nabaz-e-punjab.com

ਨੌਕਰੀ ਲਗਾਉਣ ਦੇ ਨਾਂ ’ਤੇ ਲੱਖਾਂ ਦੀ ਠੱਗੀ: ਮਨੁੱਖੀ ਅਧਿਕਾਰੀ ਮਿਸ਼ਨ ਦੇ ਸੰਯੁਕਤ ਸਕੱਤਰ ਨੂੰ 5 ਸਾਲ ਦੀ ਕੈਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਮੁਹਾਲੀ ਅਦਾਲਤ ਨੇ ਨੌਕਰੀ ਲਗਾਉਣ ਦੇ ਨਾਂ ’ਤੇ ਭੋਲੇ ਭਾਲੇ ਨੌਜਵਾਨਾਂ ਅਤੇ ਆਮ ਲੋਕਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਮਨੁੱਖੀ ਅਧਿਕਾਰ ਮਿਸ਼ਨ ਸੰਸਥਾ ਦੇ ਸੰਯੁਕਤ ਸਕੱਤਰ ਸਿਕੰਦਰ ਸਿੰਘ ਵਾਸੀ ਪਿੰਡ ਬੂਰਮਾਜਰਾ (ਮੋਰਿੰਡਾ) ਨੂੰ ਦੋਸ਼ੀ ਕਰਾਰ ਦਿੰਦਿਆਂ ਧਾਰਾ-420 ਵਿੱਚ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਜਦੋਂਕਿ ਜੁਰਮਾਨੇ ਦਾ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਨੂੰ 3 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ। ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਦੋਸ਼ੀ ਸਿਕੰਦਰ ਸਿੰਘ ਦੇ ਭਰਾ ਸੰਦੀਪ ਸਿੰਘ ਉਰਫ਼ ਹਨੀ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਅਦਾਲਤ ਵੱਲੋਂ ਬਰੀ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਇੱਥੋਂ ਦੇ ਸਨਅਤੀ ਏਰੀਆ ਫੇਜ਼-8 ਸਥਿਤ ਇੱਕ ਮਨੁੱਖੀ ਅਧਿਕਾਰ ਮਿਸ਼ਨ ਪ੍ਰਾਈਵੇਟ ਸੰਸਥਾ ਦੇ ਸੰਯੁਕਤ ਸਕੱਤਰ ਸਿਕੰਦਰ ਸਿੰਘ ਉਰਫ਼ ਸਨੀ ਵਾਸੀ ਬੂਰਮਾਜਰਾ (ਮੋਰਿੰਡਾ) ਨੂੰ ਲੋਕਾਂ ਨੂੰ ਨੌਕਰੀ ਲਗਵਾਉਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਪੁਲੀਸ ਨੇ ਖੁਲਾਸਾ ਕੀਤਾ ਸੀ ਕਿ ਸਿਕੰਦਰ ਸਿੰਘ ਨੇ ਉਕਤ ਸੰਸਥਾ ਦੇ ਨਾਮ ਨਾਲ ਸਬੰਧਤ ਜਾਅਲੀ ਪਛਾਣ ਪੱਤਰ ਅਤੇ ਜਾਅਲੀ ਦਸਤਾਵੇਜ਼ ਬਣਾ ਕੇ ਲੋਕਾਂ ਤੋਂ ਪੈਸੇ ਲੈ ਕੇ ਨੌਕਰੀ ਦੇਣ ਦੇ ਨਾਮ ’ਤੇ ਵੱਖ-ਵੱਖ ਸੂਬਿਆਂ ਅਤੇ ਵੱਖ-ਵੱਖ ਜ਼ਿਲ੍ਹਿਆ ਵਿੱਚ ਲੋਕਾਂ ਨਾਲ ਠੱਗੀਆਂ ਮਾਰੀਆਂ ਹਨ। ਸਿਕੰਦਰ ਸਿੰਘ ਨੇ ਮੁਹਾਲੀ ਵਿੱਚ ਇੱਕ ਦਫ਼ਤਰ ਖੋਲ੍ਹਿਆ ਹੋਇਆ ਸੀ। ਦੋਸ਼ੀ ਨੇ ਆਪਣੇ ਲਈ ਕਿਰਾਏ ਦੀ ਇੱਕ ਇਨੋਵਾ ਗੱਡੀ ਅਤੇ ਪਿੱਛੇ ਪ੍ਰਾਈਵੇਟ ਜਿਪਸੀ ਐਸਕਾਰਟ ਲਈ ਰੱਖੀ ਹੋਈ ਸੀ। ਉਹ ਆਪਣੇ ਆਪ ਨੂੰ ਮਨੁੱਖੀ ਅਧਿਕਾਰ ਮਿਸ਼ਨ ਦਾ ਸੰਯੁਕਤ ਸਕੱਤਰ ਦੱਸ ਕੇ ਬੇਰੁਜ਼ਗਾਰ ਨੌਜਵਾਨਾਂ ਅਤੇ ਹੋਰ ਭੋਲੇ ਭਾਲੇ ਲੋਕਾਂ ਨਾਲ ਧੋਖਾਧੜੀ ਕਰਕੇ ਮੋਟੀਆਂ ਰਕਮਾਂ ਵਸੂਲ ਕਰਦਾ ਸੀ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…