ਠੱਗੀ ਦਾ ਮਾਮਲਾ: ਹਰਿਆਣਾ ਵਾਸੀ ਨੇ ਟਰੈਵਲ ਏਜੰਟ ਵਿਰੁੱਧ ਥਾਣੇ ’ਚ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਹਰਿਆਣਾ ਦੇ ਵਸਨੀਕ ਨਵੀਨ ਕੁਮਾਰ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਇਮੀਗਰੇਸ਼ਨ ਏਜੰਟ ਦੇ ਖ਼ਿਲਾਫ਼ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਪੀੜਤ ਨੇ ਮਟੌਰ ਥਾਣੇ ਵਿੱਚ ਸ਼ਿਕਾਇਤ ਦੇ ਕੇ ਉਸ ਨੂੰ ਇਨਸਾਫ਼ ਦੇਣ ਅਤੇ ਟਰੈਵਲ ਏਜੰਟ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਵ ਸੈਨਾ (ਹਿੰਦੁਸਤਾਨ) ਯੂਥ ਵਿੰਗ ਦੇ ਸੂਬਾ ਪ੍ਰਧਾਨ ਅਰਵਿੰਦ ਗੌਤਮ ਦੀ ਮੌਜੂਦਗੀ ਵਿੱਚ ਨਵੀਨ ਕੁਮਾਰ ਵਾਸੀ ਭਿਵਾਨੀ (ਹਰਿਆਣਾ) ਨੇ ਕਿਹਾ ਕਿ ਉਸ ਨੇ ਫਰਵਰੀ ਮਹੀਨੇ ਫੇਜ਼-3ਬੀ2 ਦੇ ਇੱਕ ਇਮੀਗਰੇਸ਼ਨ ਏਜੰਟ ਕੋਲ ਯੂਕੇ ਦਾ ਸਟੱਡੀ ਵੀਜ਼ਾ ਲੈਣ ਲਈ ਅਪਲਾਈ ਕੀਤਾ ਸੀ, ਉਸ ਸਮੇਂ ਏਜੰਟ ਨੇ ਉਸ ਨੂੰ ਇਕ ਮਹੀਨੇ ਵਿੱਚ ਵੀਜ਼ਾ ਦਿਵਾਉਣ ਦੀ ਗੱਲ ਕਹੀ ਸੀ ਅਤੇ ਉਸ ਨੂੰ 18 ਲੱਖ ਰੁਪਏ ਸ਼ੋ ਕਰਨ ਲਈ ਕਿਹਾ ਸੀ। ਜਦੋਂ ਉਸਨੇ ਏਜੰਟ ਨੂੰ ਉਸ ਕੋਲ ਐਨੇ ਪੈਸੇ ਨਾ ਹੋਣ ਬਾਰੇ ਦੱਸਿਆ ਤਾਂ ਉਸ ਨੂੰ ਭਰੋਸਾ ਦਿੱਤਾ ਗਿਆ ਕਿ ਫੰਡ ਦਾ ਬੰਦੋਬਸਤ ਕੰਪਨੀ ਕਰਵਾ ਦੇਵੇਗੀ ਪ੍ਰੰਤੂ ਉਸ ਨੂੰ 1 ਲੱਖ 26 ਹਜ਼ਾਰ ਰੁਪਏ ਅਡਵਾਂਸ ਜਮ੍ਹਾ ਕਰਵਾਉਣੇ ਪੈਣਗੇ। ਛੇ ਮਹੀਨੇ ਬਾਅਦ ਉਸ ਨੂੰ ਕਹਿ ਦਿੱਤਾ ਕਿ ਵੀਜ਼ਾ ਰਿਜੈਕਟ ਹੋ ਗਿਆ ਹੈ ਕਿਉਂਕਿ ਫੰਡ ਵੈਰੀਫਾਈ ਨਹੀਂ ਹੋਇਆ। ਇਸ ਤਰ੍ਹਾਂ ਆਨੇ ਬਹਾਨੇ ਕੰਪਨੀ ਹੁਣ ਤੱਕ ਉਸ ਕੋਲੋਂ ਛੇ ਲੱਖ ਰੁਪਏ ਵਸੂਲ ਚੁੱਕੀ ਹੈ ਅਤੇ ਹੁਣ ਕੋਈ ਆਈ ਗਈ ਨਹੀਂ ਦੇ ਰਹੇ ਹਨ।
ਸ਼ਿਵ ਸੈਨਾ (ਹਿੰਦੁਸਤਾਨ) ਯੂਥ ਵਿੰਗ ਦੇ ਸੂਬਾ ਪ੍ਰਧਾਨ ਅਰਵਿੰਦ ਗੌਤਮ ਨੇ ਕਿਹਾ ਕਿ ਨਵੀਨ ਕੁਮਾਰ ਕਾਫ਼ੀ ਸਮੇਂ ਤੋਂ ਟਰੈਵਲ ਏਜੰਟ ਦੇ ਦਫ਼ਤਰ ਦੇ ਚੱਕਰ ਲਗਾ ਰਿਹਾ ਹੈ। ਪਿਛਲੇ ਦਿਨੀਂ ਕਿਸੇ ਜਾਣਕਾਰ ਰਾਹੀਂ ਉਨ੍ਹਾਂ ਕੋਲ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਕਾਰਕੁਨਾਂ ਨੇ ਵੀ ਕੰਪਨੀ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਗਿਆ ਪ੍ਰੰਤੂ ਇਮੀਗਰੇਸ਼ਨ ਏਜੰਟ ਨੇ ਪੀੜਤ ਨੂੰ ਪੈਸੇ ਵਾਪਸ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਉਨ੍ਹਾਂ ਕਿਹਾ ਕਿ ਜੇ ਕੰਪਨੀ ਨੇ ਪੈਸੇ ਵਾਪਸ ਨਾ ਮੋੜੇ ਤਾਂ ਕੰਪਨੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਜਾਂਚ ਅਧਿਕਾਰੀ ਬਿੱਟੂ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਸ਼ਿਕਾਇਤ ਮਿਲੀ ਹੈ ਅਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਇਮੀਗਰੇਸ਼ਨ ਏਜੰਟ ਨੂੰ ਥਾਣੇ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…