ਵੀਰਵਾਰ ਤੋਂ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ ਸੈਲਾਨੀਆਂ ਲਈ ਦੁਬਾਰਾ ਖੁੱਲ੍ਹੇਗਾ ਛੱਤਬੀੜ ਚਿੜੀਆਘਰ

ਸ਼ੇਰ ਦੇ ਬੱਚੇ ਅਮਰ, ਅਰਜੁਨ ਅਤੇ ਦਿਲਨੂਰ ਨੂੰ ਪਹਿਲੀ ਵਾਰੀ ਵੇਖਣ ਦਾ ਮਿਲੇਗਾ ਮੌਕਾ

ਭਾਰਤੀ ਲੂੰਬੜੀ ਨੂੰ ਆਪਣੇ ਨਵੇਂ ਜਨਮੇ ਬੱਚਿਆਂ ਨਾਲ ਪਹਿਲੀ ਵਾਰ ਦੇਖਿਆ ਜਾ ਸਕੇਗਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਪੰਜਾਬ ਸਰਕਾਰ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਚਿੜੀਆਘਰ ਸੈਲਾਨੀਆਂ, ਕਰਮਚਾਰੀਆਂ ਅਤੇ ਪਸ਼ੂਆਂ ਦੀ ਸੁਰੱਖਿਆ ਲਈ ਸਖ਼ਤ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਦਿਆਂ 10 ਦਸੰਬਰ 2020 ਤੋਂ ਛੱਤਬੀੜ ਚਿੜੀਆਘਰ ਨੂੰ ਦੁਬਾਰਾ ਖੁੱਲ੍ਹਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਜਾਣਕਾਰੀ ਫੀਲਡ ਡਾਇਰੈਕਟਰ ਐਮਸੀ ਜ਼ੂਲੋਜੀਕਲ ਪਾਰਕ, ਛੱਤਬੀੜ ਡਾਕਟਰ ਐਮ ਸੁਧਾਗਰ ਨੇ ਦਿੱਤੀ। ਪਹਿਲੀ ਵਾਰ ਸੈਲਾਨੀਆਂ ਨੂੰ ਸ਼ੇਰ ਦੇ ਬੱਚੇ ਅਮਰ, ਅਰਜੁਨ ਅਤੇ ਦਿਲਨੂਰ ਨੂੰ ਦੇਖਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਭਾਰਤੀ ਲੂੰਬੜੀ ਨੂੰ ਆਪਣੇ ਨਵੇਂ ਜੰਮੇ ਬੱਚਿਆਂ ਨਾਲ ਪਹਿਲੀ ਵਾਰ ਦੇਖਿਆ ਜਾ ਸਕੇਗਾ।
ਇਸ ਤੋਂ ਇਲਾਵਾ ਚਿੜੀਆਘਰ ਵਿਚ ਸੈਲਾਨੀਆਂ ਲਈ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਜਿਵੇਂ ਮੌਮ ਐਂਡ ਬੇਬੀ ਕੇਅਰ ਰੂਮ, ਮੁਫ਼ਤ ਵਾਈ-ਫਾਈ ਹਾਟਸਪੋਟਸ, ਕਾਫੀ ਬੂਥ, ਕੰਟਰੋਲ ਰੂਮ, ਸੈਲਫੀ ਪੁਆਇੰਟਸ, ਨਵਾਂ ਆਰਾਮ ਘਰ, ਪ੍ਰੇਸ਼ਾਨੀ ਰਹਿਤ ਪਾਰਕਿੰਗ, ਟੱਚ ਫ੍ਰੀ ਹੈਂਡ ਵਾਸ਼ ਅਤੇ ਸੈਨੀਟਾਈਜ਼ਰ ਡਿਸਪੈਂਸਰ ਵੀ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਦੀ ਮੰਗ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਚਿੜੀਆਘਰ ਪ੍ਰਸ਼ਾਸਨ ਨੇ ਛੱਤਬੀੜ ਚਿੜੀਆਘਰ ਅਤੇ ਆਉਣ ਵਾਲੇ ਦਰਸ਼ਕਾਂ ਦੀ ਸਹੂਲਤ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐਸਓਪੀ) ’ਤੇ ਅਮਲ ਕਰਦਿਆਂ ਚਿੜੀਆਘਰ ਨੂੰ ਦੁਬਾਰਾ ਖੋਲਣ ਲਈ ਤਿਆਰੀ ਮੁਕੰਮਲ ਕਰ ਲਈ ਹੈ। ਚਿੜੀਆਘਰ ਵਿਚ ਆਉਣ ਵਾਲੇ ਸੈਲਾਨੀਆਂ, ਕਰਮਚਾਰੀਆਂ, ਕਾਮਿਆਂ ਅਤੇ ਜਾਨਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਸਓਪੀ ਅਨੁਸਾਰ ਪ੍ਰੋਟੋਕੋਲ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹੇਠ ਦਰਸਾਏ ਅਨੁਸਾਰ ਕੀਤੀ ਗਈ ਹੈ:
1. ਸੈਲਾਨੀਆਂ ਲਈ ਚਿੜੀਆਘਰ ਸੋਮਵਾਰ ਨੂੰ ਛੱਡ ਕੇ ਹਫ਼ਤੇ ਵਿੱਚ 6 ਦਿਨ ਖੋਲ੍ਹਿਆ ਜਾਵੇਗਾ। ਸੈਲਾਨੀਆਂ ਨੂੰ ਸਵੇਰ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ (ਸਵੇਰੇ 9.00 ਵਜੇ ਤੋਂ ਸ਼ਾਮ 5 ਵਜੇ ਦੀ ਥਾਂ ’ਤੇ) ਐਂਟਰੀ ਕਰਨ ਦੀ ਆਗਿਆ ਹੋਵੇਗੀ।
2. ਚਿੜੀਆਘਰ ਵਿਚ ਹਰ ਸਮੇਂ ਸੈਲਾਨੀਆਂ ਦੀ ਆਮਦ ਸਮਰੱਥਾ ਨੂੰ ਯਕੀਨੀ ਬਣਾਉਣ ਲਈ, ਚਿੜੀਆਘਰ ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਨੂੰ ਨਿਯਮਿਤ ਕੀਤਾ ਗਿਆ ਹੈ। ਚਿੜੀਆਘਰ ਵਿੱਚ ਹਾਲਾਤ ਆਮ ਵਾਂਗ ਹੋਣ ਤੱਕ ਇੱਕ ਦਿਨ ਵਿੱਚ ਵੱਧ ਤੋਂ ਵੱਧ 2700 ਸੈਲਾਨੀਆਂ ਨੂੰ ਚਿੜੀਆਘਰ ਵਿਚ ਐਂਟਰੀ ਦੀ ਆਗਿਆ ਦਿੱਤੀ ਜਾਵੇਗੀ। ਚਿੜੀਆਘਰ ਵਿੱਚ ਘੱਟ ਸਮੇਂ ਲਈ ਹੀ ਟਿਕਟ ਉਪਲਬਧ ਰਹੇਗੀ ਤਾਂ ਜੋ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਏਗਾ। ਐਂਟਰੀ ਤੋਂ ਬਾਅਦ ਐਂਟਰੀ ਟਿਕਟ ਸਿਰਫ਼ ਦੋ ਘੰਟਿਆਂ ਲਈ ਵੈਧ ਹੋਵੇਗੀ। ਇਸ ਦਾ ਕਾਰਜਕ੍ਰਮ ਹੇਠ ਦਿੱਤੇ ਅਨੁਸਾਰ ਹੋਵੇਗਾ:
ਸਵੇਰ 09:30-ਚਿੜਿਆਘਰ ਵਿਚ ਐਂਟਰੀ ਸ਼ੁਰੂ
ਸਵੇਰ 09:30 ਤੋਂ 11:30 -ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨ
ਸਵੇਰੇ 11:30 ਤੋਂ 12:00-ਸਵੱਛਤਾ ਲਈ ਅੰਤਰਾਲ
ਦੁਪਿਹਰ 12:00 ਤੋਂ 02:00 ਵਜੇ-ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨ
02:00 ਵਜੇ ਤੋਂ 02:30 ਵਜੇ-ਸਵੱਛਤਾ ਲਈ ਅੰਤਰਾਲ
ਦੁਪਿਹਰ 02:30 ਵਜੇ ਤੋਂ 04:30 ਵਜੇ – ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨ
04:30 ਵਜੇ- ਚਿੜੀਆਘਰ ਵਿੱਚ ਐਂਟਰੀ ਬੰਦ ਕਰ ਦਿੱਤੀ ਜਾਵੇਗੀ
3. ਚਿੜੀਆਘਰ ਵਿੱਚ ਐਂਟਰੀ, ਪਾਰਕਿੰਗ, ਬੈਟਰੀ ਸੰਚਾਲਿਤ ਕਾਰਾਂ ਆਦਿ ਦੀਆਂ ਟਿਕਟਾਂ ਆਨ ਲਾਈਨ ਬੁਕਿੰਗ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ, ਜਿਸ ਲਈ ਲਿੰਕ ਚਿੜੀਆਘਰ ਦੀ ਵੈੱਬਸਾਈਟ (chhatbir੍ਰoo.gov.in) ’ਤੇ ਦਿੱਤਾ ਗਿਆ ਹੈ। ਜੋ ਸੈਲਾਨੀ ਆਪਣੇ ਘਰ ਤੋਂ ਆਨਲਾਈਨ ਬੁਕਿੰਗ ਨਹੀਂ ਕਰ ਸਕਦੇ ਉਹ ਕਿਊ.ਆਰ ਕੋਡ ਪ੍ਰਣਾਲੀ ਅਤੇ ਪੀਓਐਸ ਮਸ਼ੀਨਾਂ ਜ਼ਰੀਏ ਨਕਦ ਰਹਿਤ ਲੈਣ-ਦੇਣ ਨਾਲ ਚਿੜੀਆਘਰ ਦੇ ਬੁਕਿੰਗ ਕਾਊਂਟਰ ਤੋਂ ਟਿਕਟਾਂ ਲੈ ਸਕਦੇ ਹਨ।
4. ਸ਼ੁਰੂ ਵਿਚ ਚਾਰਟਰ (ਰਿਜ਼ਰਵ) ਪ੍ਰਣਾਲੀ ਵਾਲੀ ਬੈਟਰੀ ਸੰਚਾਲਿਤ ਕਾਰਾਂ (ਫੈਰੀ) ਨੂੰ ਸਿਰਫ ਪਰਿਵਾਰ ਜਾਂ ਸਬੰਧਤ ਵਿਅਕਤੀਆਂ ਲਈ ਹੀ ਆਗਿਆ ਦਿੱਤੀ ਜਾਏਗੀ, ਜੋ ਨਿਰਧਾਰਤ ਦਰ ‘ਤੇ ਪੂਰਾ ਕਾਰਟ ਰਾਖਵਾਂ ਕਰ ਸਕਦੇ ਹਨ। ਚਾਲਕ ਦੁਆਰਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜਿਕ ਦੂਰੀ ਦੇ ਨਿਯਮਾਂ ਅਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕੀਤੀ ਜਾਏਗੀ। ਤਜ਼ਰਬੇ ਅਤੇ ਫੀਡਬੈਕ ਦੇ ਅਧਾਰ ਤੇ, ਹੌਪ-ਆਨ ਹੌਪ-ਆਫ਼ ਪ੍ਰਣਾਲੀ ਨੂੰ ਬਾਅਦ ਵਿੱਚ ਵਿਅਕਤੀਗਤ ਲਈ ਖੋਲ੍ਹਿਆ ਜਾ ਸਕਦਾ ਹੈ।
5. ਚਿੜੀਆਘਰ ਵਿਚ ਇੰਨ-ਡੋਰ ਸਹੂਲਤਾਂ ਜਿਵੇਂ ਕਿ ਰਿਪਾਇਟਲ ਹਾਊਸ, ਨੌਕਟਰਨਲ ਹਾਊਸ, ਵਾਈਲਡ ਲਾਈਫ ਸਫਾਰੀ (ਲੌਇਨ ਸਫਾਰੀ ਐਂਡ ਡੀਅਰ ਸਫਾਰੀ) ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ। ਪਹਿਲੇ ਮਹੀਨੇ ਦੇ ਤਜ਼ਰਬੇ ਅਤੇ ਫੀਡਬੈਕ ਦੇ ਅਧਾਰ ਤੇ, ਸੈਲਾਨੀਆਂ ਲਈ ਇਹਨਾਂ ਸੁਵਿਧਾਵਾਂ ਨੂੰ ਪੜਾਅਵਾਰ ਢੰਗ ਨਾਲ ਖੋਲ੍ਹਿਆ ਜਾ ਸਕਦਾ ਹੈ।
6. ਗੰਦਗੀ ਫੈਲਣ ਨੂੰ ਰੋਕਣ ਅਤੇ ਸਵੈ-ਸਫਾਈ ਬਣਾਈ ਰੱਖਣ ਲਈ, ਚਿੜੀਆਘਰ ਵਿੱਚ ਐਂਟਰੀ ਅਤੇ ਹੋਰ ਮਹੱਤਵਪੂਰਨ ਥਾਵਾਂ ‘ਤੇ, ਮੈਡੀਕੇਟਡ ਫੁੱਟ ਮੈਟ, ਟੱਚ-ਫ੍ਰੀ ਸੈਂਸਰ ਅਧਾਰਤ ਹੈਂਡ ਵਾੱਸ਼ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਚਿੜੀਆਘਰ ਦੀਆਂ ਸਾਰੀਆਂ ਮਹੱਤਵਪੂਰਨ ਸਹੂਲਤਾਂ ਵਿਚ ਟਚ-ਫ੍ਰੀ ਸੈਨੀਟਾਈਜ਼ਰ ਡਿਸਪੈਂਸਸਰ ਸਥਾਪਤ ਕੀਤੇ ਗਏ ਹਨ। ਬੈਰੀਕੇਡਾਂ, ਜਾਨਵਰਾਂ ਦੇ ਘੇਰਿਆਂ ਤੋਂ ਬਾਹਰ ਦੀ ਰੇਲਿੰਗ, ਜਨਤਕ ਸਹੂਲਤਾਂ (ਪਖਾਨੇ, ਪੀਣ ਵਾਲੇ ਪਾਣੀ ਵਾਲੀਆਂ ਥਾਵਾਂ, ਮੀਂਹ ਵਾਲੀ ਪਨਾਹ, ਮਨੋਰੰਜਨ ਪੁਆਇੰਟ ਆਦਿ) ਨੂੰ ਸੈਨੀਟਾਈਜ਼ ਕਰਨ ਲਈ ਇੱਕ ਸਮਰਪਿਤ ਟੀਮ ਤਾਇਨਾਤ ਕੀਤੀ ਗਈ ਹੈ ਅਤੇ ਇਨ੍ਹਾਂ ਦੀ ਵਰਤੋਂ ਅੰਤਰਾਲਾ ਵਿਚ ਕੀਤੀ ਜਾਵੇਗੀ।
7. ਚਿੜੀਆਘਰ ਵਿਚ ਸਿੰਗਲ ਯੂਜ਼ ਪਲਾਸਟਿਕ ਦੀ ਆਗਿਆ ਨਹੀਂ ਹੋਵੇਗੀ। ਪਲਾਸਟਿਕ ਦੀਆਂ ਪਾਣੀ ਵਾਲੀਆਂ ਬੋਤਲਾਂ ਅਤੇ ਦਵਾਈ ਦੇ ਕੰਟੇਨਰ ਨੂੰ ਸਕ੍ਰੀਨਿੰਗ ਤੋਂ ਬਾਅਦ ਆਗਿਆ ਦਿੱਤੀ ਜਾ ਸਕਦੀ ਹੈ।
8. ਸੈਲਾਨੀਆਂ ਲਈ ਘੱਟੋ ਘੱਟ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਪ੍ਰਦਾਨ ਕਰਨ ਲਈ, ਚਿੜੀਆਘਰ ਪ੍ਰਸ਼ਾਸਨ ਚਿੜੀਆਘਰ ਦੇ ਅੰਦਰ ਇਕ ਕੰਟੀਨ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਖਾਧ ਪਦਾਰਥਾਂ, ਬੋਤਲਬੰਦ ਪੀਣ ਵਾਲੇ ਪਾਣੀ, ਚਾਹ, ਕੌਫੀ ਆਦਿ ਨੂੰ ਸੁਰੱਖਿਆ ਦੇ ਸਾਰੇ ਨਿਯਮਾਂ ਅਧੀਨ ਮੁਹੱਈਆ ਕਰਵਾਇਆ ਜਾ ਸਕੇ।
ਇਸ ਤੋਂ ਇਲਾਵਾ, ਚਿੜੀਆਘਰ ਦੇ ਸੈਲਾਨੀਆਂ ਲਈ ਦਿਸ਼ਾ ਨਿਰਦੇਸ਼ਾਂ ਵਿੱਚ ਸ਼ਾਮਲ ਹਨ:
1. ਸੈਲਾਨੀ ਤਾਂ ਹੀ ਚਿੜੀਆਘਰ ਆ ਸਕਣਗੇ ਜਦੋਂ ਉਨ੍ਹਾਂ ਨੂੰ ਖੰਘ, ਜ਼ੁਕਾਮ ਅਤੇ ਬੁਖਾਰ ਦੇ ਲੱਛਣ ਨਹੀਂ ਹੋਣਗੇ।
2. ਚਿੜੀਆਘਰ ਵਿੱਚ ਹਾਲਾਤ ਆਮ ਵਾਂਗ ਹੋਣ ਤੱਕ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਚਿੜੀਆਘਰ ਨਾ ਆਉਣ ਦੀ ਅਪੀਲ ਕੀਤੀ ਜਾਂਦੀ ਹੈ।
3. ਸਾਰੇ ਸੈਲਾਨੀ ਚਿੜੀਆਘਰ ਵਿਚ ਦਾਖਲ ਹੋਣ ਵੇਲੇ ਲਾਜ਼ਮੀ ਤੌਰ ’ਤੇ ਮਾਸਕ ਪਹਿਨਣਗੇ। ਜੇ ਉਹ ਮਾਸਕ ਪਹਿਨਣਾ ਭੁੱਲ ਜਾਂਦੇ ਹਨ, ਤਾਂ ਉਹ ਚਿੜੀਆਘਰ ਦੇ ਪ੍ਰਵੇਸ਼ ਦੁਆਰ ‘ਤੇ ਬਣਾਏ ਕਾਊਂਟਰ ਤੋਂ ਮਾਸਕ ਖਰੀਦ ਸਕਦੇ ਹਨ।
4. ਚਿੜੀਆਘਰ ਵਿੱਚ ਦਾਖਲੇ ਵਾਲੀਆਂ ਟਿਕਟਾਂ ਖਰੀਦਣ ਲਈ ਸਿਰਫ ਕੈਸ਼ਲੈੱਸ ਅਤੇ ਆਨਲਾਈਨ ਬੁਕਿੰਗ ਦੀ ਆਗਿਆ ਹੋਵੇਗੀ। ਐਂਟਰੀ ਟਿਕਟ ਚਿੜੀਆਘਰ ਦੇ ਅੰਦਰ ਐਂਟਰੀ ਤੋਂ ਸਿਰਫ ਦੋ ਘੰਟਿਆਂ ਲਈ ਹੀ ਯੋਗ ਹੋਵੇਗੀ।
5. ਸਾਰੇ ਸੈਲਾਨੀਆਂ ਲਈ ਚਿੜੀਆਘਰ ਦੇ ਐਂਟਰੀ ਦੁਆਰ ‘ਤੇ ਲਗਾਏ ਮੈਡੀਕੇਟਡ ਫੁੱਟ ਮੈਟ ਤੋਂ ਲੰਘਣਾ ਲਾਜ਼ਮੀ ਹੋਵੇਗਾ।
6 ਚਿੜੀਆਘਰ ਵਿਚ ਦਾਖਲ ਹੋਣ ਸਮੇਂ ਸੈਲਾਨੀਆਂ ਦੇ ਸਰੀਰਕ ਤਾਪਮਾਨ ਦੀ ਲਾਜ਼ਮੀ ਤੌਰ ’ਤੇ ਜਾਂਚ ਕੀਤੀ ਜਾਵੇਗੀ।
7. ਸਾਰੇ ਸੈਲਾਨੀ ਚਿੜੀਆਘਰ ਵਿੱਚ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਗੇ।
8. ਚਿੜੀਆਘਰ ਵਿਚ ਬੈਰੀਕੇਡਾਂ ਅਤੇ ਹੋਰ ਸਤਹਾਂ ਨੂੰ ਛੂਹਣ ਤੋਂ ਬਚੋ ਤਾਂ ਜੋ ਫੈਲਾਅ ਅਤੇ ਗੰਦਗੀ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ।
9. ਸੈਲਾਨੀਆਂ ਦੀ ਆਵਾਜਾਈ ਸਿਰਫ ਨਿਰਧਾਰਤ ਯਾਤਰੀ ਮਾਰਗਾਂ ’ਤੇ ਹੋਣੀ ਚਾਹੀਦੀ ਹੈ ਅਤੇ ਸ਼ਾਰਟਕੱਟਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
10. ਸੈਲਾਨੀਆਂ ਨੂੰ ਚਿੜੀਆਘਰ ਦੇ ਖੁੱਲੇ ਖੇਤਰਾਂ ਵਿੱਚ ਥੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸੇ ਨੂੰ ਵੀ ਪਾਨ ਮਸਾਲਾ, ਗੁਟਕਾ ਅਤੇ ਖੈਨੀ ਚਬਾਉਣ ਅਤੇ ਚਿੜੀਆਘਰ ਵਿਚ ਥੁੱਕਣ ਦੀ ਆਗਿਆ ਨਹੀਂ ਹੈ।
11. ਕੋਵਿਡ-19 ਮਹਾਮਾਰੀ ਕਾਰਨ ਕਲੋਕ ਰੂਮ/ਸਮਾਨ/ਲਾਕਰ ਰੂਮ ਦੀ ਸਹੂਲਤ ਅਸਥਾਈ ਤੌਰ ‘ਤੇ ਵਾਪਸ ਲਈ ਜਾ ਰਹੀ ਹੈ। ਸੈਲਾਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਪਰੋਕਤ ਸਹੂਲਤ ਲਈ ਸਮਾਨ ਨਾ ਲੈ ਕੇ ਜਾਣ।
12. ਸਾਰੇ ਸੈਲਾਨੀ ਸਖ਼ਤ ਨਿਗਰਾਨੀ ਅਧੀਨ ਹੋਣਗੇ ਅਤੇ ਕਿਸੇ ਵੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਹਰੇਕ ਵਿਅਕਤੀ ਨੂੰ ਘੱਟੋ ਘੱਟ 500 ਰੁਪਏ ਪ੍ਰਤੀ ਉਲੰਘਣਾ ਜ਼ੁਰਮਾਨਾ ਲਗਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…