ਸਿਹਤ ਵਿਭਾਗ ਦੀ ਟੀਮ ਵੱਲੋਂ ਕੁੰਭੜਾ ਵਿੱਚ ਮੀਟ ਦੀਆਂ ਦੁਕਾਨਾਂ ਦੀ ਚੈਕਿੰਗ

ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਰੱਖਣ ਅਤੇ ਰਜਿਸਟਰੇਸ਼ਨ ਕਰਾਉਣ ਦੀਆਂ ਸਖ਼ਤ ਹਦਾਇਤਾਂ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਅੱਜ ਪਿੰਡ ਕੁੰਭੜਾ ਵਿੱਚ ਮੀਟ ਵੇਚਣ ਵਾਲੀਆਂ ਦੁਕਾਨਾਂ ’ਤੇ ਅਚਨਚੇਤ ਛਾਪੇਮਾਰੀ ਕਰਕੇ ਜਾਂਚ ਕੀਤੀ ਅਤੇ ਚੈਕਿੰਗ ਦੌਰਾਨ ਦੁਕਾਨਾਂ ਵਿੱਚ ਪ੍ਰਬੰਧਕੀ ਖ਼ਾਮੀਆਂ ਮਿਲੀਆਂ। ਜਾਂਚ ਟੀਮ ਦੀ ਰਿਪੋਰਟ ਅਨੁਸਾਰ ਜਾਂਚ ਦੌਰਾਨ ਦੇਖਿਆ ਗਿਆ ਕਿ ਦੁਕਾਨਾਂ ਵਿੱਚ ਗੰਦਗੀ ਭਰੇ ਮਾਹੌਲ ਵਿੱਚ ਮੀਟ ਵੇਚਿਆ ਜਾ ਰਿਹਾ ਸੀ। ਜਾਂਚ ਟੀਮ ਵਿੱਚ ਫੂਡ ਸੇਫ਼ਟੀ ਅਫ਼ਸਰ ਰਾਜਦੀਪ ਕੌਰ ਵੀ ਸ਼ਾਮਲ ਸਨ।
ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਰਿਹਾਇਸ਼ੀ ਏਰੀਆ ਵਿੱਚ ਮੀਟ ਵੇਚਣ ਵਾਲੀਆਂ ਦੁਕਾਨਾਂ ਧੜੱਲੇ ਨਾਲ ਚੱਲ ਰਹੀਆਂ ਹਨ। ਜਿਸ ਨਾਲ ਬਦਬੂ ਫੈਲਣ ਕਾਰਨ ਆਲੇ-ਦੁਆਲੇ ਇਲਾਕੇ ਵਿੱਚ ਲੋਕਾਂ ਦਾ ਰਹਿਣਾ ਅਤੇ ਲੰਘਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਸਬੰਧਤ ਦੁਕਾਨਾਂ ’ਤੇ ਜਾ ਕੇ ਚੈਕਿੰਗ ਕੀਤੀ ਅਤੇ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਕਿ ਉਹ ਦੁਕਾਨਾਂ ’ਤੇ ਸਾਫ਼-ਸਫ਼ਾਈ ਰੱਖਣ ਅਤੇ ਚੰਗੇ ਮਾਹੌਲ ਵਿੱਚ ਆਪਣਾ ਸਮਾਨ ਵੇਚਣਾ ਯਕੀਨੀ ਬਣਾਉਣ। ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਸਬੰਧੀ ਜਲਦੀ ਹੀ ਸਬੰਧਤ ਦੁਕਾਨਾਂ ਨੂੰ ਮੌਜੂਦਾ ਥਾਂ ਤੋਂ ਹਟਾਉਣ ਲਈ ਮੁਹਾਲੀ ਨਗਰ ਨਿਗਮ ਨੂੰ ਸਿਫ਼ਾਰਸ਼ ਕੀਤੀ ਜਾਵੇਗੀ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਦੁਕਾਨਦਾਰਾਂ ਨੇ ਫੂਡ ਸੇਫ਼ਟੀ ਵਿਭਾਗ ਕੋਲ ਆਪਣੀ ਦੁਕਾਨਾਂ ਦੀ ਰਜਿਸਟਰੇਸ਼ਨ ਨਹੀਂ ਕਰਵਾਈ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਫੌਰੀ ਤੌਰ ’ਤੇ ਰਜਿਸਟਰੇਸ਼ਨ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਖਾਣ-ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਵਿੱਚ ਸਾਫ਼-ਸਫ਼ਾਈ ਦੀ ਘਾਟ ਫੂਡ ਸਟੈਂਡਰਜ਼ ਅਥਾਰਟੀ ਆਫ਼ ਇੰਡੀਆ (ਐਫ਼ਐਸਏਆਈ) ਵੱਲੋਂ ਤੈਅ ਕੀਤੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ ਅਤੇ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਇਨ੍ਹਾਂ ਦੁਕਾਨਾਂ ’ਤੇ ਲਗਾਤਾਰ ਨਜ਼ਰ ਰੱਖੇਗਾ ਅਤੇ ਚੈਕਿੰਗ ਲਗਾਤਾਰ ਜਾਰੀ ਰਹੇਗੀ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…