
ਚੰਦੂਮਾਜਰਾ ਵੱਲੋਂ ਬੋਗਨਵਿਲੀਆ ਪਾਰਕ ਵਿੱਚ ਓਪਨ ਜਿੰਮ ਦਾ ਉਦਘਾਟਨ
ਮੁਹਾਲੀ ਵੈਲਫੇਅਰ ਕਲੱਬ ਵੱਲੋਂ ਵਿਕਾਸ ਕਾਰਜਾਂ ’ਤੇ ਵੀ ਧਿਆਨ ਦੇਣ ਦੀ ਮੰਗ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਜ਼ਿਲ੍ਹਾ ਇਸਤਰੀ ਅਕਾਲੀ ਦਲ ਮੁਹਾਲੀ (ਸ਼ਹਿਰੀ) ਦੀ ਪ੍ਰਧਾਨ ਤੇ ਕੌਂਸਲਰ ਬੀਬੀ ਕੁਲਦੀਪ ਕੌਰ ਕੰਗ ਦੇ ਯਤਨਾ ਸਦਕਾ ਇੱਥੋਂ ਦੇ ਫੇਜ਼-4 ਸਥਿਤ ਬੋਗਨਵਿਲੀਆ ਪਾਰਕ ਵਿੱਚ ਓਪਨ ਜਿੰਮ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਸ਼ੁੱਕਰਵਾਰ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਵੀ ਸ੍ਰੀ ਚੰਦੂਮਾਜਰਾ ਵੱਲੋਂ ਐਮ.ਪੀ ਅਖ਼ਤਿਆਰੀ ਕੋਟੇ ’ਚੋਂ ਸ਼ਹਿਰ ਦੀਆਂ ਵੱਖ ਵੱਖ ਪਾਰਕਾਂ ਵਿੱਚ ਚਾਰ ਓਪਨ ਜਿੰਮ ਖੋਲ੍ਹੇ ਜਾ ਚੁੱਕੇ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸ਼ਹਿਰ ਵਾਸੀਆਂ ਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਣਾ ਹੈ। ਇਸ ਮੰਤਵ ਲਈ ਸ਼ਹਿਰ ਦੀਆਂ ਵੱਖ ਵੱਖ ਪਾਰਕਾਂ ਵਿੱਚ ਓਪਨ ਜਿੰਮ ਖੋਲ੍ਹੇ ਜਾ ਰਹੇ ਹਨ ਤਾਂ ਜੋ ਲੋਕ ਸਵੇਰੇ ਅਤੇ ਸ਼ਾਮ ਨੂੰ ਪਾਰਕਾਂ ਵਿੱਚ ਸੈਰ ਕਰਨ ਦੇ ਨਾਲ ਨਾਲ ਕਸਰਤ ਵੀ ਕਰ ਸਕਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁਹਾਲੀ ਸਮੇਤ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਵੱਡੀਆਂ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਮੇਅਰ ਨੂੰ ਜ਼ੋਰ ਦੇ ਕੇ ਆਖਿਆ ਕਿ ਹੁਣ ਕਿਉਂ ਜੋ ਸਾਰੀਆਂ ਪਾਰਕਾਂ ਨਗਰ ਨਿਗਮ ਅਧੀਨ ਆ ਗਈਆਂ ਹਨ। ਇਨ੍ਹਾਂ ਪਾਰਕਾਂ ਵਿੱਚ ਸੈਰ ਕਰਨ ਲਈ ਵਧੀਆਂ ਟਰੈਕ ਬਣਾਏ ਜਾਣ ਅਤੇ ਬੱਚਿਆਂ ਦੇ ਖੇਡਣ ਲਈ ਝੁੱਲੇ ਅਤੇ ਬਜ਼ੁਰਗਾਂ ਦੇ ਆਰਾਮ ਲਈ ਬੈਂਚ ਰੱਖੇ ਜਾਣ। ਇਸ ਤੋਂ ਇਲਾਵਾ ਸਟਰੀਟ ਲਾਈਟ ਅਤੇ ਫੁੱਟ ਲਾਈਟਾਂ ਲਗਵਾਈਆਂ ਜਾਣ ਤਾਂ ਜੋ ਪਾਰਕਾਂ ਵਿੱਚ ਸੈਰ ਕਰਨ ਵਾਲਿਆਂ ਦੀ ਰੌਣਕ ਵਧ ਸਕੇ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਸ਼ਹਿਰ ਦੀਆਂ ਕਈ ਪਾਰਕਾਂ ਵਿੱਚ ਲਾਇਬਰੇਰੀਆਂ ਵੀ ਖੋਲ੍ਹੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਪਾਰਕਾਂ ਵਿੱਚ ਵੀ ਲਾਇਬਰੇਰੀਆਂ ਖੋਲ੍ਹੀਆਂ ਜਾਣਗੀਆਂ ਤਾਂ ਜੋ ਆਮ ਲੋਕਾਂ ਨੂੰ ਅਖ਼ਬਾਰ ਅਤੇ ਕਿਤਾਬਾਂ ਪੜ੍ਹਨ ਦੀ ਆਦਤ ਪਾਈ ਜਾ ਸਕੇ। ਕਿਉਂਕਿ ਰੋਜ਼ਾਨਾ ਅਖ਼ਬਾਰ ਅਤੇ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿੱਚ ਚੌਖਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸੋਸ਼ਲ ਮੀਡੀਆ ਏਨਾ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਜਾ ਰਿਹਾ ਹੈ ਕਿ ਜ਼ਿਆਦਾਤਰ ਲੋਕ ਖਾਸ ਕਰਕੇ ਨੌਜਵਾਨ ਪੀੜ੍ਹੀ ਅਖ਼ਬਾਰ ਅਤੇ ਕਿਤਾਬਾਂ ਪੜ੍ਹਨ ਤੋਂ ਮੂੰਹ ਮੋੜਦੇ ਜਾ ਰਹੇ ਹਨ। ਅਖੀਰ ਵਿੱਚ ਬੀਬੀ ਕੁਲਦੀਪ ਕੌਰ ਕੰਗ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਅਕਾਲੀ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ, ਕਮਲਜੀਤ ਸਿੰਘ ਰੂਬੀ, ਭਾਜਪਾ ਆਗੂ ਅਰੁਣ ਸ਼ਰਮਾ, ਅਸ਼ੋਕ ਝਾਅ, ਸਿਮਰਨਜੀਤ ਸਿੰਘ ਚੰਦੂਮਾਜਰਾ, ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
(ਬਾਕਸ ਆਈਟਮ)
ਮੁਹਾਲੀ ਵੈਲਫੇਅਰ ਕਲੱਬ ਦੇ ਪ੍ਰਧਾਨ ਸੁਖਦੀਪ ਸਿੰਘ ਨੇ ਪਾਰਕ ਵਿੱਚ ਓਪਨ ਜਿੰਮ ਖੋਲ੍ਹਣ ’ਤੇ ਅਕਾਲੀ ਆਗੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫੇਜ਼-4 ਵਿੱਚ ਹੋਣ ਵਾਲੇ ਵਿਕਾਸ ਕੰਮ ਵੀ ਮੁਹਾਲੀ ਪ੍ਰਸ਼ਾਸਨ ਅਤੇ ਲੀਡਰਸ਼ਿਪ ਦਾ ਮੂੰਹ ਤੱਕ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਕਈ ਥਾਵਾਂ ਤੋਂ ਫੁੱਟਪਾਥ ਬੂਰੀ ਤਰ੍ਹਾਂ ਟੁੱਟੇ ਹੋਏ ਹਨ। ਜਿਨ੍ਹਾਂ ’ਤੇ ਚੱਲਦਿਆਂ ਕਈ ਬਜ਼ੁਰਗ ਡਿੱਗ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਅਧੂਰੇ ਪਏ ਵਿਕਾਸ ਕੰਮ ਵੀ ਮੁਕੰਮਲ ਕੀਤੇ ਜਾਣ।