
ਚਾਵਲਾ ਖ਼ੁਦਕੁਸ਼ੀ ਮਾਮਲਾ: ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੈਟਰੋਲ ਪੰਪਾਂ ਦੀ ਹੜਤਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਇੱਥੋਂ ਦੇ ਫੇਜ਼ 7 ਸਥਿਤ ਚਾਵਲਾ ਪੈਟਰੋਲ ਪੰਪ ਦੇ ਮਾਲਕ ਜੀਐਸ ਚਾਵਲਾ ਵੱਲੋਂ ਪਿਛਲੇ ਦਿਨੀਂ ਪੰਚਕੂਲਾ ਦੇ ਇਕ ਹੋਟਲ ਵਿੱਚ ਫਾਹਾ ਲਗਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਕਾਫੀ ਭਖ ਗਿਆ ਹੈ। ਚਾਵਲਾ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਦੀ ਹਮਾਇਤ ਕਰਦਿਆਂ ਪੈਟਰੋਲ ਪੰਪ ਡੀਲਰ ਫਰੈਟੀਨਿਟੀ ਪੰਜਾਬ ਦੇ ਸੱਦੇ ’ਤੇ ਬੁੱਧਵਾਰ ਨੂੰ ਮੁਹਾਲੀ ਦੇ ਸਮੂਹ ਪੈਟਰੋਲ ਪੰਪ ਬੰਦ ਰੱਖ ਕੇ ਹੜਤਾਲ ਕੀਤੀ ਗਈ। ਉਂਜ ਸਿਹਤ ਨਾਲ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਕਿਸੇ ਵਾਹਨ ਵਿੱਚ ਤੇਲ ਨਹੀਂ ਪਾਇਆ ਗਿਆ।
ਚਾਵਲਾ ਨੇ ਪੰਚਕੂਲਾ ਦੇ ਜਿਸ ਹੋਟਲ ਦੇ ਕਮਰੇ ਵਿੱਚ ਖ਼ੁਦਕੁਸ਼ੀ ਕੀਤੀ ਸੀ ਕਿ ਉਸ ਕਮਰੇ ’ਚੋਂ ਉਨ੍ਹਾਂ ਦਾ ਲਿਖਿਆ ਸੁਸਾਇਡ ਨੋਟ ਵੀ ਬਰਾਮਦ ਹੋਇਆ ਸੀ। ਜਿਸ ਵਿੱਚ ਸ੍ਰੀ ਚਾਵਲਾ ਨੇ ਕੁਝ ਵਿਅਕਤੀਆਂ ’ਤੇ ਉਨ੍ਹਾਂ ਦੀ ਆਰਥਿਕ ਲੁੱਟ ਕਰਨ ਦਾ ਦੋਸ਼ ਲਗਾਇਆ ਸੀ। ਸੁਸਾਇਡ ਨੋਟ ਦੇ ਆਧਾਰ ’ਤੇ ਪੁਲੀਸ ਵੱਲੋਂ ਕਈ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਸਵੇਰੇ 8 ਵਜੇ ਤੋਂ ਸ਼ਾਮ ਤੱਕ ਪੈਟਰੋਲ ਪੰਪ ਬੰਦ ਰਖੇ ਗਏ।
ਪੈਟਰੋਲ ਪੰਪਾਂ ਦੇ ਮਾਲਕਾਂ ਨੇ ਇਸ ਗੱਲ ਦਾ ਰੋਸ ਵੀ ਪ੍ਰਗਟਾਇਆ ਕਿ ਚੰਡੀਗੜ੍ਹ ਅਤੇ ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਤੇਲ ਉੱਤੇ ਵੈਟ ਜ਼ਿਆਦਾ ਹੋਣ ਕਾਰਨ ਉਹ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਮੁਹਾਲੀ, ਖਰੜ, ਜ਼ੀਰਕਪੁਰ, ਮੁੱਲਾਂਪੁਰ ਗਰੀਬਦਾਸ ਹੋਰ ਨੇੜਲੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਆਪਣੇ ਵਾਹਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਪੁਆਉਣ ਲਈ ਚੰਡੀਗੜ੍ਹ ਵੱਲ ਰੁੱਖ ਕਰਦੇ ਹਨ। ਜਿਸ ਕਾਰਨ ਮੁਹਾਲੀ ਜ਼ਿਲ੍ਹੇ ਦੇ ਪੈਟਰੋਲ ਪੰਪਾਂ ’ਤੇ ਸਨਾਟਾ ਪਸਰਿਆ ਰਹਿੰਦਾ ਹੈ। ਪੈਟਰੋਲ ਪੰਪ ਮਾਲਕਾਂ ਨੇ ਮੰਗ ਕੀਤੀ ਕਿ ਚਾਵਲਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਸਮੇਤ ਚੰਡੀਗੜ੍ਹ ਅਤੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਤੇਲ ਦੀਆਂ ਕੀਮਤਾਂ ਇਕ ਬਰਾਬਰ ਕੀਤੀਆਂ ਜਾਣ।