ.ਪੀ.ਲੈਡ ਫੰਡ ਵਿੱਚੋਂ ਦਿੱਤੀ ਸਹਾਇਤਾ ਨਾਲ ਇਹ ਇਸ ਹਲਕੇ ਦੇ ਪੰਡਾਂ ‘ਚ ਉਸਾਰਿਆ ਗਿਆ ਤੀਜਾ ਮੈਰਿਜ ਪੈਲਿਸ ਹੈ ਜਿਸ ਵਿੱਚ 10 ਲੱਖ ਦੀ ਰਕਮ ਉਨ੍ਹਾਂ ਵੱਲੋਂ ਤੇ ਬਾਕੀ ਪੰਚਾਇਤ ਵੱਲੋਂ ਪਾਈ ਗਈ ਹੈ। ਉਨ੍ਹਾਂ ਪੰਚਾਇਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਪਿੰਡਾਂ ‘ਚ ਉਸਾਰੇ ਇਨ੍ਹਾਂ ਮੈਰਿਜ ਪੈਲਿਸਾਂ ਦੀ ਮਹਿੰਗੀ ਚਾਰਦੀਵਾਰੀ ਦੀ ਥਾਂ ਤਾਰਾਂ ਤੇ ਵੇਲਾਂ ਦੀ ਵਾੜ ਦੇ ਨਾਲ ਨਾਲ ਸੁਹਣੇ ਰੁੱਖ ਵੀ ਲਗਾਏ ਜਾਣ ਤਾਂ ਕਿ ਵਾਤਾਵਰਣ ਵਿੱਚ ਠੰਡ ਕਰ ਰਹੇ ਤ ੇਮਹਿੰਗੇ ਏ. ਸੀਜ਼. ਦੀ ਥਾਂ ਕੂਲਰਾਂ ਪੱਖਿਆਂ ਨਾਲ ਸਰ ਸਕੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਿੰਡਾਂ ਦੇ ਕਿਸਾਨਾਂ ਦੀਆਂ ਖੁਦਕਸ਼ੀਆਂ ‘ਚ ਵਾਧੇ ‘ਚ ਵੱਡਾ ਰੋਲ ਉਨ੍ਹਾਂ ਵੱਲੋਂ ਖੇਤੀ ਸਾਧਨਾਂ ‘ਤੇ ਹੋ ਰਹੇ ਖਰਚੇ ਦਾ ਵੀ ਹੈ ਕਿਉਂਕਿ 2 ਤੋਂ 5 ਏਕੜ ਵਾਲੇ ਕਿਸਾਨ ਲਈ ਵੀ ਮਸ਼ੀਨਰੀ ਦੀ ਵਰਤੋਂ ਜ਼ਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਿਸਾਨ ਸਾਂਝੀ ਖੇਤੀ/ਸਹਿਕਾਰੀ ਖੇਤੀ ਦੀ ਜੁਗਤ ਅਪਣਾਉਣ। ਸਾਂਝੀ ਖੇਤੀ ਨਾਲ ਵੱਡੀ ਗਿਣਤੀ ‘ਚ ਇਕੱਠੇ ਹੋਏ ਕਿਸਾਨ ਸਾਂਝੀ ਮਸ਼ੀਨਰੀ ਤੇ ਹੋਰ ਸਾਧਨਾਂ ਦੀ ਵਰਤੋਂ ਕਰਕੇ ਖੇਤੀ ਦੀ ਉਤਪਾਦਨ ਲਾਗਤ ਘਟਾ ਸਕਦੇ ਹਨ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਖੇਤੀ ਉਪਜ ਵਿੱਚ ਵਾਧਾ ਹੁਣ ਲਗਭਗ ਰੁਕ ਗਿਆ ਹੈ ਤੇ ਸਰਕਾਰ ਫ਼ਸਲਾਂ ਦੀ ਐਮ.ਐਸ.ਪੀ. ਵੀ ਖੇਤੀ ‘ਚੋਂ ਲਾਭ ਕਮਾਉਣ ਜਿੰਨੀ ਨਹੀਂ ਦਿੰਦੀ ਜਿਸ ਕਰਕੇ ਹੁਣ ਕਿਸਾਨ ਨੂੰ ਮਸ਼ੀਨਰੀ ਤੇ ਹੋਰ ਲਾਗਤ ਘਟਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗ ਕਿਹਾ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਵੀ ਖੇਤੀ ਦੇ ਸਾਂਝੇ ਸੰਦ ਖ੍ਰੀਦ ਕੇ ਕਿਸਾਨਾਂ ਨੂੰ ਘੱਟ ਕਿਰਾਏ ਤੇ ਦੇਣੇ ਚਾਹੀ ਦੇ ਹਨ ਤਾਂ ਕਿ ਖੇਤੀ ਖਰਚਾ ਘਟ ਸਕੇ। ਇਸ ਮੌਕੇ ਪ੍ਰੋਗਰਾਮ ਵਿੱਚ ਸੁਖਦੇਵ ਸਿੰਘ ਪਟਵਾਰੀ ਐਮ.ਸੀ., ਸੁਰਿੰਦਰ ਸਿੰਘ ਰੋਡਾ ਐਮ.ਸੀ, ੳਐਸਡੀ ਹਰਦੇਵ ਸਿੰਘ ਹਰਪਾਲਪੁਰ, ਹਰਜਿੰਦਰ ਸਿੰਘ ਸਰਪੰਚ ਪੱਤੋਂ, ਪਰਵਿੰਦਰ ਸਿੰਘ ਤਸਿੰਬਲੀ ਐਮਸੀ., ਮਾਨ ਸਿੰਘ ਸੋਹਾਣਾ, ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ ਖਰੜ, ਜਸਬੀਰ ਸਿੰਘ ਕੁਰੜਾ ਸਰਕਲ ਪ੍ਰਧਾਨ, ਮੰਗਲ ਸਿੰਘ ਸਿਆਊਂ ਸਾਬਕਾ ਸਰਪੰਚ, ਗੁਰਮੀਤ ਸਿੰਘ ਬਾਕਰਪੁਰ ਜ਼ਿਲਾ ਪ੍ਰੀਸ਼ਦ ਮੈਂਬਰ, ਦਰਸ਼ਨ ਸਿੰਘ ਬਾਕਰਪੁਰ ਬਲਾਕ ਸੰਮਤੀ ਮੈਂਬਰ, ਪਾਲ ਸਿੰਘ ਬਠਲਾਣਾ ਬਲਾਕ ਸੰਮਤੀ ਮੈਂਬਰ, ਜਸਬੀਰ ਸਿੰਘ ਜੱਸਾ ਭਾਗੋਮਾਜਰਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…