
ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ: ਪੁਲੀਸ ਮੁਲਾਜ਼ਮ ਪਤੀ-ਪਤਨੀ ਅਤੇ ਬੇਟੇ ਖ਼ਿਲਾਫ਼ ਕੇਸ ਦਰਜ
ਮੁਲਜ਼ਮ ਪੁਲੀਸ ਕਰਮਚਾਰੀਆਂ ਖ਼ਿਲਾਫ਼ ਪਹਿਲਾਂ ਵੀ ਖਰੜ ਸਿਟੀ ਥਾਣੇ ਵਿੱਚ ਦਰਜ ਹੈ ਪਰਚਾ
ਨਬਜ਼-ਏ-ਪੰਜਾਬ, ਮੁਹਾਲੀ, 27 ਅਗਸਤ:
ਮੁਹਾਲੀ ਪੁਲੀਸ ਨੇ ਪੰਜਾਬ ਪੁਲੀਸ ਦੇ ਕਰਮਚਾਰੀ ਬਲਵਿੰਦਰ ਕੌਰ ਅਤੇ ਉਸ ਦੇ ਪਤੀ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਗੁਰਪ੍ਰਦੇਸ਼ ਸਿੰਘ ਵਾਸੀਅਨ ਐਮਆਰ ਟੈਰੀਸ, ਸੈਕਟਰ-108 ਦੇ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂਅ ’ਤੇ ਪੀੜਤ ਵਿਅਕਤੀ ਨਾਲ 4 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਧੋਖਾਧੜੀ ਕਰਨ ਸਬੰਧੀ ਸੋਹਾਣਾ ਥਾਣੇ ਵਿੱਚ ਆਈਪੀਸੀ ਦੀ ਧਾਰਾ 406, 420, 120-ਬੀ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਇੱਥੋਂ ਦੇ ਫੇਜ਼-2 ਦੇ ਵਸਨੀਕ ਰਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸੁਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਦੋਵੇਂ ਪੁਲੀਸ ਮੁਲਾਜ਼ਮ ਹਨ।
ਇਸ ਸਬੰਧੀ ਪੀੜਤ ਰਜਿੰਦਰ ਸਿੰਘ ਨੇ ਮੁਹਾਲੀ ਦੇ ਐੱਸਐੱਸਪੀ ਨੂੰ ਸ਼ਿਕਾਇਤ ਦੇ ਕੇ ਉਕਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਪੀੜਤ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਪੁਲੀਸ ਮੁਲਾਜ਼ਮ ਬਲਵਿੰਦਰ ਕੌਰ ਅਤੇ ਉਸ ਦੇ ਪਰਿਵਾਰ ਨਾਲ ਉਨ੍ਹਾਂ ਦੇ ਦੋਸਤਾਨਾ ਅਤੇ ਸਮਾਜਿਕ ਸਬੰਧ ਸੀ ਅਤੇ ਉਸ ਦਾ ਉਨ੍ਹਾਂ ਦੇ ਪਰਿਵਾਰਕ ਫੰਕਸ਼ਨ ’ਤੇ ਆਉਣਾ ਜਾਣਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਉਸ ਨੂੰ ਭਰੋਸੇ ਵਿੱਚ ਲੈ ਕੇ ਆਪਣੇ ਬੇਟੇ ਨਾਲ ਮਿਲ ਕੇ ਵਿਦੇਸ਼ ਜਾਣ ਦਾ ਝਾਂਸਾ ਦਿੱਤਾ ਅਤੇ ਉਸ ਤੋਂ ਚਾਰ ਲੱਖ ਰੁਪਏ ਲੈ ਲਏ ਪ੍ਰੰਤੂ ਬਾਅਦ ਵਿੱਚ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ।
ਸ਼ਿਕਾਇਤਕਰਤਾ ਅਨੁਸਾਰ ਇਸ ਮਾਮਲੇ ਵਿੱਚ ਉਸ ਦਾ ਉਕਤ ਵਿਅਕਤੀਆਂ ਨਾਲ ਸਤੰਬਰ 2022 ਨੂੰ ਪੰਜਾਬ ਪੁਲੀਸ ਦੇ ਈਓ ਵਿੰਗ ਫੇਜ਼-1 ਵਿੱਚ ਸਾਡਾ ਆਪਸੀ ਸਮਝੌਤਾ ਵੀ ਹੋਇਆ ਸੀ ਅਤੇ ਬਾਅਦ ਵਿੱਚ ਇਹ ਆਪਸੀ ਸਮਝੌਤੇ ਤੋਂ ਵੀ ਮੁੱਕਰ ਗਏ। ਇਸ ਸਬੰਧੀ ਉਸ ਨੇ ਆਪਣੇ ਪੈਸੇ ਵਾਪਸ ਲੈਣ ਲਈ ਕਾਫ਼ੀ ਕੋਸ਼ਿਸ਼ ਕੀਤੀ ਗਈ ਲੇਕਿਨ ਪੰਜਾਬ ਪੁਲੀਸ ਵਿੱਚ ਮੁਲਾਜ਼ਮ ਹੋਣ ਕਾਰਨ ਇਨ੍ਹਾਂ ਨੇ ਉਸ ਨੂੰ ਕੋਈ ਆਈ ਗਈ ਨਹੀਂ ਦਿੱਤੀ। ਇਸ ਤੋਂ ਬਾਅਦ ਉਸ (ਪੀੜਤ ਰਜਿੰਦਰ ਸਿੰਘ) ਨੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਗਈ। ਐੱਸਐੱਸਪੀ ਨੇ ਅੱਗੇ ਐੱਸਪੀ ਰੈਂਕ ਦੇ ਅਧਿਕਾਰੀ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਅਤੇ ਜਾਂਚ ਅਧਿਕਾਰੀ ਦੀ ਪੜਤਾਲੀ ਰਿਪੋਰਟ ਨੂੰ ਆਧਾਰ ਬਣਾ ਕੇ ਬਲਵਿੰਦਰ ਕੌਰ, ਉਸ ਦੇ ਪਤੀ ਸੁਖਵਿੰਦਰ ਸਿੰਘ ਅਤੇ ਬੇਟੇ ਗੁਰਪ੍ਰਦੇਸ਼ ਸਿੰਘ ਵਿਰੁੱਧ ਪਰਚਾ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਬਲਵਿੰਦਰ ਕੌਰ ਅਤੇ ਉਸ ਦੇ ਪਤੀ ਸੁਖਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਖਰੜ ਸਿਟੀ ਥਾਣੇ ਵਿੱਚ ਆਈਪੀਸੀ ਦੀ ਧਾਰਾ 406, 420, 506, 120-ਬੀ ਤਹਿਤ ਧੋਖਾਧੜੀ ਦਾ ਪਰਚਾ ਦਰਜ ਹੈ। ਖਰੜ ਵਿੱਚ ਉਨ੍ਹਾਂ ਨੇ ਸੇਵਾਮੁਕਤ ਪ੍ਰਿੰਸੀਪਲ ਅਸ਼ੋਕ ਕੁਮਾਰ ਅਤੇ ਉਸ ਦੀ ਪਤਨੀ ਸੇਵਾਮੁਕਤ ਪ੍ਰਿੰਸੀਪਲ ਸ਼ਸ਼ੀ ਪ੍ਰਭਾ ਨੂੰ ਫਲੈਟ ਵੇਚਣ ਸਬੰਧੀ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ। ਇਹੀ ਨਹੀਂ ਪੁਲੀਸ ਕਰਮਚਾਰੀ ਸੁਖਵਿੰਦਰ ਸਿੰਘ ਦੇ ਖ਼ਿਲਾਫ਼ ਪੀਸੀ ਐਕਟ 1988 (ਅਮੈਂਡਮੈਂਟ ਐਕਟ-2018) ਦੇ ਤਹਿਤ ਵੀ ਪਰਚਾ ਦਰਜ ਹੈ।