ਆਵਾਰਾ ਪਸ਼ੂ ਕਾਰਨ ਚਾਵਲਾ ਚੌਂਕ ਫੇਜ਼-7 ਨੇੜੇ ਵਾਪਰੇ ਹਾਦਸੇ ਮੋਟਰ ਸਾਈਕਲ ਚਾਲਕ ਦੀ ਮੌਤ, ਪਤਨੀ ਜ਼ਖ਼ਮੀ

ਮੁਹਾਲੀ ਨਿਗਮ ਦੇ ਕਮਿਸ਼ਨਰ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖ ਕੇ ਗਊ ਦੇ ਮਾਲਕ ਨੂੰ ਲੱਭ ਕੇ ਕੇਸ ਦਰਜ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਸਥਾਨਕ ਫੇਜ਼-7 ਵਿੱਚ ਚਾਵਲਾ ਚੌਂਕ ਤੋਂ ਮਟੌਰ ਨੂੰ ਜਾਂਦੀ ਸੜਕ ਉੱਪਰ ਅੱਜ ਸਵੇਰੇ ਆਵਾਰਾ ਪਸ਼ੂ ਕਾਰਨ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਮੋਟਰ ਸਾਈਕਲ ਦੇ ਪਿੱਛੇ ਬੈਠੀ ਉਸ ਦੀ ਪਤਨੀ ਜ਼ਖ਼ਮੀ ਹੋ ਗਈ। ਇਸ ਹਾਦਸੇ ਵਿੱਚ ਗਊ ਵੀ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 6.30 ਵਜੇ ਦੇ ਕਰੀਬ ਫੇਜ਼-7 ਦੇ ਚਾਵਲਾ ਚੌਂਕ ਤੋਂ ਮਟੌਰ ਨੂੰ ਜਾਂਦੀ ਸੜਕ ਤੇ ਰਜਿੰਦਰ ਕੁਮਾਰ ਉਮਰ (40 ਸਾਲ) ਅਤੇ ਉਸਦੀ ਪਤਨੀ ਸੁਮਨ (ਦੋਵੇਂ ਵਸਨੀਕ ਸੈਕਟਰ-52 ਚੰਡੀਗੜ੍ਹ) ਆਪਣੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਉਦਯੋਗਿਕ ਖੇਤਰ ਫੇਜ਼-7 ਦੀ ਸਿੰਗਮਾ ਕੰਪਨੀ ਵੱਲ ਜਾ ਰਹੇ ਸਨ, ਜਿਥੇ ਕਿ ਇਹ ਦੋਵੇਂ ਸਫਾਈ ਦਾ ਕੰਮ ਕਰਦੇ ਸਨ। ਜਦੋਂ ਇਹ ਚਾਵਲਾ ਚੌਂਕ ਤੋਂ ਮਟੌਰ ਨੂੰ ਜਾਂਦੀ ਸੜਕ ਉਪਰ ਪਹੁੰਚੇ ਤਾਂ ਇਹਨਾਂ ਦੇ ਮੋਟਰਸਾਈਕਲ ਅੱਗੇ ਅਚਾਨਕ ਇਕ ਆਵਾਰਾ ਘੁੰਮਦੀ ਗਊ ਆ ਗਈ। ਜਿਸ ਨਾਲ ਇਹਨਾਂ ਦੇ ਮੋਟਰ ਸਾਈਕਲ ਦੀ ਟੱਕਰ ਹੋ ਗਈ।
ਇਸ ਹਾਦਸੇ ਵਿੱਚ ਦੋਵੇਂ ਮੋਟਰਸਾਈਕਲ ਸਵਾਰ ਪਤੀ ਪਤਨੀ ਹੇਠਾਂ ਡਿੱਗ ਪਏ। ਹਾਦਸੇ ਕਾਰਨ ਰਜਿੰਦਰ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋੱ ਕਿ ਉਸਦੀ ਪਤਨੀ ਸੁਮਨ ਨੂੰ ਸੱਟਾਂ ਵੱਜੀਆਂ। ਸੁਮਨ ਦੇ ਸਿਰ ਉੱਪਰ ਵੀ ਕਾਫੀ ਸੱਟ ਵਜੀ ਹੋਈ ਸੀ। ਘਟਨਾ ਸਥਾਨ ਉਪਰ ਕਾਫੀ ਖੂਨ ਡੁੱਲਿਆ ਹੋਇਆ ਸੀ ਅਤੇ ਮੋਟਰਸਾਈਕਲ ਦੇ ਟੁੱਟੇ ਪੁਰਜੇ ਸੜਕ ਉਪਰ ਖਿੱਲਰੇ ਪਏ ਸਨ। ਇਸ ਹਾਦਸੇ ਵਿੱਚ ਜਖਮੀ ਹੋਈ ਸੁਮਨ ਨੂੰ ਤੁਰੰਤ ਸਿਵਲ ਹਸਪਤਾਲ ਫੇਜ਼-6 ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਸਦੀ ਮੱਲਮ ਪੱਟੀ ਕਰਕੇ ਉਸ ਨੂੰ ਘਰ ਭੇਜ ਦਿੱਤਾ ਗਿਆ ਜਦੋਂਕਿ ਰਜਿੰਦਰ ਕੁਮਾਰ ਦੀ ਲਾਸ਼ ਨੂੰ ਵੀ ਸਿਵਲ ਹਸਪਤਾਲ ਫੇਜ਼6 ਵਿੱਚ ਰੱਖਿਆ ਗਿਆ ਹੈ। ਇਸ ਹਾਦਸੇ ਵਿੱਚ ਜਖਮੀ ਹੋਈ ਗਊ ਨੂੰ ਸਥਾਨਕ ਗਊਸ਼ਾਲਾ ਦੀ ਟੀਮ ਆਪਣੇ ਨਾਲ ਲੈ ਗਈ।
ਮ੍ਰਿਤਕ ਰਜਿੰਦਰ ਕੁਮਾਰ ਅਤੇ ਸੁਮਨ ਦੇ ਪੰਜ ਬੱਚੇ ਹਨ, ਜਿਹਨਾਂ ਵਿੱਚ ਚਾਰ ਲੜਕੀਆਂ ਅਤੇ ਇੱਕ ਲੜਕਾ ਸ਼ਾਮਲ ਹਨ। ਸਭ ਤੋਂ ਵੱਡੀ ਲੜਕੀ ਦੀ ਉਮਰ 20 ਸਾਲ ਹੈ ਤੇ ਉਹ ਸ਼ਾਦੀ ਸ਼ੁਦਾ ਹੈ। ਸਭ ਤੋਂ ਛੋਟੇ ਲੜਕੇ ਦੀ ਉਮਰ ਸਿਰਫ ਸੱਤ ਸਾਲ ਦੀ ਹੈ। ਇਹ ਪਰਿਵਾਰ ਸੈਕਟਰ-52 ਚੰਡੀਗੜ੍ਹ ਦੀਆਂ ਝੁੱਗੀਆਂ ਵਿੱਚ ਰਹਿੰਦਾ ਹੈ ਅਤੇ ਦੋਵੇੱ ਪਤੀ ਪਤਨੀ ਮੁਹਾਲੀ ਦੀ ਸਿੰਗਮਾ ਕੰਪਨੀ ਵਿੱਚ ਸਫਾਈ ਦਾ ਕੰਮ ਕਰਦੇ ਸਨ।
ਇਸ ਹਾਦਸੇ ਦੀ ਜਾਂਚ ਕਰ ਰਹੇ ਮਟੌਰ ਥਾਣੇ ਦੇ ਜਾਂਚ ਅਧਿਕਾਰੀ ਸਹਿਜਪ੍ਰੀਤ ਨੇ ਦੱਸਿਆ ਕਿ ਉਹਨਾਂ ਨੂੰ ਫੇਜ਼ 6 ਦੀ ਪੁਲੀਸ ਚੌਂਕੀ ਤੋੱ ਇਸ ਹਾਦਸੇ ਦੀ ਸੂਚਨਾ ਮਿਲੀ ਸੀ ਤੇ ਉਹ ਮੌਕੇ ਉਪਰ ਗਏ ਸਨ। ਉਹਨਾਂ ਕਿਹਾ ਕਿ ਪੁਲੀਸ ਨੇ ਇਸ ਸਬੰਧੀ ਧਾਰਾ 174 ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਸਥਾਨਕ ਗਊਸ਼ਾਲਾ ਦੇ ਪ੍ਰਬੰਧਕ ਪ੍ਰਦੀਪ ਕੁਮਾਰ ਨੇ ਕਿਹਾ ਕਿ ਉਹਨਾਂ ਵੱਲੋਂ ਨਗਰ ਨਿਗਮ ਮੁਹਾਲੀ ਨੂੰ ਕਈ ਵਾਰ ਬੇਨਤੀ ਕੀਤੀ ਗਈ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਡੰਗਰਾਂ ਨੂੰ ਕਾਬੂ ਕੀਤਾ ਜਾਵੇ ਪਰ ਨਗਰ ਨਿਗਮ ਵਲੋੱ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਬੇਜਬਾਨ ਪਸ਼ੂਆਂ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ।
ਮੁਹਾਲੀ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਘੁੰਮ ਰਹੇ ਆਵਾਰਾ ਪਸ਼ੂ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ। ਨਗਰ ਨਿਗਮ ਮੁਹਾਲੀ ਇਹਨਾਂ ਡੰਗਰਾਂ ਨੂੰ ਕਾਬੂ ਕਰਨ ਵਿਚ ਪੂਰੀ ਤਰਾਂ ਨਾਕਾਮ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਨਾਲ ਦੇ ਪਿੰਡਾਂ ਵਾਲਿਆਂ ਵੱਲੋਂ ਵੀ ਆਪਣੇ ਪਾਲਤੂ ਜਾਨਵਰ ਚਰਨ ਲਈ ਛੱਡੇ ਜਾਂਦੇ ਹਨ। ਜਿਸ ਕਾਰਨ ਸ਼ਹਿਰ ਵਿੱਚ ਗੰਦਗੀ ਤਾਂ ਫੈਲ ਹੀ ਰਹੀ ਹੈ, ਇਹਨਾਂ ਆਵਾਰਾ ਤੇ ਪਾਲਤੂ ਡੰਗਰਾਂ ਕਾਰਨ ਸੜਕ ਹਾਦਸੇ ਵੀ ਵਾਪਰ ਰਹੇ ਹਨ। ਜਿਹਨਾਂ ਕਾਰਨ ਕੀਮਤੀ ਮਨੁੱਖੀ ਜਾਨਾਂ ਦਾ ਨੁਕਸਾਨ ਹੋ ਰਿਹਾ ਹੈ।
ਉਧਰ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸਪੱਸ਼ਟ ਕੀਤਾ ਕਿ ਮੁਹਾਲੀ ਵਿੱਚ ਆਵਾਰਾ ਪਸ਼ੂਆਂ ਦੀ ਕੋਈ ਸਮੱਸਿਆ ਨਹੀਂ ਹੈ। ਪਾਰਕਾਂ ਅਤੇ ਸੜਕਾਂ ’ਤੇ ਘੁੰਮਦੇ ਪਾਲਤੂ ਪਸ਼ੂ ਹਨ। ਜਿਨ੍ਹਾਂ ਦੇ ਮਾਲਕ ਆਪਣੇ ਪਸ਼ੂਆਂ ਨੂੰ ਚਾਹ ਚਰਨ ਲਈ ਖੁੱਲ੍ਹਾ ਛੱਡ ਦਿੰਦੇ ਹਨ। ਇਸ ਸਬੰਧੀ ਕਮਿਸ਼ਨਰ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸੜਕ ਹਾਦਸੇ ਸਬੰਧੀ ਗਊ ਦੇ ਮਾਲਕ ਨੂੰ ਲੱਭ ਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…