
ਪੰਜਵੀਂ ਜਮਾਤ ਦੀ ਵਿਦਿਆਰਥਣ ਚਰਨਪ੍ਰੀਤ ਕੌਰ ਭਾਸ਼ਣ ਮੁਕਾਬਲੇ ਵਿੱਚ ਅੱਵਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਸਿੱਖਿਆ ਵਿਭਾਗ ਪੰਜਾਬ ਵੱਲੋਂ 75 ਸਾਲਾ ਆਜ਼ਾਦੀ ਸਮਾਗਮ ਦੇ ਮੱਦੇਨਜ਼ਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੌਰਾਨ ਭਾਸ਼ਣ ਮੁਕਾਬਲੇ ਦੀ ਲੜੀ ਵਿੱਚ ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-11 ਦੀ ਪੰਜਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਚਰਨਪ੍ਰੀਤ ਕੌਰ ਨੇ ਬਲਾਕ ਅਤੇ ਤਹਿਸੀਲ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਚਰਨਪ੍ਰੀਤ ਕੌਰ ਦੀ ਮਾਤਾ ਤੇ ਸੋਸ਼ਲ ਵਰਕਰ ਸ੍ਰੀਮਤੀ ਸੋਨੀਆ ਸੰਧੂ ਨੇ ਕਿਹਾ ਕਿ ਇਸ ਕਾਮਯਾਬੀ ਪਿੱਛੇ ਜਿੱਥੇ ਉਸ ਦੀ ਧੀ ਦੀ ਅਣਥੱਕ ਮਿਹਨਤ ਹੈ, ਉੱਥੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਰਮਿੰਦਰ ਕੌਰ ਦਾ ਮਾਰਗ ਦਰਸ਼ਨ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚਰਨਪ੍ਰੀਤ ਕੌਰ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਕਈ ਵਿੱਦਿਅਕ ਮੁਕਾਬਲੇ ਜਿੱਤ ਚੁੱਕੀ ਹੈ। ਚਰਨਪ੍ਰੀਤ ਕੌਰ ਗਿੱਧੇ ਅਤੇ ਭੰਗੜੇ ਦੀ ਵੀ ਬਹੁਤ ਸ਼ੌਕੀਨ ਹੈ। ਹੁਣ ਤੱਕ ਉਹ ਸਟੇਜਾਂ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੀ ਹੈ।