nabaz-e-punjab.com

ਮੁਹਾਲੀ ਸ਼ਹਿਰ ਵਿੱਚ ਬਿਜਲੀ-ਪਾਣੀ ਦੀ ਮਾੜੀ ਸਪਲਾਈ ਕਾਰਨ ਵਿੱਚ ਹਾਹਾਕਾਰ ਮਚੀ

ਸਥਾਨਕ ਲੋਕਾਂ ਨੂੰ ਲੋੜ ਤੋਂ ਅੱਧੀ ਪਚੰਦੀ ਵੀ ਨਹੀਂ ਮਿਲਦੀ ਪਾਣੀ ਸਪਲਾਈ, ਬਿਜਲੀ ਸਪਲਾਈ ਦਾ ਵੀ ਮਾੜਾ ਹਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ
ਪਿਛਲੇ ਕੁਝ ਦਿਨਾਂ ਤੋੱ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਅਤੇ ਬਿਜਲੀ ਸਪਲਾਈ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਜਿਸ ਕਾਰਨ ਆਮ ਲੋਕਾਂ ਦੀ ਪਰੇਸ਼ਾਨੀ ਬਹੁਤ ਵੱਧ ਗਈ ਹੈ। ਜੇਕਰ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਗੱਲ ਕਰੀਏ ਤਾਂ ਇਸ ਦੀ ਬਦਹਾਲੀ ਦੀ ਸ਼ੁਰੂਆਤ ਤਾਂ ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਹੋ ਗਈ ਸੀ ਅਤੇ ਪਾਣੀ ਦਾ ਪ੍ਰੈਸ਼ਰ ਘੱਟ ਹੋ ਜਾਣ ਕਾਰਨ ਉਪਰਲੀਆਂ ਮੰਜ਼ਲਾਂ ਤੇ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ। ਇਸ ਦੌਰਾਨ ਭਾਵੇਂ ਨਗਰ ਨਿਗਮ ਵਲੋੱ ਸ਼ਹਿਰ ਵਾਸੀਆਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਦੌਰਾਨ ਟੂਟੀਆਂ ਤੋੱ ਸਿੱਧੇ ਪਾਈਪ ਲਗਾ ਕੇ ਗੱਡੀਆਂ ਧੋਣ ਅਤੇ ਬਗੀਚਿਆਂ ਨੂੰ ਪਾਣੀ ਦੇਣ ਸਮੇਤ ਪਾਣੀ ਦੀ ਦੁਰਵਰਤੋਂ ਦੀਆਂ ਕਾਰਵਾਈਆਂ ਤੇ ਰੋਕ ਦੇ ਹੁਕਮ ਜਾਰੀ ਕੀਤੇ ਸਨ ਪਰੰਤੂ ਇਹਨਾਂ ਨੂੰ ਠੀਕ ਢੰਗ ਨਾਲ ਲਾਗੂ ਨਾ ਕਰਵਾਏ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਰਹੀ ਹੈ।
ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਵਾਸੀਆਂ ਨੂੰ ਸਵੇਰੇ ਸ਼ਾਮ ਸਿਰਫ਼ 2-2 ਘੰਟੇ ਲਈ ਹੀ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਇਸ ਦੌਰਾਨ ਵੀ ਪਾਣੀ ਦਾ ਪੂਰਾ ਪ੍ਰੈਸ਼ਰ ਨਾ ਹੋਣ ਕਾਰਨ ਉਪਰਲੀਆਂ ਮੰਜ਼ਿਲਾਂ ਤੇ ਪਾਣੀ ਦੀ ਸਪਲਾਈ ਲਗਭਗ ਠੱਪ ਹੈ। ਲੋਕਾਂ ਨੂੰ ਆਪਣੇ ਰੋਜ਼ਾਨਾ ਜ਼ਰੂਰਤ ਦਾ ਪਾਣੀ ਹੇਠਲੀ ਮੰਜ਼ਿਲ ਤੋੱ ਬਾਲਟੀਆਂ ਵਿੱਚ ਭਰ ਕੇ ਲਿਜਾਣਾ ਪੈਂਦਾ ਹੈ ਅਤੇ ਇਸ ਕਾਰਨ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਤਕਲੀਫਾਂ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਅਸਲ ਵਿੱਚ ਪੀਣ ਵਾਲੇ ਪਾਣੀ ਦੀ ਇਸ ਸਮੱਸਿਆ ਦੇ ਮੂਲ ਵਿੱਚ ਪਾਣੀ ਦੀ ਮੰਗ ਅਤੇ ਸਪਲਾਈ ਵਿਚਲਾ ਵੱਡਾ ਫਰਕ ਹੈ। ਸ਼ਹਿਰ ਵਿੱਚ ਜਿਥੇ 30 ਐਮ.ਜੀ.ਡੀ. ਪਾਣੀ ਦੀ ਲੋੜ ਪੈਂਦੀ ਹੈ ਉਥੇ ਪਾਣੀ ਦੀ ਉਪਲਬਧਤਾ ਇਸ ਦੇ ਅੱਧੇ ਤੋੱ ਵੀ ਘੱਟ ਹੈ। ਇਸ ਸਬੰਧੀ ਮਿਉਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਵੱਲੋਂ ਕਈ ਸਾਲ ਪਹਿਲਾਂ ਮਾਣਯੋਗ ਅਦਾਲਤ ਵਿੱਚ ਕੇਸ ਕੀਤੇ ਜਾਣ ਤੋੱ ਬਾਅਦ ਗਮਾਡਾ ਵੱਲੋਂ ਅਦਾਲਤ ਵਿੱਚ ਹਲਫ਼ੀਆਂ ਬਿਆਨ ਦੇ ਕੇ ਕਜੌਲੀ ਵਾਟਰ ਵਰਕਸ ਤੋਂ ਮੁਹਾਲੀ ਵਾਸਤੇ ਵੱਖਰੀ ਪਾਈਪ ਲਾਈਨ ਪਾਉਣ ਅਤੇ ਇਸਦਾ ਕੰਮ ਤਿੰਨ ਸਾਲ ਪਹਿਲਾਂ (2014 ਵਿੱਚ) ਮੁਕੰਮਲ ਕਰਨ ਦੀ ਗੱਲ ਕੀਤੀ ਗਈ ਸੀ ਪ੍ਰੰਤੂ ਉਸ ਦਾ ਕੰਮ ਹੁਣ ਤੱਕ ਲਮਕਦਾ ਹੋਣ ਕਾਰਨ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਉਸੇ ਤਰ੍ਹਾਂ ਬਣੀ ਹੋਈ ਹੈ।
ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਾਲ ਨਾਲ ਪਿਛਲੇ ਸਮੇਂ ਦੌਰਾਨ ਸ਼ਹਿਰ ਦੀ ਬਿਜਲੀ ਸਪਲਾਈ ਦੀ ਵਿਵਸਥਾ ਵੀ ਬੁਰੀ ਤਰ੍ਹਾਂ ਹਿੱਲ ਗਈ ਹੈ। ਬਿਜਲੀ ਸਪਲਾਈ ਦੀ ਹਾਲਤ ਇਹ ਹੈ ਕਿ ਵਿਭਾਗ ਵਲੋੱ ਬਿਨਾਂ ਕੋਈ ਅਗਾਊਂ ਜਾਣਕਾਰੀ ਦਿੱਤਿਆਂ ਲੰਮੇ ਬਿਜਲੀ ਕੱਟ ਲਗਾਏ ਜਾ ਰਹੇ ਹਨ ਅਤੇ ਇਸ ਕਾਰਨ ਇਸ ਹੁਮਸ ਭਰੀ ਗਰਮੀ ਦੇ ਇਸ ਮੌਸਮ ਵਿੱਚ ਆਮ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਦਿਨ ਵਿੱਚ ਤਾਂ ਬਿਜਲੀ ਵਿੱਚ ਅਣਐਲਾਨੇ ਕੱਟ ਲੱਗ ਹੀ ਰਹੇ ਹਨ। ਰਾਤ ਨੂੰ ਵੀ ਕਈ ਵਾਰ ਬਿਜਲੀ ਸਪਲਾਈ ਥੋੜ੍ਹੇ ਥੋੜ੍ਹੇ ਸਮੇੱ ਲਈ ਬੰਦ ਹੋ ਜਾਂਦੀ ਹੈ। ਲੋਕਾਂ ਦੀ ਇਹ ਵੀ ਸ਼ਿਕਾਇਤ ਹੈ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਉਹਨਾਂ ਦਾ ਸ਼ਿਕਾਇਤ ਨਹੀਂ ਸੁਣਦੇ ਅਤੇ ਉਹਨਾਂ ਨੂੰ ਇੱਕ ਨੰਬਰ ਵਿਸ਼ੇਸ਼ ਤੇ ਸ਼ਿਕਾਇਤ ਦੇਣ ਲਈ ਕਿਹਾ ਜਾਂਦਾ ਹੈ ਪ੍ਰੰਤੂ ਉਹ ਨੰਬਰ ਕੋਈ ਚੁੱਕਦਾ ਹੀ ਨਹੀਂ ਹੈ।
ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਅਤੇ ਪਛੜੀ ਸ਼੍ਰੇਣੀਆਂ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ ਦਾ ਕਹਿਣਾ ਹੈ ਕਿ ਸ਼ਹਿਰ ਵਾਸੀਆਂ ਵਿੱਚ ਆਮ ਚਰਚਾ ਹੋਣ ਲੱਗ ਗਈ ਹੈ ਕਿ ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਨਵੀਂ ਸਰਕਾਰ ਬਿਜਲੀ ਸਪਲਾਈ ਨੂੰ ਠੀਕ ਰੱਖਣ ਵਿੱਚ ਨਾਕਾਮ ਸਾਬਿਤ ਹੋਈ ਹੈ ਅਤੇ ਪਿਛਲੀ ਸਰਕਾਰ ਵੇਲੇ ਬਿਜਲੀ ਸਪਲਾਈ ਬਹੁਤ ਬਿਹਤਰ ਹਾਲਤ ਵਿੱਚ ਸੀ ਜਿਸ ਕਾਰਨ ਨਵੀਂ ਸਰਕਾਰ ਦੀ ਕਾਰਗੁਜਾਰੀ ਤੇ ਹੀ ਸਵਾਲੀਆ ਨਿਸ਼ਾਨ ਉਠ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਸਰਕਾਰ ਵੱਲੋਂ ਇਸ ਸਬੰਧੀ ਸਥਾਨਕ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਦੀ ਸਮੀਖਿਆ ਕੀਤੀ ਜਾਵੇ ਅਤੇ ਸ਼ਹਿਰ ਵਿਚਲੀ ਬਿਜਲੀ ਪਾਣੀ ਸਮੱਸਿਆ ਦੇ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲੇ।
ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਵੇ: ਬੇਦੀ
ਮਿਉਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ (ਜਿਨ੍ਹਾਂ ਵੱਲੋਂ ਸ਼ਹਿਰ ਵਿੱਚ ਪੀਣ ਵਾਲੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ) ਦਾ ਕਹਿਣਾ ਹੈ ਕਿ ਮੁਹਾਲੀ ਪ੍ਰਸ਼ਾਸਨ ਦੀ ਨਾ ਅਹਿਮੀਅਤ ਦਾ ਅੰਦਾਜਾ ਸ਼ਹਿਰ ਵਿਚਲੀ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਮਾੜੀ ਹਾਲਤ ਤੋਂ ਲਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਇੱਕ ਦੂਜੇ ਦੇ ਸਿਰ ਜ਼ਿੰਮੇਵਾਰੀ ਸੁੱਟ ਕੇ ਆਪਣੇ ਹੱਥ ਝਾੜਣ ਦੇ ਯਤਨ ਕਰਦੇ ਹਨ ਅਤੇ ਪ੍ਰਸ਼ਾਸ਼ਨ ਵੱਲੋਂ ਸਬੰਧਤ ਅਧਿਕਾਰੀਆਂ ਅਤੇ ਕਰਚਮਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਨ ਸਿਹਤ ਵਿਭਾਗ ਦੇ ਅਧਿਕਾਰੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਪਾਰਟੀ ਦੀ ਸਪਲਾਈ ਉੱਪਰ ਅਸਰ ਹੋਣ ਦਾ ਬਹਾਨਾ ਲਗਾਉਂਦੇ ਹਨ ਅਤੇ ਬਿਜਲੀ ਵਿਭਾਗ ਕਿਤੇ ਕੇਬਲ ਟੁੱਟਣ ਅਤੇ ਕਿਤੇ ਕੋਈ ਹੋਰ ਫਾਲਟ ਹੋਣ ਦਾ ਬਹਾਨਾ ਲਗਾ ਦਿੰਦਾ ਹੈ ਪਰੰਤੂ ਆਮ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਸਬੰਧਿਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਉਹਨਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਵਰਨਾ ਲੋਕਾਂ ਦਾ ਰੋਹ ਜੇਕਰ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਲੋਕ ਸਰਕਾਰ ਦੇ ਖ਼ਿਲਾਫ਼ ਸੜਕਾਂ ’ਤੇ ਆ ਜਾਣਗੇ।

Load More Related Articles

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…