
ਗਰੀਬਾਂ, ਬੇਘਰਿਆਂ ਅਤੇ ਲੋੜਵੰਦਾਂ ਲਈ ਸਸਤਾ ਭੋਜਨ ਸਕੀਮ ਨੂੰ ਸਬ ਡਵੀਜਨ ਪੱਧਰ ਤੇ ਵੀ ਚਾਲੂ ਕੀਤਾ ਜਾਵੇਗਾ: ਡੀਸੀ ਸਪਰਾ
ਡੀਸੀ ਮੁਹਾਲੀ ਨੇ ਸਸਤਾ ਭੋਜਨ ਦੇ 250 ਪੈਕਟ ਵੰਡ ਕੇ ਸਕੀਮ ਨੂੰ ਕੀਤਾ ਪ੍ਰੀ-ਲਾਂਚ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ
ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਮੁਤਾਬਿਕ ਰਾਜ ਦੇ ਗਰੀਬਾਂ, ਬੇਘਰਿਆ ਅਤੇ ਲੋੜਵੰਦਾਂ ਨੂੰ ਸਸਤਾ ਖਾਣਾ ਮੁਹੱਈਆ ਕਰਾਉਣ ਦੇ ਮੱਦੇਨਜਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਸਮਾਜ ਸੇਵੀ ਸੰਸਥਾ ਇਸਤਰੀ ਸ਼ਕਤੀ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲੋੜਵੰਦਾਂ ਅਤੇ ਗਰੀਬਾਂ ਨੂੁੰ 10 ਰੁਪਏ ਦਾ ਵਧੀਆ ਸਾਫ ਸੁਥਰਾ ਅਤੇ ਹਾਈਜੈਨਿਕ ਦੁਪਹਿਰ ਦਾ ਖਾਣਾ ਮੁਹੱਈਆ ਕਰਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸਸਤਾ ਭੋਜਨ ਸਕੀਮ ਨੂੰ ਪ੍ਰੀ -ਲਾਂਚ ਕਰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੇ ਦਿਨ 250 ਲੋੜਵੰਦ ਵਿਅਕਤੀਆਂ ਨੁੰੂ ਦੁਪਹਿਰ ਦੇ ਖਾਣੇ ਦੇ ਪੈਕਟ ਅਤੇ ਪਾਣੀ ਮੁਹੱਈਆ ਕਰਵਾਇਆ ਗਿਆ ਹੈ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਸਕੀਮ ਨੂੰ ਪ੍ਰੀ-ਲਾਂਚ ਕਰਨ ਦਾ ਮੁੱਖ ਮੰਤਵ ਜੋ ਕਮੀਆਂ ਰਹਿ ਜਾਣਗੀਆਂ ਉਹ ਦੂਰ ਕੀਤੀਆਂ ਜਾਣਗੀਆਂ, 5 ਅਤੇ 6 ਮਈ ਨੁੰੂ ਸਸਤਾ ਭੋਜਨ ਸਕੀਮ ਤਹਿਤ ਜੂਡੀਸੀਅਲ ਕੋਰਟ ਕੰਪਲੈਕਸ ਵਿਖੇ 12.30 ਤੋਂ 2.30 ਵਜੇ ਤੱਕ 300 ਪੈਕਟ ਖਾਣੇ ਦੇ ਵੰਡੇ ਜਾਣਗੇ ਅਤੇ ਇਹ ਪੈਕਟ ਕੇਵਲ 10 ਰੁਪਏ ਪ੍ਰਤੀ ਪੈਕਟ ਮੁਹੱਈਆ ਕਰਵਾਏ ਜਾਣਗੇ। ਜਿਸ ਵਿੱਚ ਸਬਜੀ, ਅਚਾਰ ਅਤੇ ਪੰਜ ਰੁਮਾਲੀ ਰੋਟੀਆਂ ਹੁੰਦੀਆਂ ਹਨ। ਇਹ ਸਸਤਾ ਭੋਜਨ ਲੋੜਵੰਦਾਂ ਅਤੇ ਗਰੀਬਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਹੋਰ ਦੱਸਿਆ ਕਿ ਸਸਤਾ ਭੋਜਨ ਸਕੀਮ ਨੁੰੂ ਜੂਨ ਮਹੀਨੇ ਤੋਂ ਸਬ ਡਵੀਜਨ ਪੱਧਰ ਤੇ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਨਗਰ ਕੌਂਸਲਾਂ ਅਤੇ ਪੰਚਾਇਤਾਂ ਨਾਲ ਤਾਲਮੇਲ ਕਰਕੇ ਕਮਿਉਨਿਟੀ ਰਸੋਈਆਂ ਸਥਾਪਿਤ ਕੀਤੀਆਂ ਜਾਣਗੀਆਂ ਤਾਂ ਜੋ ਹੋਰਨਾਂ ਲੋੜਵੰਦਾਂ ਨੂੰ ਵੀ ਸਸਤੇ ਰੇਟ ਤੇ ਦੁਪਹਿਰ ਦਾ ਖਾਣਾ ਮੁਹੱਈਆ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨੁੰੂ ਸਫਲਤਾ ਪੂਰਵਕ ਚਲਾਉਣ ਲਈ ਅਕਸਿਆਪਾਤਰਾਂ ਫਾਊਡੇਸਨ ਦਾ ਸਹਿਯੋਗ ਵੀ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ 08 ਮਈ ਤੋਂ ਸਸਤਾ ਭੋਜਨ ਸਕੀਮ ਨੂੰ ਮੁਹਾਲੀ ਸ਼ਹਿਰ ਦੀਆਂ ਤਿੰਨ ਥਾਵਾਂ ਸਿਵਲ ਹਸਪਤਾਲ ਫੇਜ਼ -6 ਅਤੇ ਨੇੜਲੇ ਬੱਸ ਸਟਾਪ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨੇੜੇ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਲੋੜਵੰਦਾਂ ਨੁੰੂ ਸਸਤਾ ਭੋਜਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਸਕੀਮ ਤਹਿਤ ਰੋਜਾਨਾ ਦੁਪਹਿਰ ਦੇ ਖਾਣੇ 500-500 ਪੈਕਟ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਇਸ ਮੌਕੇ ਖਾਣਾ ਖਾਣ ਵਾਲੇ ਲੋੜਵੰਦਾਂ ਨੁੰੂ ਅਪੀਲ ਕੀਤੀ ਕਿ ਉਹ ਖਾਣਾ ਖਾਣ ਤੋਂ ਬਾਅਦ ਖਾਲੀ ਪੈਕਟਾਂ ਨੁੰੂ ਕੇਵਲ ਡਸਟਬਿੰਨ ਵਿੱਚ ਹੀ ਸੁੱਟਣ ਅਤੇ ਤਾਂ ਜੋ ਸਫਾਈ ਰੱਖੀ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੀਡੀਏ ਨੂੰ ਵੀ ਸਸਤਾ ਭੋਜਨ ਸਕੀਮ ਦੀ ਸਫਲਤਾ ਲਈ ਆਪਣੇ ਵੱਡਮੁਲੇ ਸੁਝਾਅ ਦੇਣ ਲਈ ਆਖਿਆ ਤਾਂ ਜੋ ਇਸ ਸਕੀਮ ਨੂੰ ਸਫਲਤਾਂ ਨਾਲ ਚਲਾਇਆ ਜਾ ਸਕੇ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਨੇ ਪਹਿਲ ਕਦਮੀ ਕਰਦਿਆਂ ਲੋਕਾਂ ਦੀ ਸਹੂਲਤ ਲਈ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਪਾਸਪੋਰਟ ਸਬੰਧੀ ਸਾਰੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਬੀ.ਐਸ.ਐਨ.ਐਲ ਦੇ ਲੈਡ ਲਾਈਨ ਟੈਲੀਫੋਨ ਅਤੇ ਬਰੌਡਬੈਂਡ ਦੇ ਬਿਲ ਵੀ ਸੇਵਾ ਕੇਂਦਰਾਂ ਵਿੱਚ ਜਮ੍ਹਾ ਕਰਵਾਏ ਜਾ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ, ਐਸ.ਡੀ.ਐਮ ਅਨੁਪ੍ਰੀਤਾ ਜੌਹਲ, ਸਹਾਇਕ ਕਮਿਸ਼ਨਰ (ਜਨਰਲ) ਜਸਵੀਰ ਸਿੰਘ, ਮਿਉਂਸਪਲ ਕਾਰਪੋਰੇਸ਼ਨ ਦੇ ਅਸਿਸਟੈਂਟ ਕਮਿਸ਼ਨਰ ਸਰਬਜੀਤ ਸਿੰਘ, ਪੰਜਾਬ ਨੈਸ਼ਨਲ ਬੈਂਕ ਦੇ ਜ਼ਿਲ੍ਹਾ ਮੈਨੇਜਰ ਆਰ.ਕੇ. ਸੈਣੀ, ਜ਼ਿਲ੍ਹਾ ਰੈੱਡ ਕਰਾਸ ਦੇ ਸਕੱਤਰ ਸ੍ਰੀ ਰਾਜਮਲ, ਮਿਉਂਸਪਲ ਕੌਂਸਲਰ ਗੁਰਮੀਤ ਸਿੰਘ ਵਾਲੀਆ, ਸਮਾਜ ਸੇਵੀ ਪੀ.ਐਸ. ਵਿਰਦੀ, ਜਸਵੰਤ ਸਿੰਘ ਸੋਹਲ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ।