nabaz-e-punjab.com

ਮੁਹਾਲੀ ਵਿੱਚ ਡਾਇਮੰਡ ਤੇ ਹੀਰਿਆਂ ਦੇ ਵਪਾਰੀ ਨਾਲ ਪੌਣੇ 23 ਕਰੋੜ ਦੀ ਠੱਗੀ, ਕੇਸ ਦਰਜ, ਸਾਰੇ ਮੁਲਜ਼ਮ ਫਰਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਇੱਥੋਂ ਦੇ ਫੇਜ਼-5 ਵਿੱਚ ਸਥਿਤ ਡਾਇਮੰਡ ਅਤੇ ਹੀਰਿਆਂ ਦੇ ਵਪਾਰੀ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਸਬੰਧੀ ਮੁਹਾਲੀ ਪੁਲੀਸ ਨੇ ਥਾਣਾ ਫੇਜ਼-1 ਵਿੱਚ ਅਨਮੋਲ ਰਤਨ ਜਿਊਲਰਜ਼ ਨਾਲ 22 ਕਰੋੜ 80 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਅਸ਼ੋਕ ਮਿੱਤਲ, ਚੇਤਨਾ ਮਿੱਤਲ, ਅਦਿੱਤੀ ਮਿੱਤਲ, ਅਰਪਿਤ ਮਿੱਤਲ, ਰਾਜ ਰਾਣੀ ਮਿੱਤਲ, ਵਿਨੋਦ ਮਿੱਤਲ ਸਮੇਤ ਕੁਝ ਹੋਰ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਧਾਰਾ 406, 420, 506 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅਨਮੋਲ ਰਤਨ ਜਿਊਲਰਜ ਦੇ ਪ੍ਰਬੰਧਕ ਵਿਕਾਸ ਵਾਲੀਆ ਨੇ ਦੱਸਿਆ ਕਿ ਉਹ ਪਿਛਲੇ 30 ਸਾਲਾਂ ਤੋਂ ਮੁਹਾਲੀ, ਦਿੱਲੀ, ਮੁੰਬਈ ਅਤੇ ਸੂਰਤ ਵਿੱਚ ਡਾਇਮੰਡ, ਹੀਰਿਆਂ ਅਤੇ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਕਰਦੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਇੱਕ ਜਾਣਕਾਰ ਨੇ ਅਸ਼ੋਕ ਮਿੱਤਲ ਨਾਲ ਮਿਲਵਾਇਆ ਸੀ। ਉਸ ਸਮੇਂ ਅਸ਼ੋਕ ਮਿੱਤਲ ਦੀ ਮਨੀਮਾਜਰਾ ਵਿੱਚ 2 ਡਾਇਮੰਡ ਦੀਆਂ ਕੰਪਨੀਆਂ ਸਨ, ਜੋ ਵਿਦੇਸ਼ਾਂ ਵਿੱਚ ਡਾਇਮੰਡ ਐਕਸਪੋਰਟ ਕਰਨ ਦਾ ਕੰਮ ਕਰਦੀਆਂ ਸਨ। ਇਕ ਦਿਨ ਅਰਪਿਤ ਮਿੱਤਲ ਨੇ ਉਨ੍ਹਾਂ ਨੂੰ ਐਕਸਪੋਰਟ ਕੀਤਾ ਡਾਇਮੰਡ 25 ਤੋਂ 20 ਫੀਸਦੀ ਡਾਇਮੰਡ ਸਸਤਾ ਦੇਣ ਦੀ ਗੱਲ ਆਖੀ ਤਾਂ ਉਹ ਉਨ੍ਹਾਂ ਦੇ ਝਾਂਸੇ ਵਿੱਚ ਆ ਗਏ ਅਤੇ ਉਕਤ ਵਿਅਕਤੀਆਂ ਨੇ ਪਹਿਲਾਂ ਉਨ੍ਹਾਂ ਕੋਲੋਂ 4 ਕਰੋੜ 37 ਲੱਖ ਰੁਪਏ ਨਕਦ ਲੈ ਲਏ, ਇਸ ਮਗਰੋਂ 9 ਕਰੋੜ 45 ਲੱਖ ਰੁਪਏ ਬੈਂਕ ਰਾਹੀਂ ਹਾਸਲ ਕੀਤੇ ਗਏ। ਅਰਪਿਤ ਮਿੱਤਲ ਨੇ ਇਹ ਪੈਸੇ ਆਪਣੇ ਨਿੱਜੀ ਅਤੇ ਆਪਣੇ ਪਰਿਵਾਰ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰਵਾਏ।
ਪੀੜਤ ਜਿਊਲਰ ਅਨੁਸਾਰ ਉਕਤ ਵਿਅਕਤੀਆਂ ਨੇ ਨਾ ਤਾਂ ਉਨ੍ਹਾਂ ਨੂੰ ਡਾਇਮੰਡ ਹੀ ਦਿੱਤੇ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ। ਵਿਕਾਸ ਵਾਲੀਆ ਨੇ ਦੱਸਿਆ ਕਿ ਅਰਪਿਤ ਮਿੱਤਲ ਤੋਂ ਇਲਾਵਾ ਚੇਤਨਾ ਮਿੱਤਲ ਅਤੇ ਅਦਿੱਤੀ ਮਿੱਤਲ ਨੇ ਖ਼ੁਦ ਨੂੰ ਐਗਜੀਬਿਸ਼ਨ ਅਕਸਪਰਟ ਦੱਸਦਿਆਂ ਦਿੱਲੀ ਅਤੇ ਜੈਪੁਰ ਵਿੱਚ ਡਾਇਮੰਡ ਐਗਜੀਬਿਸ਼ਨ ਵਿੱਚ ਲੈ ਕੇ ਜਾਣ ਅਤੇ ਉਸ ਵਿੱਚ 90 ਫੀਸਦੀ ਵਿੱਤੀ ਲਾਭ ਹੋਣ ਦਾ ਲਾਲਚ ਦੇ ਕੇ ਉਨ੍ਹਾਂ ਕੋਲੋਂ 9 ਕਰੋੜ ਦੀ ਜਿਊਲਰੀ ਲੈ ਕੇ ਧੋਖਾਧੜੀ ਕਰ ਲਈ।
ਇਸ ਸਬੰਧੀ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਅਸ਼ੋਕ ਮਿੱਤਲ, ਚੇਤਨਾ ਮਿੱਤਲ, ਅਦਿੱਤੀ ਮਿੱਤਲ, ਅਰਪਿਤ ਮਿੱਤਲ, ਰਾਜ ਰਾਣੀ ਮਿੱਤਲ, ਵਿਨੋਦ ਮਿੱਤਲ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਵਿਦੇਸ਼ ਭੱਜਣ ਦੇ ਖ਼ਦਸ਼ੇ ਨੂੰ ਦੇਖਦਿਆਂ ਪੁਲੀਸ ਨੇ ਪੰਜਾਬ ਸਮੇਤ ਦੇਸ਼ ਭਰ ਦੇ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਵੱਖ ਵੱਖ ਸੂਬਿਆਂ ਦੀ ਪੁਲੀਸ ਨੂੰ ਮੁਲਜ਼ਮਾਂ ਦੀਆਂ ਫੋਟੋਆਂ ਭੇਜ ਕੇ ਅਲਰਟ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…