ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਨਿਊ ਚੰਡੀਗੜ੍ਹ ਵਿੱਚ ਵਿਕਾਸ ਕਾਰਜਾਂ ਦਾ ਕੀਤਾ ਨਿਰੀਖਣ

ਡਿਵੈਲਪਰਾਂ ਨੂੰ ਖੇਤਰ ਦੇ ਸੁੰਦਰੀਕਰਨ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ

ਨਬਜ਼-ਏ-ਪੰਜਾਬ, ਮੁਹਾਲੀ, 2 ਦਸੰਬਰ:
ਨਿਊ ਚੰਡੀਗੜ੍ਹ ਵਿਖੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਅੱਜ ਵੱਖ-ਵੱਖ ਸਾਈਟਾਂ ਦਾ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ-ਸੀਮਾ ਵਿੱਚ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਹ ਇਲਾਕੇ ਦੇ ਕੁਝ ਡਿਵੈਲਪਰਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਨੂੰ ਆਪਣੇ ਪ੍ਰਾਜੈਕਟਾਂ ਦੇ ਆਲੇ- ਦੁਆਲੇ ਸੁੰਦਰੀਕਰਨ ਦੇ ਕੰਮ ਕਰਨ ਲਈ ਕਿਹਾ।
ਮੁੱਖ ਪ੍ਰਸ਼ਾਸਕ ਨੇ ਸਭ ਤੋਂ ਪਹਿਲਾਂ ਉਸ ਜਗ੍ਹਾ ਦਾ ਦੌਰਾ ਕੀਤਾ ਜਿੱਥੇ ਪੀਆਰ-4 ਸੜਕ ਨੂੰ ਅਪਗਰੇਡ ਕਰਨ ਦਾ ਕੰਮ ਚੱਲ ਰਿਹਾ ਹੈ। ਕੰਮ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਇੰਜੀਨੀਅਰਾਂ ਦੀ ਟੀਮ ਨੇ ਦੱਸਿਆ ਕਿ ਇਸ 200 ਫੁੱਟ ਚੌੜੀ ਸੜਕ ਦੇ ਅਪਗ੍ਰੇਡੇਸ਼ਨ ਦੇ ਕੰਮ ਵਿੱਚ 3 ਪੁਲਾਂ ਦਾ ਨਿਰਮਾਣ ਅਤੇ ਜਨਤਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸ਼ਾਮਲ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਇਹ ਸੜਕ ਨਿਊ ਚੰਡੀਗੜ ਵਿਖੇ ਬਣ ਰਹੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਨੂੰ ਪਹੁੰਚ ਮੁਹੱਈਆ ਕਰਵਾਏਗੀ।
ਸ੍ਰੀ ਗੁਪਤਾ ਨੇ ਇੰਜਨੀਅਰਿੰਗ ਵਿੰਗ ਨੂੰ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦੀ ਹਦਾਇਤ ਕੀਤੀ ਕਿਉਂਕਿ ਇਸ ਸਟੇਡੀਅਮ ਵਿੱਚ ਜਲਦੀ ਹੀ ਅੰਤਰਰਾਸ਼ਟਰੀ ਮੈਚ ਕਰਵਾਏ ਜਾਣ ਦੀ ਉਮੀਦ ਹੈ। ਉਨ੍ਹਾਂ ਨੇ ਵੀਆਰ-5 ਸੜਕ ਦੇ ਨਿਰਮਾਣ ਦੇ ਕੰਮ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਸਬੰਧਤ ਮੰਡਲ ਇੰਜਨੀਅਰ ਤੋਂ ਇਸ ਕੰਮ ਦੀ ਸਥਿਤੀ ਬਾਰੇ ਵੇਰਵੇ ਹਾਸਲ ਕਰਨ ਉਪਰੰਤ ਉਸ ਨੂੰ ਹਦਾਇਤ ਕੀਤੀ ਕਿ ਕੰਮ ਵਿੱਚ ਕਿਸੇ ਕਿਸਮ ਦੀ ਵੀ ਦੇਰੀ ਨਾ ਹੋਵੇ ਅਤੇ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾਵੇ।
ਇਸ ਤੋਂ ਬਾਅਦ ਸ਼੍ਰੀ ਗੁਪਤਾ ਨੇ ਕੁਝ ਡਿਵੈਲਪਰਾਂ ਜਿਨ੍ਹਾਂ ਨੇ ਇਸ ਇਲਾਕੇ ਵਿੱਚ ਆਪਣੇ ਪ੍ਰਾਜੈਕਟ ਸਥਾਪਿਤ ਕੀਤੇ ਹਨ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਡਿਵੈਲਪਰਾਂ ਨੂੰ ਅਪੀਲ ਕੀਤੀ ਕਿ ਉਹ ਸੀਐਸਆਰ ਗਤੀਵਿਧੀ ਹੇਠ ਸੁੰਦਰੀਕਰਨ, ਲੈਂਡਸਕੇਪਿੰਗ, ਪੌਦੇ ਲਗਾਉਣ ਆਦਿ ਦੇ ਕੰਮ ਕਰਵਾਉਣ ਤਾਂ ਜੋ ਇਲਾਕੇ ਦੀ ਨੁਹਾਰ ਬਦਲ ਸਕੇ। ਦੌਰੇ ਦੌਰਾਨ ਮੁੱਖ ਪ੍ਰਸ਼ਾਸਕ ਦੇ ਨਾਲ ਅਜੈ ਗਰਗ ਨਿਗਰਾਨ ਇੰਜੀਨੀਅਰ ਤੋਂ ਇਲਾਵਾ ਵੱਖ-ਵੱਖ ਡਵੀਜ਼ਨਾਂ ਦੇ ਮੰਡਲ ਇੰਜੀਨੀਅਰ, ਉਪ ਮੰਡਲ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਵੀ ਮੌਜੂਦ ਰਹੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…