Nabaz-e-punjab.com

ਮੁਹਾਲੀ ਦੇ ਕਈ ਥਾਣਿਆਂ ਦੇ ਐਸਐਚਓ ਤਬਦੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪੁਲੀਸ ਦੀ ਕਾਰਗੁਜ਼ਾਰੀ ਵਿੱਚ ਹੋਰ ਵਧੇਰੇ ਸੁਧਾਰ ਅਤੇ ਪਾਰਦਰਸ਼ਤਾ ਲਿਆਉਣ ਲਈ ਕਈ ਥਾਣਿਆਂ ਦੇ ਐਸਐਚਓ ਤਬਦੀਲ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸੋਹਾਣਾ ਦੇ ਐਸਐਸਓ ਮਨਫੂਲ ਸਿੰਘ ਨੂੰ ਇੱਥੋਂ ਬਦਲ ਕੇ ਬਲੌਂਗੀ ਥਾਣੇ ਦਾ ਐਸਐਚਓ ਲਗਾਇਆ ਗਿਆ ਹੈ। ਇੰਸਪੈਕਟਰ ਮਨਫੂਲ ਸਿੰਘ ਪਹਿਲਾਂ ਵੀ ਥਾਣਾ ਬਲੌਂਗੀ ਦੇ ਐਸਐਚਓ ਵਜੋਂ ਸੇਵਾ ਨਿਭਾ ਚੁੱਕੇ ਹਨ। ਇੰਝ ਹੀ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਦੀ ਬਦਲੀ ਨਾਰਨੋਟਿਕ ਸੈੱਲ ਵਿੱਚ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਥਾਂ ’ਤੇ ਸਬ ਇੰਸਪੈਕਟਰ ਰਾਜੀਵ ਕੁਮਾਰ ਨੂੰ ਫੇਜ਼-1 ਥਾਣੇ ਦਾ ਨਵਾਂ ਐਸਐਚਓ ਲਗਾਇਆ ਗਿਆ ਹੈ। ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਬਦਲੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕਰ ਦਿੱਤੀ ਗਈ ਸੀ। ਇੰਸਪੈਕਟਰ ਰਾਜੇਸ਼ ਤਸ਼ਹੀਰ ਨੂੰ ਸੋਹਾਣਾ ਥਾਣੇ ਦਾ ਨਵਾਂ ਐਸਐਚਓ ਲਾਇਆ ਗਿਆ ਹੈ।
ਥਾਣਾ ਮਟੌਰ ਦੇ ਐਸਐਚਓ ਇੰਸਪੈਕਟਰ ਜਗਦੇਵ ਸਿੰਘ ਨੂੰ ਇੱਥੋਂ ਬਦਲ ਕੇ ਥਾਣਾ ਫੇਜ਼-11 ਦਾ ਐਸਐਚਓ ਲਗਾਇਆ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੂੰ ਥਾਣਾ ਮਟੌਰ ਦਾ ਨਵਾਂ ਐਸਐਚਓ ਤਾਇਨਾਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਜਬਰ ਜਨਾਹ ਦੇ ਮਾਮਲੇ ਵਿੱਚ ਪੀੜਤ ਅੌਰਤ ਦੀ ਸ਼ਿਕਾਇਤ ’ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਨਾ ਕਰਨ ਦੇ ਡਿਊਟੀ ਵਿੱਚ ਕਥਿਤ ਅਣਗਹਿਲੀ ਦੇ ਦੋਸ਼ ਵਿੱਚ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲੀਸ ਸੂਤਰਾਂ ਅਨੁਸਾਰ ਹਾਲ ਹੀ ਵਿੱਚ ਗਿੱਲ ਨੂੰ ਪੈਂਡਿੰਗ ਇਨਕੁਆਰੀ ਬਹਾਲ ਕਰ ਦਿੱਤਾ ਗਿਆ ਹੈ। ਉਂਜ ਉਹ ਪਹਿਲਾਂ ਹੀ ਥਾਣਾ ਮਟੌਰ ਦੇ ਐਸਐਚਓ ਵਜੋਂ ਡਿਊਟੀ ਨਿਭਾ ਚੁੱਕੇ ਹਨ।
ਉਧਰ, ਪੁਲੀਸ ਮੁਖੀ ਨੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਖਰੜ ਕੈਂਪਸ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੂੰ ਡਿਊਟੀ ਵਿੱਚ ਕਥਿਤ ਕੋਤਾਹੀ ਦੇ ਦੋਸ਼ ਵਿੱਚ ਮੁਅੱਤਲ ਕੀਤਾ ਗਿਆ ਹੈ। ਇੰਸਪੈਕਟਰ ਸਿੱਧੂ ’ਤੇ ਬੀਤੀ 2 ਮਈ ਨੂੰ ਜ਼ੀਰਕਪੁਰ ਦੇ ਪਿੰਡ ਪੀਰਮੁਛੱਲਾ ਦੇ ਇਕ ਜਿਊਲਰ ਦੇ ਘਰ ਵਿੱਚ ਅੌਰਤ ਅਤੇ ਉਸ ਦੇ ਬੱਚਿਆਂ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੁੱਟਣ ਦੇ ਮਾਮਲੇ ਵਿੱਚ ਸਹੀ ਤਰੀਕੇ ਨਾਲ ਜਾਂਚ ਨਾ ਕਰਨ ਦਾ ਦੋਸ਼ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਡੀਜੀਪੀ ਵੱਲੋਂ ਰੂਪਨਗਰ ਰੇਂਜ ਦੀ ਆਈਜੀ ਵੀ ਨੀਰਜ਼ਾ ਦੀ ਅਗਵਾਈ ਹੇਠ ਨਵੇਂ ਸਿਰਿਓਂ ਸਿੱਟ ਦਾ ਗਠਨ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੀ 12 ਜੁਲਾਈ ਨੂੰ ਮੁਹਾਲੀ ਦੇ ਤਤਕਾਲੀ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਸੱਦ ਕੇ ਪੀਰਮੁਛੱਲਾ ਡਕੈਤੀ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਮੁੱਖ ਮੁਲਜ਼ਮ ਸਮੇਤ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ ਅਤੇ ਮੁਲਜ਼ਮਾਂ ਕੋਲੋਂ 26 ਲੱਖ ਰੁਪਏ ਦੀ ਨਗਦੀ, ਇਕ ਖਿਡੌਣਾ ਪਿਸਤੌਲ, ਦੋ ਮੋਬਾਈਲ ਫੋਨ, ਇਕ ਸਵਿਫ਼ਟ ਕਾਰ ਬਰਾਮਦ ਕੀਤੀ ਗਈ ਸੀ। ਪ੍ਰੰਤੂ ਹੁਣ ਇਸ ਤਾਜ਼ਾ ਕਾਰਵਾਈ ਕਾਰਨ ਪੁਲੀਸ ਦੀ ਪੁਰਾਣੀ ਜਾਂਚ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …