ਵਿਦਿਆਰਥੀਆਂ ’ਚੋਂ ਝਲਦਕੀ ਹੈ ਪੰਜਾਬ ਦੀ ਬਦਲਦੀ ਤਕਦੀਰ: ਮਨਪ੍ਰੀਤ ਬਾਦਲ

ਸਰਕਾਰੀ ਕਾਲਜ ਦਾ ਦੋ ਰੋਜ਼ਾ ਟੈੱਕ ਫੈਸਟ ਸ਼ੁਰੂ, ਵਿੱਤ ਮੰਤਰੀ ਵੱਲੋਂ ਕਾਲਜ ਲਈ 15 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਸਥਾਨਕ ਸਰਕਾਰੀ ਕਾਲਜ ਵਿੱਚ ਕਰਵਾਏ ਜਾ ਰਹੇ ਦੋ ਰੋਜ਼ਾ ‘ਟੈੱਕ ਫੈਸਟ 2018’ ਦਾ ਉਦਘਾਟਨ ਕਰਦਿਆਂ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਅਧਿਆਪਕ ਦਾ ਯੋਗਦਾਨ ਬਹੁਤ ਅਹਿਮ ਹੁੰਦਾ ਹੈ ਤੇ ਅਧਿਆਪਕ ਸਦਕਾ ਹੀ ਇਨਸਾਨ ਬੁਲੰਦੀਆਂ ਹਾਸਿਲ ਕਰਦਾ ਹੈ। ਦੁਨੀਆ ਜਿੱਤਣ ਵਾਲੇ ਸਿਕੰਦਰ ਦੀ ਕਾਮਯਾਬੀੇ ਵਿਚ ਵੀ ਸੱਭ ਤੋਂ ਵੱਡਾ ਹੱਥ ਉਸ ਦੇ ਅਧਿਆਪਕ ਦਾ ਹੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ’ਚੋਂ ਉਨ੍ਹਾਂ ਨੂੰ ਸੂਬੇ ਦੀ ਬਦਲਦੀ ਤਕਦੀਰ ਨਜ਼ਰੀਂ ਪੈਂਦੀ ਹੈ। ਵਿੱਤ ਮੰਤਰੀ ਨੇ ਸਰਕਾਰੀ ਕਾਲਜ ਲਈ 15 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।
ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਆਜ਼ਾਦੀ ਹਾਸਿਲ ਕਰਨ ਲਈ ਸਾਡੇ ਵਡੇਰਿਆਂ ਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਤੇ 1947 ਦੀ ਵੰਡ ਵੇਲੇ ਲੱਖਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਹਾਸਿਲ ਕਰਨ ਲਈ ਜੂਝਣ ਵਾਲਿਆਂ ਨੂੰ ਆਸ ਸੀ ਕਿ ਅੰਗਰੇਜ਼ਾਂ ਦੇ ਇੱਥੋਂ ਚਲੇ ਜਾਣ ਤੋਂ ਬਾਅਦ ਉਹ ਇੱਜ਼ਤ ਦੀ ਰੋਟੀ ਕਮਾ ਕੇ ਮਾਣ ਨਾਲ ਜ਼ਿੰਦਗੀ ਬਸਰ ਕਰ ਸਕਣਗੇ, ਪਰ ਆਜ਼ਾਦੀ ਦੇ 70 ਸਾਲ ਬੀਤ ਜਾਣ ਤੋਂ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ ਤੇ ਇਨ੍ਹਾਂ ਦੀ ਪੂਰਤੀ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਸਾਂ ਸਾਲਾਂ ਦੌਰਾਨ ਪੰਜਾਬ ਦੀ ਇੱਛਾ ਮੁਤਾਬਿਕ ਵਖ਼ਤ ਨੇ ਕਰਵਟ ਨਹੀਂ ਬਦਲੀ ਤੇ ਪੰਜਾਬ ਪੱਛੜ ਗਿਆ ਹੈ। ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆਉਣ ਲਈ ਸਾਰੇ ਪੰਜਾਬੀਆਂ ਨੂੰ ਹੱਡ ਭੰਨਵੀਂ ਮਿਹਨਤ ਕਰਨੀ ਪਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਉਹ ਰਾਜਨੀਤੀ ਵਿਚ ਆਏ ਹਨ ਉਦੋਂ ਤੋਂ ਹੀ ਉਹ ਵਿੱਦਿਅਕ ਅਦਾਰਿਆਂ ਦੇ ਸਮਾਗਮਾਂ ਵਿਚ ਜਾਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਵਿਦਿਆਰਥੀਆਂ ਦਰਮਿਆਨ ਜਾ ਕੇ ਉਨ੍ਹਾਂ ਨੂੰ ਅਸੀਮ ਖੁਸ਼ੀ ਹੁੰਦੀ ਹੈ। ਸ: ਬਾਦਲ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ ਬਹੁਤ ਮਹਾਨ ਅਤੇ ਅਮੀਰ ਹੈ ਤੇ ਨੌਜਵਾਨ ਪੀੜ੍ਹੀ ਦਾ ਇਸ ਵਿਰਾਸਤ ਨਾਲ ਜੁੜਨਾ ਲਾਜ਼ਮੀ ਹੈ, ਕਿਉਂਕਿ ਕਿਸੇ ਵੀ ਦੇਸ਼ ਦੀ ਪਛਾਣ ਉਸ ਦੀਆਂ ਸਰਹੱਦਾਂ ਦੇ ਨਾਲ-ਨਾਲ ਉਸ ਦੇ ਲੋਕਾਂ ਦੇ ਕਿਰਦਾਰ ਤੋਂ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਕੌਮ ਦੀ ਰਾਖੀ ਲਈ ਆਪਣੇ ਲੱਖਾਂ ਪੁੱਤ ਵਾਰੇ ਹਨ, ਪਰ ਅੱਜ ਫੌਜ ਵਿਚ ਪੰਜਾਬ ਦੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋਣ ਵਾਸਤੇ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਨੂੰ ਕਿਹਾ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਸਰਕਾਰੀ ਕਾਲਜ ਮੁਹਾਲੀ ਦੇ ਘੱਟੋ ਘੱਟ 10 ਵਿਦਿਆਰਥੀ ਹਰ ਸਾਲ ਫੌਜ ਵਿਚ ਭਰਤੀ ਲਈ ਇਮਤਿਹਾਨ ਜ਼ਰੂਰ ਦੇਣ।
ਇਸ ਮੌਕੇ ਸਾਬਕਾ ਡੀ.ਪੀ.ਆਈ (ਕਾਲਜਾਂ) ਸ੍ਰੀਮਤੀ ਰੂਪ ਅੌਲਖ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਸਮਾਗਮ ਦੇ ਮੁੱਖ ਮਹਿਮਾਨ ਸ: ਬਾਦਲ ਦਾ ਸਵਾਗਤ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੂਹ ਪੰਜਾਬੀਆਂ ਲਈ ਰੋਲ ਮਾਡਲ ਹਨ, ਜਿਹੜੇ ਪੰਜਾਬ ਦੀ ਤਰੱਕੀ ਲਈ ਦਿਨ-ਰਾਤ ਅਣਥੱਕ ਮਿਹਨਤ ਕਰ ਰਹੇ ਹਨ। ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸ੍ਰੀਮਤੀ ਬਰੋਕਾ ਨੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ੍ਹ ਦੇ ਨਾਲ-ਨਾਲ ਕਿਤਾਬਾਂ ਦਾ ਸੈੱਟ ਵੀ ਭੇਟ ਕੀਤਾ। ਟੈੱਕ ਫੈਸਟ ਦੇ ਪਹਿਲੇ ਦਿਨ ਆਈ.ਟੀ.ਕੁਇਜ਼, ਕੋਡ ਕੌਮਬੈਟ, ਫੇਸ ਪੇਂਟਿੰਗ, ਇਨੋਵੇਟਿਵ ਸਾਇੰਸ ਮਾਡਲਜ਼, ਵੈੱਬ ਡਿਜ਼ਾਈਨਿੰਗ, ਆਈ.ਟੀ.ਸਕਿੱਟ ਅਤੇ ਬਾਇਓ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਉਦਘਾਟਨੀ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਡਵੈਂਸ ਸੈਂਟਰ ਫਾਰ ਟੈਕਨੀਕਲ ਡਿਵੈਲਪਮੈਂਟ ਆਫ਼ ਪੰਜਾਬੀ ਲੈਂਗੁਏਜ਼ ਐਂਡ ਕਲਚਰ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਗੁਰਪ੍ਰੀਤ ਸਿੰਘ ਲਹਿਲ, ਆਰਗੇਨਾਈਜ਼ਿੰਗ ਕਮੇਟੀ ਦੇ ਕਨਵੀਨਰ ਡਾ: ਗੁਰਦੀਪ ਸਿੰਘ ਸੇਖੋਂ ਸਮੇਤ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …