ਚੰਦੂਮਾਜਰਾ ਨੇ ਪਛੜੇ ਵਰਗ ਦੇ ਲੋਕਾਂ ਦੇ ਹੱਕ ਵਿੱਚ ਮਾਰਿਆ ਹਾਅ ਦਾ ਨਾਅਰਾ

ਆਰਥਿਕ ਬਰਾਬਰਤਾ ਲਈ ਦੇਸ਼ ਵਿੱਚ ਜਾਤ ਪਾਤ ਨੂੰ ਖ਼ਤਮ ਕਰਨ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਪਾਰਲੀਮੈਂਟ ਦੇ ਸੈਸ਼ਨ ਮੌਨਸੂਨ ਸੈਸ਼ਨ ਦੌਰਾਨ ‘ਨੈਸ਼ਨਲ ਕਮਿਸ਼ਨ ਆਫ਼ ਬੈਕਵਰਡ ਕਲਾਸ’ ਬਿੱਲ ਚਰਚਾ ਵਿੱਚ ਹਿੱਸਾ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਛੜੇ ਵਰਗ ਦੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਤਕਰੀਬਨ 70 ਸਾਲ ਬੀਤ ਚੁੱਕੇ ਹਨ, ਪਰ ਪਛੜੇ ਵਰਗਾਂ ਦਾ ਪਛੜਾਪਣ ਦੂਰ ਕਰਨ ਲਈ ਇਨਸਾਫ਼ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਵਿੱਚ ਪਛੜੇ ਵਰਗਾਂ ਨੂੰ ਬਰਾਬਰਤਾ ਪ੍ਰਦਾਨ ਕਰਵਾਉਣ ਲਈ ਸਭ ਤੋਂ ਪਹਿਲਾਂ 1953 ਵਿੱਚ ਕਾਕਾ ਕਾਲੇਕਰ ਕਮਿਸ਼ਨ ਦੀ ਸਥਾਪਨਾ ਕੀਤੀ ਗਈ, ਪ੍ਰੰਤੂ ਜਿਸ ਆਸ ਅਤੇ ਮੰਤਵ ਨਾਲ ਇਸ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਇਹ ਉਨ੍ਹਾਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ।
ਸ੍ਰੀ ਚੰਦੂਮਾਜਰਾ ਭਾਵੇਂ 1979 ਵਿੱਚ ਜਨਤਾ ਪਾਰਟੀ ਦੇ ਸਮੇਂ ‘ਹੋਰ ਪਛੜੇ ਵਰਗਾਂ’ ਲਈ ਚੇਅਰਮੈਨ ਬੀਪੀ ਮੰਡਲ ਦੇ ਅਗਵਾਈ ਹੇਠ ਮੰਡਲ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਇਲਾਵਾ 1992 ਵਿੱਚ ਸੁਪਰੀਮ ਕੋਰਟਾਂ ਦੇ ਹੁਕਮਾਂ ਦੇ ਬਾਵਜੂਦ ਸਥਾਪਤ ਕਮਿਸ਼ਨ ਵੀ ਕੋਈ ਇਨਸਾਫ਼ ਦਿਵਾਉਣ ਵਿੱਚ ਕਾਮਯਾਬ ਨਾ ਹੋ ਸਕਿਆ, ਕਿਉਂਕਿ ਇਸ ਕੋਲ ਕੋਈ ਵੀ ਠੋਸ ਸ਼ਕਤੀਆਂ ਪ੍ਰਦਾਨ ਨਹੀਂ ਸਨ। ਉਨ੍ਹਾਂ ਕਿਹਾ ਕਿ ‘ਨੈਸ਼ਨਲ ਕਮਿਸ਼ਨ ਆਫ਼ ਬੈਕਵਰਡ ਕਲਾਸ’ ਬਿੱਲ ਰਾਹੀ ਪਛੜੀਆਂ ਸ਼੍ਰੇਣੀਆਂ ਨੂੰ ਸੰਵਿਧਾਨਿਕ ਦਰਜਾ ਦੇਣ ਦਾ ਫੈਸਲਾ ਮੋਦੀ ਸਰਕਾਰ ਦਾ ਇਤਿਹਾਸਿਕ ਫੈਸਲਾ ਹੈ।
ਸ੍ਰੀ ਚੰਦੂਮਾਜਰਾ ਨੇ ਸੁਝਾਅ ਦਿੱਤਾ ਕਿ ਪਿਛਲੇ 70 ਸਾਲਾਂ ਵਿੱਚ ਜਿਨ੍ਹਾਂ ਪਛੜੇ ਵਰਗ ਲਈ ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ’ਚੋਂ ਸਮੀਖਿਆ ਕਰਨ ਦੀ ਲੋੜ ਹੈ ਕਿ ਕਿੰਨੇ ਲੋਕਾਂ ਨੂੰ ਇਸਦਾ ਲਾਭ ਹੋਇਆ ਹੈ ਜਾਂ ਕਿੰਨੇ ਲੋਕ ਸਹੂਲਤਾਂ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਵੱਖਰਾ ਕਮਿਸ਼ਨ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਸ੍ਰੀ ਚੰਦੂਮਾਜਰਾ ਨੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਕਿਹਾ ਜੇਕਰ ਅਸੀਂ ਸਹੀ ਅਰਥਾਂ ਵਿੱਚ ਸੰਵਿਧਾਨ ਨਿਰਮਾਤਾਵਾਂ ਦੀ ਸੋਚ ਅਨੁਸਾਰ ਅਤੇ ਆਜ਼ਾਦੀ ਦੇ ਸੰਗਰਾਮੀਆਂ ਦੀ ਇੱਛਾ ਅਨੁਸਾਰ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਦੀ ਗੱਲ ਕਰੀਏ ਜੋ ਕਹਿੰਦੇ ਸੀ ਕਿ ਆਰਥਿਕ ਬਰਾਬਰਤਾ ਤੋਂ ਬਿਨਾਂ ਰਾਜਨੀਤਿਕ ਆਜ਼ਾਦੀ ਕੋਈ ਕੰਮ ਨਹੀਂ ਆਵੇਗੀ ਨੂੰ ਪੂਰਾ ਕਰਨ ਲਈ ਦੇਸ਼ ਵਿੱਚ ਜਾਤਪਾਤ ਨੂੰ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਇਸ ਨੂੰ ਪੂਰਾ ਕਰਨ ਲਈ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ, ਜੋ ਸਾਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਵਿਚਾਰਧਾਰਾ ’ਚੋਂ ਹੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜਿਨ੍ਹਾਂ ਲੋਕਾਂ ਨੂੰ ਉੱਚ ਕੁਲਾਂ ਨਾਲ ਸਬੰਧ ਰੱਖਣ ਵਾਲੇ ਲੋਕ ਬਰਤਨਾਂ ਨੂੰ ਹੱਥ ਤੱਕ ਨਹੀਂ ਲਗਾਉਣ ਦਿੰਦੇ ਸਨ। ਇਸ ਸਥਾਨ ’ਤੇ ਗੁਰੂ ਸਾਹਿਬਾਨ ਨੇ ਵੱਖ-ਵੱਖ ਜਾਤਾਂ, ਫ਼ਿਰਕਿਆਂ ਤੇ ਇਲਾਕਿਆਂ ਦੇ ਲੋਕਾਂ ਨੂੰ ਇੱਕ ਬਰਤਨ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਮਾਜ ਵਿੱਚੋਂ ਊਚ-ਨੀਚ ਦੀ ਪ੍ਰਵਿਰਤੀ ਖਤਮ ਕਰਕੇ ਜਾਤ-ਪਾਤ ਰਹਿਤ ਸਮਾਜ ਸਥਾਪਿਤ ਕਰਨ ਦਾ ਮੁੱਢ ਬੰਨਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਅਤੇ ਤਰੱਕੀ ਲਈ ਗੁਰੂਆਂ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਜਾਤ-ਪਾਤ ਦਾ ਖਾਤਮਾ ਕਰਕੇ ਉਸਾਰੂ ਮਾਹੌਲ ਸਿਰਜਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਏਅਰਪੋਰਟ ਸੜਕ ’ਤੇ 50 ਦੀ ਥਾਂ 65 ਕਿੱਲੋਮੀਟਰ ਪ੍ਰਤੀ ਘੰਟਾ ਸਪੀਡ ਨਿਰਧਾਰਿਤ ਕਰਨ ਦੀ ਮੰਗ ਉੱਠੀ

ਏਅਰਪੋਰਟ ਸੜਕ ’ਤੇ 50 ਦੀ ਥਾਂ 65 ਕਿੱਲੋਮੀਟਰ ਪ੍ਰਤੀ ਘੰਟਾ ਸਪੀਡ ਨਿਰਧਾਰਿਤ ਕਰਨ ਦੀ ਮੰਗ ਉੱਠੀ ਮੁਹਾਲੀ ਦੇ …