
ਚੰਨੀ ਨੇ ਕਾਂਗਰਸ ਦਾ ਪ੍ਰਵਾਸੀਆਂ ਪ੍ਰਤੀ ਨਜ਼ਰੀਆ ਬਿਆਨ ਕੀਤਾ: ਗਿਆਨ ਚੰਦ ਗੁਪਤਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨੀਂ ਪ੍ਰਵਾਸੀਆਂ ਲਈ ਵਰਤੇ ਗਏ ਸ਼ਬਦਾਂ ਲਈ ਸਖ਼ਤ ਨਿਖੇਧੀ ਕਰਦਿਆਂ ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਜਿਸ ਤਰਾਂ ਪ੍ਰਿਅੰਕਾ ਗਾਂਧੀ ਦੀ ਹਾਜ਼ਰੀ ਵਿੱਚ ਯੂਪੀ, ਬਿਹਾਰ, ਦਿੱਲੀ ਦੇ ਲੋਕਾਂ ਲਈ ‘‘ਭਈਏ’’ ਸ਼ਬਦ ਵਰਤਣਾ ਸਬੰਧਤ ਸੂਬਿਆਂ ਦੇ ਵਸਨੀਕਾਂ ਦੀ ਬੇਇੱਜ਼ਤੀ ਕਰਨਾ ਹੈ। ਜਿਸ ਤਰ੍ਹਾਂ ਪੰਜਾਬੀਆਂ ਨੂੰ ਯੂਪੀ, ਬਿਹਾਰ ਵਿੱਚ ਪੂਰਾ ਇੱਜ਼ਤ ਮਾਣ ਦਿੱਤਾ ਜਾਂਦਾ ਹੈ, ਓਵੇਂ ਪ੍ਰਵਾਸੀਆਂ ਨੂੰ ਬਣਦਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ।
ਉਹ ਮੁਹਾਲੀ ਵਿੱਚ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਸੀ। ਉਨ੍ਹਾਂ ਨਾਲ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਭਾਜਪਾ ਆਗੂਆਂ ਨੇ 21 ਨੁਕਾਤੀ ਮੁਹਾਲੀ ਦੇ ਵਿਕਾਸ ਦਾ ਵਿਸ਼ੇਸ਼ ਮਾਡਲ ਮੈਨੀਫੈਸਟੋ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਵਿੱਚ ਵੰਡੀਆਂ ਪਾ ਕੇ ਰਾਜ ਕਰਨਾ ਚਾਹੁੰਦੀ ਹੈ। ਜਦਕਿ ਭਾਜਪਾ ਨੇ ਹਮੇਸ਼ਾ ਦੇਸ਼ ਦੇ ਸਾਰੇ ਨਾਗਰਿਕ ਨੂੰ ਗਲ ਨਾਲ ਲਗਾ ਕੇ ਸਨਮਾਨ ਦਿੱਤਾ ਹੈ ਅਤੇ ਕਿਸੇ ਨਾਲ ਜਾਤੀ ਜਾਂ ਧਰਮ ਸਬੰਧੀ ਵਿਤਕਰਾ ਨਹੀਂ ਕੀਤਾ।
ਗਿਆਨ ਚੰਦ ਗੁਪਤਾ ਨੇ ਕਾਂਗਰਸ ’ਤੇ ਵਰ੍ਹਦੇ ਹੋਏ ਕਿਹਾ ਕਿ ਅਸੀਂ ਸਭ ਭਾਰਤ ਵਾਸੀ ਹਾਂ ਜਦਕਿ ਕਾਂਗਰਸ ਨੇ ਹਮੇਸ਼ਾ ਭਾਰਤੀਆਂ ਨੂੰ ਧਰਮਾ, ਜਾਤਾਂ ਜਾਂ ਰਾਜਾਂ ਵਿੱਚ ਵੰਡਣ ਦੀ ਰਾਜਨੀਤੀ ਖੇਡੀ ਹੈ। ਚੰਨੀ ਦੇ ਇਸ ਬਿਆਨ ਨਾਲ ਇਹ ਵੀ ਸਿੱਧ ਹੋ ਗਿਆ ਹੈ ਕਿ ਕਾਂਗਰਸੀਆਂ ਵਿੱਚ ਪ੍ਰਵਾਸੀਆਂ ਲਈ ਕਿੰਨੀ ਕੁ ਇੱਜ਼ਤ ਹੈ। ਕਾਂਗਰਸ ਪ੍ਰਵਾਸੀਆਂ ਨੂੰ ਸਿਰਫ਼ ਵੋਟ ਬੈਂਕ ਵਜੋਂ ਇਸਤੇਮਾਲ ਕਰਦੀ ਹੈ। ਇਨ੍ਹਾਂ ਚੋਣਾਂ ਵਿੱਚ ਦੇਸ਼ ਵਿੱਚ ਵੰਡੀਆਂ ਪਾਉਣ ਵਾਲੀ ਕਾਂਗਰਸ ਨੂੰ ਹੁਣ ਕੋਈ ਪ੍ਰਵਾਸੀ ਵੋਟ ਨਹੀਂ ਦੇਵੇਗਾ। ਉਨ੍ਹਾਂ ਨੇ ਪ੍ਰਿਅੰਕਾ ਗਾਂਧੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਮੰਚ ’ਤੇ ਖੜੇ ਹੋ ਕੇ ਜੇਕਰ ਸੂਬੇ ਦਾ ਮੁੱਖ ਮੰਤਰੀ ਯੂਪੀ, ਬਿਹਾਰ ਵਾਲਿਆਂ ਦੀ ਬੇਇੱਜ਼ਤੀ ਕਰਦਾ ਹੈ ਅਤੇ ਪ੍ਰਿਅੰਕਾ ਗਾਂਧੀ ਵੀਡੀਓ ਵਿੱਚ ਨਾਲ ਖੜੀ ਤਾੜੀਆਂ ਮਾਰ ਕੇ ਹੱਸ ਰਹੀ ਸੀ।