Share on Facebook Share on Twitter Share on Google+ Share on Pinterest Share on Linkedin ਮੁਹਾਲੀ ਪ੍ਰਸ਼ਾਸਨ ਵੱਲੋਂ ਸਕੂਲ ਤੇ ਕਾਲਜ ਬੱਸਾਂ ਦੀ ਚੈਕਿੰਗ, ਖ਼ਾਮੀਆਂ ਮਿਲੀਆਂ 68 ਸਕੂਲ ਬੱਸਾਂ ਖ਼ਿਲਾਫ਼ ਕੀਤੀ ਕਾਰਵਾਈ, 50 ਬੱਸਾਂ ਦੇ ਚਲਾਨ, 18 ਵਾਹਨ ਜ਼ਬਤ ਕੀਤੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ: ਲੌਂਗੋਵਾਲ ਸਕੂਲ ਵੈਨ ਹਾਦਸੇ ਤੋਂ ਬਾਅਦ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਨੀਂਦ ਤੋਂ ਜਾਗਦਿਆਂ ਸੋਮਵਾਰ ਨੂੰ ਸਮੁੱਚੇ ਜ਼ਿਲ੍ਹੇ ਅੰਦਰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਡੇਢ ਦਰਜਨ ਬੱਸਾਂ ਵਿੱਚ ਖ਼ਾਮੀਆਂ ਮਿਲੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਕੂਲ ਬੱਸਾਂ ਅਤੇ ਹੋਰ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਲੌਂਗੋਵਾਲ ਹਾਦਸੇ ਤੋਂ ਬਾਅਦ ਸਰਕਾਰ ਦੇ ਹੁਕਮਾਂ ’ਤੇ ਪ੍ਰਸ਼ਾਸਨ ਦੀ ਹੁਣ ਤੱਕ ਇਹ ਸਭ ਤੋਂ ਵੱਡੀ ਕਾਰਵਾਈ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ ਦੀ ਇਹ ਵਿਸ਼ੇਸ਼ ਮੁਹਿੰਮ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚਲਾਈ ਗਈ ਹੈ। ਇਸ ਦੌਰਾਨ 68 ਸਕੂਲ ਬੱਸਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ। ਜਿਨ੍ਹਾਂ ਵਿੱਚ 50 ਬੱਸਾਂ ਦੇ ਚਲਾਨ ਕੀਤੇ ਗਏ ਜਦੋਂਕਿ 18 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਅੱਜ ਮੁਹਾਲੀ ਸ਼ਹਿਰ ਸਮੇਤ ਨੇੜਲੇ ਇਲਾਕਿਆਂ ਵਿੱਚ ਵੀ ਚਲਾਈ ਗਈ। ਇਸ ਦੌਰਾਨ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਦੀ ਅਗਵਾਈ ਵਾਲੀ ਟੀਮ ਸਕੂਲ ਬੱਸਾਂ ਦੀ ਜਾਂਚ ਦੌਰਾਨ ਵਾਹਨਾਂ ਵਿੱਚ ਖ਼ਾਮੀਆਂ ਦੇਖੀਆਂ ਅਤੇ ਉਨ੍ਹਾਂ ਨੇ 11 ਵਾਹਨਾਂ ਦੇ ਚਲਾਨ ਕੀਤੇ ਗਏ ਜਦੋਂਕਿ ਇਕ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ। ਆਰਟੀਏ ਦੇ ਸਕੱਤਰ ਸੁਖਵਿੰਦਰ ਕੁਮਾਰ ਨੇ 25 ਵਾਹਨਾਂ ਦੀ ਜਾਂਚ ਕੀਤੀ। ਜਿਨ੍ਹਾਂ ’ਚੋਂ ਨਿਯਮਾਂ ਦੀ ਘੋਰ ਉਲੰਘਣਾ ਦੇ ਦੋਸ਼ ਵਿੱਚ 11 ਸਕੂਲ ਵਾਹਨਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ 14 ਸਕੂਲ ਵਾਹਨਾਂ ਦੇ ਚਲਾਨ ਕੀਤੇ। ਜਦੋਂਕਿ ਏਡੀਟੀਓ ਸਿਮਰਨ ਸਿੰਘ ਨੇ 14 ਵਾਹਨਾਂ ਦੇ ਚਲਾਨ ਕੀਤੇ ਅਤੇ ਚਾਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਇਸੇ ਤਰ੍ਹਾਂ ਖਰੜ ਦੇ ਐਸਡੀਐਮ ਹਿਮਾਂਸ਼ੂ ਜੈਨ ਦੀ ਅਗਵਾਈ ਵਾਲੀ ਟੀਮ ਨੇ 4 ਵਾਹਨਾਂ ਦੇ ਚਲਾਨ ਕੀਤੇ ਗਏ। ਡੇਰਾਬੱਸੀ ਦੇ ਐਸਡੀਐਮ ਕੁਲਦੀਪ ਬਾਵਾ ਨੇ 7 ਵਾਹਨਾਂ ਦੇ ਚਲਾਨ ਕੀਤੇ ਅਤੇ 2 ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਤੋਂ ਇਲਾਵਾ ਜ਼ਿਲ੍ਹਾ ਟਰੈਫ਼ਿਕ ਪੁਲੀਸ ਨੇ ਵੀ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਐਸਪੀ ਕੇਸਰ ਸਿੰਘ ਧਾਲੀਵਾਲ ਨੇ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਵੀ ਬਖ਼ਸ਼ਿਆਂ ਨਹੀਂ ਜਾਵੇਗਾ। (ਬਾਕਸ ਆਈਟਮ) ਸੁਰੱਖਿਅਤ ਸਕੂਲ ਵਾਹਨ ਸਕੀਮ ਅਧੀਨ ਹਰੇਕ ਸਕੂਲ ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਸਕੂਲ ਬੱਸ ਦੇ ਅੱਗੇ ਅਤੇ ਪਿੱਛੇ ਸਕੂਲ ਬੱਸ ਲਿਖਿਆ ਹੋਵੇ। ਜੇਕਰ ਬੱਸ ਕਿਰਾਏ ’ਤੇ ਹੋਵੇ ਤਾਂ ਉਸ ’ਤੇ ਆਨ ਸਕੂਲ ਡਿਊਟੀ ਲਿਖਿਆ ਹੋਣਾ ਯਕੀਨੀ ਬਣਾਇਆ ਜਾਵੇ। ਬੱਸ ਵਿੱਚ ਫਾਸਟ-ਏਡ ਬਾਕਸ ਅਤੇ ਬੱਸ ਤੇ ਸਕੂਲ ਦਾ ਨਾਂ ਅਤੇ ਟੈਲੀਫੋਨ ਨੰਬਰ ਲਿਖਿਆ ਹੋਵੇ। ਬੱਸ ਚਾਲਕ ਕੋਲ ਘੱਟੋ-ਘੱਟ 5 ਸਾਲ ਦਾ ਤਜਰਬਾ ਅਤੇ ਉਸ ਕੋਲ ਹੈਵੀ ਲਾਇਸੈਂਸ ਹੋਣਾ ਚਾਹੀਦਾ ਹੈ। ਬੱਸ ਦੇ ਕਲੀਨਰ ਅਤੇ ਚਾਲਕ ਨੂੰ ਵਰਦੀ ਪਹਿਨਣਾ ਲਾਜ਼ਮੀ ਕਰਨ ਦੇ ਨਾਲ-ਨਾਲ ਸਮੇਂ ਸਮੇਂ ਸਿਰ ਉਨ੍ਹਾਂ ਦਾ ਮੈਡੀਕਲ ਚੈੱਕਅਪ ਹੋਵੇ ਅਤੇ ਜੇਕਰ ਬੱਸ ਕੇਵਲ ਲੜਕੀਆਂ ਲਈ ਵਰਤੀ ਜਾਂਦੀ ਹੈ ਤਾਂ ਉਸ ਨਾਲ ਮਹਿਲਾ ਅਟੈਂਡੈਂਟ ਤਾਇਨਾਤ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਅੱਗ ਬੁਝਾਊ ਯੰਤਰ ਲਾਜ਼ਮੀ ਹੋਣੇ ਚਾਹੀਦੇ ਹਨ। (ਬਾਕਸ ਆਈਟਮ) ਉਧਰ, ਮੁਹਾਲੀ ਸਕੂਲ ਬੱਸ ਅਪਰੇਟਰ ਐਸੋਸੀਏਸ਼ਨ ਦੇ ਆਗੂ ਸੰਦੀਪ ਮਾਨ ਤੇ ਹੋਰਨਾਂ ਵਿਅਕਤੀਆਂ ਨੇ ਸਕੂਲ ਬੱਸਾਂ ਦੇ ਚਲਾਨ ਕੱਟਣ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਦੌਰਾਨ ਬੱਸ ਅਪਰੇਟਰਾਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਲੇਕਿਨ ਡੀਸੀ ਨੇ ਉਨ੍ਹਾਂ ਨੂੰ ਮਿਲਣ ਤੋਂ ਕੋਰਾ ਜਵਾਬ ਦੇ ਦਿੱਤਾ। ਇਸ ਮਗਰੋਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਟਰੈਫ਼ਿਕ ਪੁਲੀਸ ਦੇ ਅਧਿਕਾਰੀਆਂ ਨਾਲ ਗੱਲ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ