Nabaz-e-punjab.com

ਚੱਪੜਚਿੜੀ ਜੰਗੀ ਯਾਦਗਾਰ ਪਹੁੰਚ ਸੜਕ ਤੇ ਚੱਪੜਚਿੜੀ ਲਿੰਕ ਸੜਕ ਦੀ ਹਾਲਤ ਖਸਤਾ, ਲੋਕ ਪ੍ਰੇਸ਼ਾਨ

ਮੁਹਾਲੀ ਤੋਂ ਫਤਿਹ ਮੀਨਾਰ ਤੱਕ ਕਿਸੇ ਹਾਲਤ ਵਿੱਚ ਨਹੀਂ ਬਣ ਸਕਦੀ ਸੜਕ: ਉੱਚ ਅਧਿਕਾਰੀ

ਸਾਬਕਾ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਦੀਆਂ ਕੋਸ਼ਿਸ਼ਾਂ ਨੂੰ ਵੀ ਨਹੀਂ ਪਿਆ ਬੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਸਥਿਤ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਬਣਾਈ ਗਈ ਜੰਗੀ ਯਾਦਗਾਰ ਤੱਕ ਪਹੁੰਚ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੋਈ ਹੈ। ਜਿਸ ਕਾਰਨ ਸ਼ਰਧਾਲੂਆਂ ਅਤੇ ਇੱਧਰੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਝ ਹੀ ਲਾਂਡਰਾਂ ਖਰੜ ਮੁੱਖ ਮਾਰਗ ਤੋਂ ਜੰਗੀ ਯਾਦਗਾਰ ਨੇੜੇ ਗੁਰਦੁਆਰਾ ਸਾਹਿਬ ਫਤਹਿ-ਏ-ਜੰਗ ਤੱਕ ਆਉਂਦੀ ਦੂਜੀ ਲਿੰਕ ਸੜਕ ਦੀ ਹਾਲਤ ਵੀ ਕਾਫੀ ਮਾੜੀ ਹੈ। ਦੋਵੇਂ ਸੜਕਾਂ ਕੈਪਟਨ ਸਰਕਾਰ ਅਤੇ ਮੰਤਰੀਆਂ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਦਾ ਮੂੰਹ ਚਿੜਾ ਰਹੀਆਂ ਹਨ।
ਚੱਪੜਚਿੜੀ ਖ਼ੁਰਦ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਅਤੇ ਪੰਥਕ ਵਿਚਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰਾਂ ਦੀ ਬੇਧਿਆਨੀ ਕਾਰਨ ਮੁਹਾਲੀ ਤੋਂ ਚੱਪੜਚਿੜੀ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਪਹੁੰਚ ਲਿੰਕ ਸੜਕ ਬੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਸੜਕ ’ਤੇ ਡੂੰਘੇ ਖੱਡੇ ਪੈ ਗਏ ਹਨ। ਉਨ੍ਹਾਂ ਕਿਹਾ ਕਿ ਸਾਬਕਾ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਆਪਣੇ ਨਾਲ ਲੈ ਕੇ ਕਰੀਬ ਸਵਾ ਸਾਲ ਪਹਿਲਾਂ ਜੰਗੀ ਯਾਦਗਾਰ ਦਾ ਦੌਰਾ ਕਰਕੇ ਜਲਦੀ ਸੜਕ ਬਣਾਉਣ ਦੀ ਗੱਲ ਆਖੀ ਸੀ ਪਰ ਹੁਣ ਤੱਕ ਸੜਕ ਨਹੀਂ ਬਣੀ। ਇਸ ਸਬੰਧੀ ਗੁਰਦੁਆਰਾ ਸਾਹਿਬ ਫਤਹਿ-ਏ-ਜੰਗ ਚੱਪੜਚਿੜੀ ਦੇ ਪ੍ਰਧਾਨ ਜਗਤਾਰ ਸਿੰਘ, ਜਨਰਲ ਸਕੱਤਰ ਗੁਰਮੇਲ ਸਿੰਘ ਅਤੇ ਸਾਬਕਾ ਸਰਪੰਚ ਸੋਹਨ ਸਿੰਘ ਨੇ ਦੱਸਿਆ ਕਿ ਕਈ ਕਈ ਵਾਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ।
ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਨੇ ਦੱਸਿਆ ਕਿ ਚੱਪੜਚਿੜੀ ਜੰਗ ਯਾਦਗਾਰ ਬਣਾਉਣ ਤੋਂ ਬਾਅਦ ਪਿਛਲੀ ਅਕਾਲੀ ਸਰਕਾਰ ਨੇ ਯਾਦਗਾਰ ਦੀ ਸੰਭਾਲ ਲਈ ਠੋਸ ਕਦਮ ਨਹੀਂ ਚੁੱਕੇ। ਇਹ ਯਾਦਗਾਰ ਬਣਿਆ ਕਈ ਸਾਲ ਬੀਤ ਗਏ ਹਨ ਪ੍ਰੰਤੂ ਅਜੇ ਤਾਈਂ 328 ਫੁੱਟ ਉੱਚੀ ਫਤਿਹ ਮੀਨਾਰ ਨੂੰ ਲਿਫ਼ਟ ਤੱਕ ਨਹੀਂ ਜੁੜੀ। ਇਨਡੋਰ ਥੀਏਟਰ ਵੀ ਬੰਦ ਪਿਆ ਹੈ ਅਤੇ ਬੁੱਤਾਂ ਦੇ ਟਿੱਬਿਆਂ ਦੀ ਮਿੱਟੀ ਵੀ ਖੁਰਨੀ ਸ਼ੁਰੂ ਹੋ ਗਈ ਹੈ। ਓਪਨ ਥੀਏਟਰ ਵਿੱਚ ਵੀ ਘੱਟ ਹੀ ਪ੍ਰੋਗਰਾਮ ਹੁੰਦੇ ਹਨ।
ਉਧਰ, ਇਕ ਸੀਨੀਅਰ ਅਧਿਕਾਰੀ ਨੇ ਸਾਫ਼ ਲਫ਼ਜ਼ਾ ਵਿੱਚ ਆਖਿਆ ਕਿ ਕਿਸੇ ਵੀ ਹਾਲਤ ਵਿੱਚ ਮੁਹਾਲੀ ਤੋਂ ਸਿੱਧੀ ਫਤਿਹ ਮੀਨਾਰ ਤੱਕ ਸੜਕ ਨਹੀਂ ਬਣ ਸਕਦੀ ਹੈ। ਇਸ ਕਾਰਨ ਦੱਸਦਿਆਂ ਅਧਿਕਾਰੀ ਨੇ ਕਿਹਾ ਕਿ ਜੰਗੀ ਯਾਦਗਾਰ ਬਣਾਉਣ ਵੇਲੇ ਮਟੀਰੀਅਲ ਦੀ ਢੋਅ ਢੁਆਈ ਲਈ ਮਦਨਪੁਰਾ ਸੁਸਾਇਟੀ ਦੀ ਜ਼ਮੀਨ ’ਚੋਂ ਇਹ ਆਰਜ਼ੀ ਸੜਕ ਬਣਾਈ ਗਈ ਸੀ। ਇੱਧਰੋਂ ਲੰਘਣਾ ਵੀ ਗੈਰ ਕਾਨੂੰਨੀ ਹੈ। ਉਂਜ ਵੀ ਜ਼ਮੀਨ ਮਾਲਕਾਂ ਨੇ ਸੜਕ ਵਿੱਚ ਥਾਂ ਥਾਂ ਡੂੰਘੇ ਕੱਟ ਲਗਾ ਦਿੱਤੇ ਹਨ ਤਾਂ ਜੋ ਇੱਧਰੋਂ ਆਵਾਜਾਈ ਨਾ ਹੋ ਸਕੇ ਪ੍ਰੰਤੂ ਰਾਹਗੀਰਾਂ ਨੇ ਕੱਚੇ ’ਚੋਂ ਲੰਘਣ ਲਈ ਲਾਂਘਾ ਬਣਾ ਲਿਆ ਹੈ।
(ਬਾਕਸ ਆਈਟਮ)
ਪੀਡਬਲਿਊਡੀ ਵਿਭਾਗ ਦੇ ਐਸਡੀਓ ਗੌੜ ਨੇ ਦੱਸਿਆ ਕਿ ਚੱਪੜਚਿੜੀ ਖੁਰਦ ਤੋਂ ਗੁਰਦੁਆਰਾ ਸਾਹਿਬ ਤੱਕ ਲਿੰਕ ਸੜਕ ਨੂੰ ਨਵੇਂ ਸਿਰਿਓਂ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ ਅਤੇ ਕਾਫੀ ਹੱਦ ਤੱਕ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਚੱਪੜਚਿੜੀ ਸੜਕ ਟੁੱਟੀ ਹੈ ਲੇਕਿਨ ਹੁਣ ਜਿੱਥੇ ਪਾਣੀ ਦੀ ਜ਼ਿਆਦਾ ਮਾਰ ਪੈਂਦੀ ਹੈ, ਉੱਥੇ ਵਧੀਆ ਇੰਟਰਲਾਕ ਟਾਈਲਾਂ ਲਾਈਆਂ ਜਾ ਰਹੀਆਂ ਹਨ ਅਤੇ ਬਾਕੀ ਸੜਕ ’ਤੇ ਪ੍ਰੀਮਿਕਸ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਰਸਾਤ ਸ਼ੁਰੂ ਹੋਣ ਕਾਰਨ ਕੰਮ ਥੋੜ੍ਹਾ ਪ੍ਰਭਾਵਿਤ ਹੋਇਆ ਹੈ ਪ੍ਰੰਤੂ ਮੌਸਮ ਚੰਗਾ ਹੋਣ ’ਤੇ ਇਹ ਕੰਮ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹ ਕੇ ਸੜਕ ਨੂੰ ਆਵਾਜਾਈ ਲਈ ਖੋਲ੍ਹਿਆ ਜਾਵੇਗਾ।
(ਬਾਕਸ ਆਈਟਮ)
ਚੱਪੜਚਿੜੀ ਜੰਗ ਯਾਦਗਾਰ ਦੇ ਮੈਨੇਜਰ ਤੇਜਿੰਦਰ ਸਿੰਘ ਨੇ ਦੱਸਿਆ ਕਿ 328 ਫੁੱਟ ਉੱਚੀ ਫਤਿਹ ਮੀਨਾਰ ਨੂੰ ਲਿਫ਼ਟ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਗਲੇ 10-15 ਦਿਨਾਂ ਤੱਕ ਇਕ ਲਿਫ਼ਟ ਚਾਲੂ ਹੋ ਜਾਵੇਗੀ। ਇਸ ਤੋਂ ਬਾਅਦ ਦੂਜੀ ਲਿਫ਼ਟ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸੜਕਾਂ ਦੀ ਮਾੜੀ ਹਾਲਤ ਬਾਰੇ ਮੈਨੇਜਰ ਨੇ ਕਿਹਾ ਕਿ ਇਹ ਕੰਮ ਦੂਜੇ ਵਿਭਾਗਾਂ ਦਾ ਹੈ। ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…