ਚੱਪੜਚਿੜੀ ਖ਼ੁਰਦ ਵਿੱਚ ਮਹਿਲਾ ਸਰਪੰਚ ਨੇ ਦਿੱਤਾ ਕਰੋਨਾ ਤੋਂ ਬਚਾਅ ਲਈ ਜਾਗਰੂਕਤਾ ਦਾ ਹੋਕਾ

ਕਈ ਪਿੰਡਾਂ ਵਿੱਚ ਲੋਕ ਠੀਕਰੀ ਪਹਿਰੇ ਲਗਾਉਣ ਬਾਰੇ ਅਣਜਾਣ ਪਰ ਮਾਸਕ ਜ਼ਰੂਰ ਪਾਉਣ ਲੱਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਪਿੰਡਾਂ ਵਿੱਚ ਕਰੋਨਾ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਚਿੰਤਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਪਿੰਡ ਵਾਸੀਆਂ ਨੂੰ ਆਪੋ-ਆਪਣੇ ਪਿੰਡਾਂ ਵਿੱਚ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਦਾਖ਼ਲ ਹੋਣ ਦੇਣ ਦੀ ਅਪੀਲ ਕੀਤੀ ਗਈ ਜੋ ਕਰੋਨਾਵਾਇਰਸ ਤੋਂ ਮੁਕਤ ਹੋਣ। ਇਹੀ ਨਹੀਂ ਕੈਪਟਨ ਵੱਲੋਂ ਕਰੋਨਾ ਮੁਕਤ ਪਿੰਡ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਰਗਰਮ ਹੋ ਗਏ ਹਨ।
ਇੱਥੋਂ ਦੇ ਇਤਿਹਾਸਕ ਪਿੰਡ ਚੱਪੜਚਿੜੀ ਖ਼ੁਰਦ ਦੀ ਸਰਪੰਚ ਬੀਬੀ ਰਾਜਵੀਰ ਕੌਰ ਅਤੇ ਸਾਬਕਾ ਸਰਪੰਚ ਜ਼ੋਰਾ ਸਿੰਘ ਭੁੱਲਰ ਨੇ ਸ਼ੁੱਕਰਵਾਰ ਨੂੰ ਗਲੀ ਗਲੀ ਮੁਹੱਲੇ ਵਿੱਚ ਘੁੰਮ ਫਿਰ ਕੇ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਜਾਗਰੂਕਤਾ ਦਾ ਹੋਕਾ ਦਿੱਤਾ ਅਤੇ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਵਿੱਚ ਰਹਿਣ ਅਤੇ ਬਾਹਰ ਜਾਣ ਸਮੇਂ ਆਪਣੇ ਮੂੰਹ ’ਤੇ ਮਾਸਕ ਪਾਉਣ ਦੀ ਅਪੀਲ ਕੀਤੀ ਗਈ। ਸਰਪੰਚ ਰਾਜਵੀਰ ਕੌਰ ਨੇ ਰਿਹਾਇਸ਼ੀ ਖੇਤਰ ਵਿੱਚ ਖੁੱਲ੍ਹੀਆਂ ਰਾਸ਼ਨ ਦੀਆਂ ਦੁਕਾਨਾਂ ਅਤੇ ਸੜਕ ਕਿਨਾਰੇ ਦੁਕਾਨਦਾਰੀ ਕਰਦੇ ਵਿਅਕਤੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨਬਿੰਨ ਪਾਲਣਾ ਕਰਨ ਅਤੇ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਇਸ ਦੌਰਾਨ ਸਰਪੰਚ ਨੇ ਪਿੰਡ ਵਿੱਚ ਬਿਨਾਂ ਤੋਂ ਦਾਖ਼ਲ ਮੋਟਰ ਸਾਈਕਲ ’ਤੇ ਦਾਖ਼ਲ ਹੋ ਰਹੇ ਨੌਜਵਾਨ ਨੂੰ ਰੋਕ ਕੇ ਤਾੜਨਾ ਕਰਦਿਆਂ ਮੂੰਹ ’ਤੇ ਮਾਸਕ ਲਗਾਉਣ ਲਈ ਪ੍ਰੇਰਿਆ।
ਸਰਪੰਚ ਰਾਜਵੀਰ ਕੌਰ ਨੇ ਦੱਸਿਆ ਕਿ ਭਾਵੇਂ ਹਾਲੇ ਤੱਕ ਪਿੰਡ ਦੇ ਕਿਸੇ ਐਂਟਰੀ ਪੁਆਇੰਟ ’ਤੇ ਪਹਿਰਾ ਨਹੀਂ ਲਗਾਇਆ ਗਿਆ ਹੈ ਪ੍ਰੰਤੂ ਪਿੰਡ ਵਾਸੀ ਪੂਰੀ ਤਰ੍ਹਾਂ ਸਾਵਧਾਨੀ ਵਰਤ ਰਹੇ ਹਨ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਵਾਸੀਆਂ ਨਾਲ ਸਲਾਹ ਮਸ਼ਵਰਾ ਕਰਕੇ ਸਾਰੇ ਐਂਟਰੀ ਪੁਆਇੰਟਾਂ ’ਤੇ ਪਹਿਰਾ ਲਗਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਸੂਬੇਦਾਰ ਸੁਰਜੀਤ ਸਿੰਘ ਵੀ ਹਾਜ਼ਰ ਸਨ।
ਉਧਰ, ਨੇੜਲੇ ਪਿੰਡ ਕੈਲੋਂ ਸਮੇਤ ਹੋਰ ਕਈ ਪਿੰਡਾਂ ਵਿੱਚ ਐਂਟਰੀ ਪੁਆਇੰਟ ’ਤੇ ਪਹਿਰੇ ਲਗਾਏ ਗਏ ਹਨ ਪ੍ਰੰਤੂ ਕੁੱਝ ਪਿੰਡ ਹਾਲੇ ਵੀ ਅਜਿਹੇ ਹਨ, ਜਿੱਥੋਂ ਦੇ ਵਸਨੀਕ ਬਾਹਰੀ ਵਿਅਕਤੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਈ ਪਹਿਰੇ ਲਗਾਉਣ ਤੋਂ ਅਣਜਾਣ ਹਨ। ਇੰਜ ਹੀ ਉੱਕਾ ਦੁੱਕਾ ਅਜਿਹੇ ਲੋਕ ਵੀ ਮਿਲੇ ਹਨ। ਜਿਨ੍ਹਾਂ ਦਾ ਕਹਿਣਾ ਸੀ ਕਿ ਹਾਲੇ ਪਿੰਡਾਂ ਵਿੱਚ ਕਰੋਨਾ ਦਾ ਕੋਈ ਖ਼ਤਰਾ ਨਹੀਂ ਹੈ। ਸਾਨੂੰ ਕੁੱਝ ਹੋਣ ਵਾਲਾ ਨਹੀਂ ਹੈ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…