nabaz-e-punjab.com

ਅਕਾਲੀ ਦਲ ਸਰਕਲ ਪ੍ਰਧਾਨ ਗੁਰਮੀਤ ਸਿੰਘ ਸ਼ਾਮਪੁਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

‘ਮੇਰੇ ਖ਼ਿਲਾਫ਼ ਕੇਸ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ’: ਸ਼ਾਮਪੁਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਇੱਥੋਂ ਦੇ ਨੇੜਲੇ ਪਿੰਡ ਰਾਏਪੁਰ ਦੇ ਵਸਨੀਕ ਦੀਪ ਚੰਦ ਦੀ ਸ਼ਿਕਾਇਤ ’ਤੇ ਸੋਹਾਣਾ ਪੁਲੀਸ ਵੱਲੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਸ਼ਾਮਪੁਰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 406, 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਾਮਪੁਰ ਦੀ ਪਤਨੀ ਸ਼ਾਮਪੁਰ ਤੋਂ ਸਰਪੰਚੀ ਦੀ ਚੋਣ ਲੜ ਰਹੀ ਹੈ। ਸ਼ਿਕਾਇਤਕਰਤਾ ਅਨੁਸਾਰ ਰਾਏਪੁਰ ਵਿੱਚ ਰਾਮ ਸਰੂਪ ਨਾਂ ਦਾ ਇੱਕ ਬਜ਼ੁਰਗ ਛੜਾ ਰਹਿੰਦਾ ਸੀ। ਜਿਸ ਦੀ ਮੌਤ ਤੋਂ ਬਾਅਦ ਜ਼ਮੀਨ ਅਤੇ ਮਕਾਨ ਦਾ ਵਾਰਸ ਉਸਦਾ ਰਿਸ਼ਤੇਦਾਰ ਰਾਮਪਾਲ ਵਾਸੀ ਮੋਰਿੰਡਾ ਸੀ। ਰਾਮਪਾਲ ਨੇ ਬਜ਼ੁਰਗ ਦਾ ਮਕਾਨ ਵੇਚਣ ਲਈ ਉਨ੍ਹਾਂ ਦੇ ਪਿੰਡ ਦੇ ਰਵਿੰਦਰਪਾਲ ਨੂੰ ਕਿਹਾ ਸੀ। ਉਸ ਵੱਲੋਂ ਸਹਿਮਤੀ ਦੇਣ ’ਤੇ ਰਾਮਪਾਲ ਨੇ 7 ਲੱਖ ਵਿੱਚ ਸੌਦਾ ਤੈਅ ਕੀਤਾ ਸੀ ਅਤੇ ਰਾਮਪਾਲ ਨੇ ਮਕਾਨ ਦਾ ਕਬਜ਼ਾ ਕੁਝ ਦਿਨ ਬਾਅਦ ਦੇਣ ਦੀ ਗੱਲ ਆਖੀ ਸੀ।
ਸ਼ਿਕਾਇਤਕਰਤਾ ਅਨੁਸਾਰ ਰਾਮਪਾਲ ਨੂੰ ਉਸ ਸਮੇਂ 5 ਹਜ਼ਾਰ ਰੁਪਏ ਸਾਈ ਵਜੋਂ ਦਿੱਤੇ ਅਤੇ ਅਗਲੇ ਦਿਨ ਉਸਨੇ ਸਾਰੀ ਰਕਮ ਗਵਾਹਾਂ ਦੀ ਹਾਜ਼ਰੀ ਵਿੱਚ ਦਿੱਤੀ ਗਈ। ਕਰੀਬ 10 ਦਿਨਾਂ ਬਾਅਦ ਰਾਮਪਾਲ ਮਕਾਨ ਦਾ ਕਬਜ਼ਾ ਦੇਣ ਵੇਲੇ ਸ਼ੇਰ ਸਿੰਘ ਨਾਂ ਦੇ ਵਿਅਕਤੀ ਨੇ ਮੌਕੇ ’ਤੇ ਆ ਕੇ ਰਫੜ ਪਾ ਲਿਆ ਕਿ ਉਕਤ ਮਕਾਨ ਦੇ ਦੋ ਕਮਰੇ ਉਸਨੇ ਰਾਮ ਸਰੂਪ ਤੋਂ ਖਰੀਦੇ ਸਨ। ਇਸ ਉਪਰੰਤ ਮਕਾਨ ਦੇ ਕੱੁਝ ਹਿੱਸੇ ਦਾ ਕਬਜ਼ਾ ਰਾਮਪਾਲ ਵੱਲੋਂ ਉਸ ਨੂੰ ਦੇ ਦਿੱਤਾ।
ਦੀਪ ਚੰਦ ਅਨੁਸਾਰ 2-3 ਦਿਨਾਂ ਬਾਅਦ ਰਾਮਪਾਲ ਆਪਣੇ ਸਾਥੀਆਂ ਸਮੇਤ ਆਇਆ ਅਤੇ ਉਸਨੇ ਸ਼ੇਰ ਸਿੰਘ ਦਾ ਸਾਰਾ ਸਮਾਨ ਬਾਹਰ ਕੱਢ ਕੇ ਉਸ ਨੂੰ ਕਬਜ਼ਾ ਦੇ ਦਿੱਤਾ। ਲੇਕਿਨ ਕੁਝ ਸਮੇਂ ਬਾਅਦ ਸ਼ੇਰ ਸਿੰਘ ਵੀ ਉੱਥੇ ਪਹੁੰਚ ਗਿਆ ਅਤੇ ਇਨ੍ਹਾਂ ਦੋਵਾਂ ਵਿੱਚ ਝਗੜਾ ਹੋ ਗਿਆ। ਸ਼ੇਰ ਸਿੰਘ ਨੇ ਇੱਕ ਕਮਰੇ ਨੂੰ ਤਾਲਾ ਲਗਾ ਦਿੱਤਾ। ਦੀਪ ਚੰਦ ਮੁਤਾਬਕ ਇੱਕ ਦਿਨ ਅਵਤਾਰ ਸਿੰਘ ਰਾਹੀਂ ਉਸਦੀ ਮੁਲਾਕਾਤ ਅਕਾਲੀ ਆਗੂ ਗੁਰਮੀਤ ਸਿੰਘ ਨਾਲ ਹੋਈ। ਜਿਸਨੇ ਇਸ ਮਸਲੇ ਨਿਬੇੜਾ ਦਾ ਭਰੋਸਾ ਦਿੰਦਿਆਂ ਉਸ ਨੂੰ ਭਰੋਸੇ ਵਿੱਚ ਲੈ ਕੇ ਕਚਹਿਰੀਆ ਲੈ ਗਿਆ। ਜਿੱਥੇ ਉਸਨੇ ਰਾਮਪਾਲ ਨੂੰ ਵੀ ਸੱਦਿਆ ਹੋਇਆ ਸੀ। ਉਨ੍ਹਾਂ ਵੱਲੋਂ ਪਹਿਲਾਂ ਤੋਂ ਤਿਆਰ ਦਸਤਾਵੇਜਾਂ ਉੱਤੇ ਉਸਨੇ ਦਸਤਖਤ ਕਰ ਦਿੱਤੇ ਅਤੇ ਸ਼ਾਮਪੁਰ ਨੇ ਕਿਹਾ ਕਿ ਇਹ ਸੱਤ ਲੱਖ ਰੁਪਏ ਉਸ ਕੋਲ ਰਹਿਣਗੇ ਜੇ ਉਹ ਮਕਾਨ ਦਾ ਕਬਜ਼ਾ ਨਹੀਂ ਦਿਵਾ ਸਕਿਆ ਤਾਂ ਉਹ ਪੈਸੇ ਉਸ ਨੂੰ ਵਾਪਸ ਕਰ ਦੇਵੇਗਾ ਪ੍ਰੰਤੂ ਬਾਅਦ ਵਿੱਚ ਅਕਾਲੀ ਆਗੂ ਕਬਜ਼ਾਕਾਰਾਂ ਨਾਲ ਮਿਲ ਗਿਆ ਅਤੇ ਉਸ ਨੇ ਨਾ ਤਾਂ ਮਕਾਨ ਦਾ ਕਬਜ਼ਾ ਦਿਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸੋਹਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਅਕਾਲੀ ਆਗੂ ਗੁਰਮੀਤ ਸਿੰਘ ਸ਼ਾਮਪੁਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
(ਬਾਕਸ ਆਈਟਮ)
ਉਧਰ, ਅਕਾਲੀ ਆਗੂ ਗੁਰਮੀਤ ਸਿੰਘ ਸ਼ਾਮਪੁਰ ਦਾ ਕਹਿਣਾ ਹੈ ਕਿ ਉਸ ਨੂੰ 10 ਸਾਲ ਪੁਰਾਣੇ ਮਾਮਲੇ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ ਅਤੇ ਉਸ ਖ਼ਿਲਾਫ਼ ਦਰਜ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਉਸ ਦੀ ਪਤਨੀ ਸਰਪੰਚੀ ਦੀ ਚੋਣ ਲੜ ਰਹੀ ਹੈ ਅਤੇ ਉਸ ਦੀ ਜਿੱਤ ਵੀ ਲਗਭਗ ਤੈਅ ਹੈ। ਜਿਸ ਕਾਰਨ ਹੁਕਮਰਾਨਾਂ ਦੇ ਇਸ਼ਾਰੇ ’ਤੇ ਉਸ ਉੱਤੇ ਦਬਾਅ ਪਾਉਣ ਲਈ ਝੂਠਾ ਪੁਲੀਸ ਕੇਸ ਦਰਜ ਕੀਤਾ ਗਿਆ ਹੈ ਤਾਂ ਜੋ ਉਹ ਆਪਣੀ ਪਤਨੀ ਨੂੰ ਚੋਣ ਮੈਦਾਨ ’ਚੋਂ ਹਟਾ ਲਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…