
ਚੰਦੂਮਾਜਰਾ ਦੇ ਦੋਸ਼ ਗੁਮਰਾਹਕੁਨ ਤੇ ਸਿਆਸਤ ਤੋਂ ਪ੍ਰੇਰਿਤ: ਬਲਬੀਰ ਸਿੱਧੂ
ਸਿਹਤ ਮੰਤਰੀ ਦੀ ਅਕਾਲੀ ਆਗੂ ਚੰਦੂਮਾਜਰਾ ਨੂੰ ਆਪਣੀਆਂ ਅੱਖਾਂ ਅਤੇ ਕੰਨਾਂ ਦੀ ਜਾਂਚ ਕਰਵਾਉਣ ਦੀ ਸਲਾਹ
ਸਿਹਤ ਮੰਤਰੀ ਨੇ ਕਿਹਾ ਕਿ ਬਾਹਰੋਂ ਆਉਣ ਵਾਲਾ ਹਰ ਵਿਅਕਤੀ 29 ਦਿਨ ਇਕਾਂਤਵਾਸ ਵਿੱਚ ਰਹੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਸ਼ਰਾਰਤੀ ਅਨਸਰ ਕਹਿਣ ਦੇ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਆਗੂ ਦੇ ਦੋਸ਼ ਬਿਲਕੁਲ ਬੇਬੁਨਿਆਦ, ਗੁਮਰਾਹਕੁਨ ਅਤੇ ਸਿਆਸਤ ਤੋਂ ਪ੍ਰੇਰਿਤ ਹਨ। ਅੱਜ ਇੱਥੇ ਸਿਹਤ ਮੰਤਰੀ ਨੇ ਕਿਹਾ ਕਿ ਸ੍ਰੀ ਚੰਦੂਮਾਜਰਾ ਨੂੰ ਉਨ੍ਹਾਂ (ਸਿੱਧੂ) ਦੀ ਕਹੀ ਹੋਈ ਗੱਲ ਸਮਝ ਨਹੀਂ ਲੱਗੀ ਜਾਂ ਉਹ ਜਾਣਬੱੁਝ ਕੇ ਸਮਝਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਚੰਦੂਮਾਜਰਾ ਨੂੰ ਸਾਫ਼ ਦਿਖਾਈ ਦੇਣ ਅਤੇ ਸਪੱਸ਼ਟ ਸੁਣਨ ਵਿੱਚ ਵੀ ਦਿੱਕਤ ਆਉਣ ਲੱਗ ਪਈ ਹੋਵੇ।
ਸ੍ਰੀ ਸਿੱਧੂ ਨੇ ਚੰਦੂਮਾਜਰਾ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਕੰਨ ਅਤੇ ਅੱਖਾਂ ਜ਼ਰੂਰ ਚੈੱਕਅਪ ਕਰਵਾਉਣ ਤਾਂ ਜੋ ਸਮੇਂ ਸਿਰ ਇਲਾਜ ਹੋ ਸਕੇ। ਉਨ੍ਹਾਂ ਨੇ ਸਿਰਫ਼ ਇਹ ਕਿਹਾ ਸੀ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਟੈਕਸੀਆਂ ਕਰ ਕੇ ਵਾਪਸ ਆਏ ਸ਼ਰਧਾਲੂਆਂ ’ਚੋਂ ਕੁਝ ਕਰੋਨਾ ਪੀੜਤ ਹੋਣ ਕਾਰਨ ਪੰਜਾਬ ਵਿੱਚ ਕਾਬੂ ਹੇਠ ਆਈ ਕਰੋਨਾ ਦੀ ਸਥਿਤੀ ਵਿਗੜ ਸਕਦੀ ਹੈ। ਇਸ ਲਈ ਅਜਿਹੇ ਵਿਅਕਤੀਆਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਖ਼ੁਦ ਹਸਪਤਾਲ ਵਿੱਚ ਜਾ ਕੇ ਆਪਣੀ ਸਕਰੀਨਿੰਗ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਰਾਹੀਂ ਲਿਆਂਦੇ ਗਏ ਸ਼ਰਧਾਲੂਆਂ ਨੂੰ ਤਾਂ ਘਰ ਜਾਣ ਤੋਂ ਪਹਿਲਾਂ 29 ਦਿਨ ਇਕਾਂਤਵਾਸ ਵਿੱਚ ਰੱਖਣ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਸ੍ਰੀ ਸਿੱਧੂ ਨੇ ਚੰਦੂਮਾਜਰਾ ਨੇ ਆਪਣੇ ਲੋਕ ਸਭਾ ਹਲਕੇ ਦੇ ਮੁਹਾਲੀ, ਰੂਪਨਗਰ ਅਤੇ ਨਵਾਂ ਸ਼ਹਿਰ ਹਲਕਿਆਂ ਵਿੱਚ ਕਰੋਨਾ ਪੀੜਤ ਪਰਿਵਾਰਾਂ ’ਚੋਂ ਕਿਸੇ ਇੱਕ ਦੀ ਵੀ ਸਾਰ ਨਹੀਂ ਲਈ। ਨਵਾਂ ਸ਼ਹਿਰ ਹਲਕੇ ਦੇ ਪਿੰਡ ਪਠਲਾਵਾ ਦੇ ਕਿਸੇ ਪਰਿਵਾਰ ਦਾ ਹਾਲ ਨਹੀਂ ਪੁੱਛਿਆ। ਉਨ੍ਹਾਂ ਇਹ ਵੀ ਕਿਹਾ ਕਿ ਚੰਦੂਮਾਜਰਾ ਆਪਣੇ ਹਲਕੇ ਵਿੱਚ ਕਰੋਨਾ ਕਾਰਨ ਮਰਨ ਵਾਲੇ ਕਿਸੇ ਇਕ ਵਿਅਕਤੀ ਦੇ ਵੀ ਅੰਤਿਮ ਸਸਕਾਰ ’ਤੇ ਨਹੀਂ ਗਏ। ਜਦੋਂਕਿ ਉਹ ਖ਼ੁਦ ਮਰੀਜ਼ਾਂ ਦੇ ਅੰਤਿਮ ਸੰਸਕਾਰਾਂ ਉੱਤੇ ਜਾਂਦੇ ਰਹੇ ਹਨ।
ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਸਿਹਤ ਵਿਭਾਗ ਦੇ ਨਾਲ ਨਾਲ ਉਹ ਖ਼ੁਦ ਵੀ ਸਭ ਤੋਂ ਅੱਗੇ ਹੋ ਕੇ ਕਰੋਨਾਵਾਇਰਸ ਵਿਰੁੱਧ ਜੰਗ ਲੜ ਰਹੇ ਹਨ ਅਤੇ ਪੀੜਤਾਂ ਦੇ ਇਲਾਜ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਮੁਹਾਲੀ ਸਮੇਤ ਨਵਾਂ ਸ਼ਹਿਰ, ਜਲੰਧਰ ਅਤੇ ਬਨੂੜ ਦੇ ਹਸਪਤਾਲਾਂ ਵਿੱਚ ਵੀ ਉਹ ਖ਼ੁਦ ਜਾ ਕੇ ਨਜ਼ਰਸਾਨੀ ਕਰ ਰਹੇ ਹਨ।