
ਠੱਗੀ ਦਾ ਮਾਮਲਾ: ਐਸਐਸਪੀ ਦਫ਼ਤਰ ਬਾਹਰ ਧਰਨੇ ਦੀ ਧਮਕੀ ਤੋਂ ਬਾਅਦ ਫੜਿਆ ਟਰੈਵਲ ਏਜੰਟ
ਸ਼ਿਕਾਇਤਕਰਤਾ ਦੇ ਬੇਟੇ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 5 ਲੱਖ ਰੁਪਏ ਦੀ ਠੱਗੀ ਮਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਮੁਹਾਲੀ ਦੇ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਦੇਣ ਦੀ ਚਿਤਾਵਨੀ ਤੋਂ ਬਾਅਦ ਪੁਲੀਸ ਨੇ ਹਰਕਤ ਵਿੱਚ ਆ ਕੇ ਠੱਗੀ ਦੇ ਮਾਮਲੇ ਵਿੱਚ ਨਾਮਜ਼ਦ ਟਰੈਵਲ ਏਜੰਟ ਹਰਜਿੰਦਰ ਸਿੰਘ ਉਰਫ਼ ਹੈਰੀ ਵਾਸੀ ਸੈਕਟਰ-71 ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਹਰਜਿੰਦਰ ਸਿੰਘ ਹੈਰੀ ਨੇ ਉਸ ਦੇ ਬੇਟੇ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ ਸੀ ਅਤੇ ਇਸ ਕੰਮ ’ਤੇ 20 ਲੱਖ ਰੁਪਏ ਖ਼ਰਚ ਆਉਣ ਦੀ ਗੱਲ ਕਹੀ ਸੀ। ਜਿਸ ’ਚੋਂ 10 ਲੱਖ ਰੁਪਏ ਐਡਵਾਂਸ ਅਤੇ 10 ਲੱਖ ਰੁਪਏ ਬਾਅਦ ਵਿੱਚ ਦੇਣੇ ਤੈਅ ਹੋਇਆ ਸੀ। ਕੁੰਭੜਾ ਅਨੁਸਾਰ ਉਸ ਨੇ ਹੈਰੀ ’ਤੇ ਭਰੋਸਾ ਕਰਕੇ ਮੋਹਤਵਰ ਵਿਅਕਤੀਆਂ ਦੀ ਹਾਜ਼ਰੀ ਵਿੱਚ 10 ਲੱਖ ਰੁਪਏ ਐਡਵਾਂਸ (ਤਿੰਨ ਕਿਸ਼ਤਾਂ ਵਿੱਚ) ਆਪਣੇ ਘਰ ਸੱਦ ਕੇ ਦਿੱਤੇ ਸਨ ਅਤੇ ਹਰਜਿੰਦਰ ਸਿੰਘ ਨੇ ਉਸ ਦੇ ਬੇਟੇ ਹਰਦੀਪ ਸਿੰਘ ਦਾ ਪਾਸਪੋਰਟ ਅਤੇ ਆਈਡੀ ਪਰੂਫ਼ ਲੈ ਕੇ ਉਨ੍ਹਾਂ ਨੂੰ 2 ਮਹੀਨੇ ਵਿੱਚ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਸੀ।
ਬਲਵਿੰਦਰ ਕੁੰਭੜਾ ਨੇ ਕਿਹਾ ਕਿ ਸਮਾਂ ਪੂਰਾ ਹੋਣ ’ਤੇ ਉਨ੍ਹਾਂ ਨੇ ਹਰਜਿੰਦਰ ਸਿੰਘ ਨਾਲ ਵਰਕ ਪਰਮਿਟ ਬਾਰੇ ਗੱਲ ਕੀਤੀ ਤਾਂ ਉਸ ਨੇ ਝੂਠੇ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਦੋਂ ਉਨ੍ਹਾਂ ਨੇ ਟਰੈਵਲ ਏਜੰਟ ਦੇ ਘਰ ਗੇੜੇ ਮਾਰੇ ਤਾਂ ਉਸ ਨੇ ਉਨ੍ਹਾਂ ਨੂੰ ਮੁੰਬਈ ਸੱਦ ਲਿਆ ਅਤੇ ਕਹਿਣ ਲੱਗਾ ਕਿ ਕੰਪਨੀ ਨੇ ਅਚਾਨਕ ਜਵਾਬ ਦੇ ਦਿੱਤਾ ਹੈ ਅਤੇ ਉਹ ਇੱਕ ਹਫ਼ਤੇ ਤੱਕ ਘਰ ਆ ਕੇ ਉਸ ਦੀ ਅਮਾਨਤ ਵਾਪਸ ਕਰ ਦੇਵੇਗਾ। ਕੁਝ ਦਿਨ ਬਾਅਦ ਉਹ ਇੱਥੇ ਆਇਆ ਅਤੇ ਉਸਨੇ ਆਪਣੀ ਮਾਂ ਦੇ ਖਾਤੇ ’ਚੋਂ ਚੈੱਕ ਰਾਹੀਂ 5 ਲੱਖ ਰੁਪਏ ਵਾਪਸ ਕਰ ਦਿੱਤੇ ਅਤੇ ਬਾਕੀ ਪੰਜ ਲੱਖ ਰੁਪਏ ਦੇਣ ਤੋਂ ਟਾਲ ਮਟੋਲ ਕਰਨ ਲੱਗ ਪਿਆ। ਜਿਸ ਕਾਰਨ ਉਨ੍ਹਾਂ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਉਕਤ ਟਰੈਵਲ ਏਜੰਟ ਖ਼ਿਲਾਫ਼ ਧਾਰਾ 406, 420 ਅਤੇ ਪੰਜਾਬ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੇ ਤਹਿਤ ਪਰਚਾ ਦਰਜ ਕਰ ਲਿਆ ਪ੍ਰੰਤੂ ਕੇਸ ਦਰਜ ਕਰਨ ਦੇ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਕੁੰਭੜਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਭਲਕੇ 9 ਮਈ ਨੂੰ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਸੀ। ਜਿਸ ਕਾਰਨ ਪੁਲੀਸ ਨੇ ਹਰਕਤ ਵਿੱਚ ਆਉਂਦਿਆਂ ਅੱਜ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।