Share on Facebook Share on Twitter Share on Google+ Share on Pinterest Share on Linkedin ਮੁੱਖ ਚੋਣ ਕਮਿਸ਼ਨਰ ਦੀ ਅਗਵਾਈ ਵਿੱਚ ਭਾਰਤੀ ਚੋਣ ਕਮਿਸ਼ਨ ਦੀ ਪੂਰੀ ਟੀਮ ਵੱਲੋਂ ਪੰਜਾਬ ਦਾ ਦੋ ਰੋਜ਼ਾ ਦੌਰਾ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ: ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੇ ਮੱਦੇਨਜ਼ਰ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਨਸੀਮ ਜ਼ੈਦੀ ਦੀ ਅਗਵਾਈ ਵਿੱਚ ਪੂਰੇ ਕਮਿਸ਼ਨ ਨੇ ਪੰਜਾਬ ਦੀ ਦੋ ਰੋਜ਼ਾ ਫੇਰੀ ਦੌਰਾਨ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਪਾਸੋਂ ਪੰਜਾਬ ਵਿੱਚ ਪੁਰ ਅਮਨ ਅਤੇ ਨਿਰਪੱਖ ਢੰਗ ਨਾਲ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਸੁਝਾਅ ਮੰਗੇ ਅਤੇ ਇਸ ਸਬੰਧੀ ਉਨ੍ਹਾਂ ਨਾਲ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਵੀ ਕੀਤਾ। ਇਸ ਤੋ ਇਲਾਵਾ ਪੁਰ-ਅਮਨ, ਸ਼ਾਂਤੀ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ, ਡੀ.ਜੀ.ਪੀ., ਸਮੂਹ ਜ਼ਿਲ੍ਹਿਆਂ ਦੇ ਡੀ.ਸੀਜ਼, ਕਮਿਸ਼ਨਰ ਆਫ ਪੁਲਿਸ, ਐਸ.ਐਸ.ਪੀ.ਜ਼ੀ. ਡੀ.ਆਈ.ਜੀਜ਼ ਤੇ ਆਈ.ਜੀਜ਼, ਕੌਮੀ ਹਥਿਆਰਬੰਦ ਪੁਲਿਸ ਬਲਾਂ ਦੇ ਕੋਆਰਡੀਨੇਟਰਾਂ, ਸੂਬੇ ਦੇ ਹੋਰਨਾਂ ਸੀਨੀਅਰ ਅਧਿਕਾਰੀਆਂ ਅਤੇ ਆਮਦਨ ਕਰ, ਨਾਰਕੋਟੈਕਿਸ, ਆਬਕਾਰੀ ਅਤੇ ਇਨਫੋਰਸਮੈਂਟ ਏਜੰਸੀਆਂ ਦੇ ਸੂਬਾਈ ਨੁਮਾਇੰਦਿਆਂ ਨਾਲ ਵੀ ਵੱਖਰੇ ਤੌਰ ਉਤੇ ਮੁਲਾਕਾਤ ਕੀਤੀ। ਇਨ੍ਹਾਂ ਮੀਟਿੰਗਾਂ ਵਿੱਚ ਮੁੱਖ ਚੋਣ ਕਮਿਸ਼ਨਰ ਸ੍ਰੀ ਜ਼ੈਦੀ ਦੇ ਨਾਲ ਚੋਣ ਕਮਿਸ਼ਨਰ ਸ੍ਰੀ ਓ.ਪੀ.ਰਾਵਤ ਤੇ ਸ੍ਰੀ ਏ.ਕੇ.ਜੋਤੀ, ਡਿਪਟੀ ਚੋਣ ਕਮਿਸ਼ਨਰ ਸ੍ਰੀ ਵਿਜੇ ਦੇਵ, ਡਾਇਰੈਕਟਰ ਜਨਰਲ (ਖਰਚਾ) ਸ੍ਰੀ ਦਿਲੀਪ ਸ਼ਰਮਾ, ਡਾਇਰੈਕਟਰ ਧਰਿੰਦਰਾ ਓਝਾ ਤੇ ਸ੍ਰੀ ਨਿਖੀਲ ਕੁਮਾਰ, ਸ੍ਰੀ ਮਨੀਸ਼ ਮੀਨਾ, ਪੰਜਾਬ ਦੇ ਮੁੱਖ ਚੋਣ ਅਫਸਰ ਸ੍ਰੀ ਵੀ.ਕੇ.ਸਿੰਘ, ਏ.ਡੀ.ਜੀ.ਪੀ. ਸ੍ਰੀ ਵੀ.ਕੇ.ਭਾਵੜਾ, ਵਧੀਕ ਮੁੱਖ ਚੋਣ ਅਫਸਰ ਸ੍ਰੀ ਸਿਬਨ ਸੀ, ਡੀ. ਲਾਕੜਾ ਤੇ ਸ੍ਰੀ ਮਨਜੀਤ ਸਿੰਘ ਨਾਰੰਗ, ਸੰਯੁਕਤ ਮੁੱਖ ਚੋਣ ਅਫਸਰ ਸ੍ਰੀਮਤੀ ਹਰਗੁਣਜੀਤ ਕੌਰ ਤੇ ਉਪ ਮੁੱਖ ਚੋਣ ਅਫਸਰ ਸ੍ਰੀ ਸੁਖਦੇਵ ਲਾਲ ਵੀ ਹਾਜ਼ਰ ਸਨ। ਮੀਟਿੰਗਾਂ ਉਪਰੰਤ ਮੁੱਖ ਚੋਣ ਕਮਿਸ਼ਨਰ ਸ੍ਰੀ ਨਸੀਮ ਜ਼ੈਦੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਗੱਲ ਕਰਦਿਆਂ ਦੱਸਿਆ ਕਿ ਸਿਆਸੀ ਪਾਰਟੀਆਂ ਦੁਆਰਾ ਕੁਝ ਮੁੱਦੇ ਚੁੱਕੇ ਗਏ ਅਤੇ ਇਸ ਸਬੰਧੀ ਸੁਝਾਅ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਸਿਆਸੀ ਪਾਰਟੀਆਂ ਨੇ ਚੋਣ ਸੂਚੀ ਤਿਆਰ ਕਰਨ ਅਤੇ ਕੌਮੀ ਹਥਿਆਰਬੰਦ ਪੁਲਿਸ ਬਲਾਂ ਦੀ ਆਉਂਦੀਆਂ ਚੋਣਾਂ ਲਈ ਤਾਇਨਾਤੀ ਉਤੇ ਤਸੱਲੀ ਜ਼ਾਹਰ ਕੀਤੀ। ਉਨ੍ਹਾਂ ਦੱਸਿਆ ਕਿ ਸਿਆਸੀ ਧਿਰਾਂ ਵੱਲੋਂ ਚੁੱਕੇ ਗਏ ਮੁੱਦਿਆਂ ਵਿੱਚ ਪੋਲਿੰਗ ਸਟੇਸ਼ਨਾਂ ਅਤੇ ਨੇੜਲੇ ਸਥਾਨਾਂ ਉਤੇ ਸੁਰੱਖਿਆ ਦੇ ਸਖਤ ਇੰਤਜ਼ਾਮ, ਇਲਾਕੇ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਅਤੇ ਲੋਕਾਂ ਵਿੱਚ ਵਿਸ਼ਵਾਸ ਕਾਇਮ ਰੱਖਣ ਹਿੱਤ ਸੁਰੱਖਿਆ ਫੋਰਸਾਂ ਦੀ ਵਾਜਬ ਤਾਇਨਾਤੀ, ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਕੁਝ ਆਗੂਆਂ ਦੇ ਭਾਸ਼ਣ ਜਾਂ ਅਮਨ ਕਾਨੂੰਨ ਦੀ ਸਥਿਤੀ ਵਿੱਚ ਵਿਗਾੜ ਪੈਦਾ ਕਰਨ ਲਈ ਪੱਥਰਬਾਜ਼ੀ ਦੀ ਧਮਕੀ ਅਤੇ ਨਫਰਤ ਫੈਲਾਉਣ ਦੀਆਂ ਹਰਕਤਾਂ ਦੀ ਰੋਕਥਾਮ, ਚੋਣ ਮਸ਼ੀਨਰੀ ਜਾਂ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ ’ਤੇ ਕਰੜੀ ਨਜ਼ਰ ਰੱਖ ਕੇ ਉਨ੍ਹਾਂ ਖਿਲਾਫ ਕਾਰਵਾਈ ਜੋ ਕਿ ਕੁਝ ਉਮੀਦਵਾਰਾਂ ਨੂੰ ਲਾਭ ਪਹੁੰਚਦੇ ਜਾਂ ਪੱਖਪਾਤ ਵਾਲਾ ਰਵੱਈਆ ਅਖਤਿਆਰ ਕਰਦੇ ਪਾਏ ਜਾਂਦੇ ਹਨ ਅਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਪੈਸਾ, ਨਸ਼ਾ/ਸ਼ਰਾਬ ਅਤੇ ਗੁੰਡਾਗਰਦੀ ਦੇ ਇਸਤੇਮਾਲ ਨਾਲ ਹੁੰਦੀਆਂ ਬੇਨਿਯਮੀਆਂ ਨੂੰ ਨੱਥ ਪਾਉਣਾ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਸਬੰਧੀ ਕੁਝ ਸਿਆਸੀ ਧਿਰਾਂ ਨੇ ਮੰਗ ਰੱਖੀ ਕਿ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਜਾਰੀ ਨੀਲੇ ਰਾਸ਼ਨ ਕਾਰਡਾਂ ਜਿਨ੍ਹਾਂ ਉਥੇ ਮੁੱਖ ਮੰਤਰੀ ਦੀਆਂ ਤਸਵੀਰਾਂ ਹਨ, ਉਤੇ ਪਾਬੰਦੀ ਲਾਈ ਜਾਵੇ ਕਿਉਂਕਿ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਸਭਨਾਂ ਨੂੰ ਬਰਾਬਰੀ ਨੂੰ ਮੌਕਾ ਦੇਣ ਦੇ ਰਾਹ ਵਿੱਚ ਅੜਿੱਕਾ ਹੈ। ਇਸ ਤੋਂ ਇਲਾਵਾ ਸਿਆਸੀ ਆਗੂਆਂ ਨੂੰ ਚੋਣਵੇਂ ਸੁਰੱਖਿਆ ਕਵਰ ਮੁਹੱਈਆ ਕਰਵਾਏ ਜਾਣ ਦਾ ਮੁੱਦਾ ਚੱੁਕਿਆ ਗਿਆ ਜਿਨ੍ਹਾਂ ਦਾ ਇਸਤੇਮਾਲ ਵੋਟਰਾਂ ਨੂੰ ਡਰਾਉਣ ਲਈ ਕੀਤਾ ਜਾ ਰਿਹਾ ਹੈ। ਵੱਖੋਂ-ਵੱਖ ਸੰਵਿਧਾਨਕ ਬੋਰਡਾਂ ਵਿੱਚ ਸਿਆਸਤ ਤੋਂ ਪ੍ਰੇਰਿਤ ਪਾਰਟੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਮੁੱਦਾ ਚੁੱਕਿਆ ਗਿਆ ਜੋ ਕਿ ਸਿਆਸੀ ਲਾਹਾ ਲੈਣ ਲਈ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਕਰ ਰਹੇ ਹਨ। ਹੋਰਨਾਂ ਮੁੱਦਿਆਂ ਵਿੱਚ ਕੁਝ ਜ਼ਿਲ੍ਹਿਆਂ ਵਿੱਚ ਕੁਝ ਮੰਤਰੀਆਂ ਵੱਲੋਂ ਇਸਤੇਮਾਲ ਲਿਆਏ ਜਾਣ ਵਾਲੇ ਵਾਹਨਾਂ ਦੇ ਵੱਡੇ-ਵੱਡੇ ਕਾਫਲੇ, ਕੁਝ ਸਥਾਨਾਂ ਉਤੇ ਪੁਲਿਸ ਵੱਲੋਂ ਕੁਝ ਸਿਆਸੀ ਪਾਰਟੀਆਂ ਦੇ ਕਾਰਕੁੰਨਾਂ ਨੂੰ ਚੋਣਵੇਂ ਤੌਰ ’ਤੇ ਤੰਗ ਪ੍ਰੇਸ਼ਾਨ ਕਰਨਾ ਅਤੇ ਕੁਝ ਜ਼ਿਲ੍ਹਿਆਂ ਵਿੱਚ ਹਲਕਾ ਇੰਚਾਰਜਾਂ ਵੱਲੋਂ ਸਥਾਨਕ ਪੱਧਰ ਦੇ ਅਧਿਕਾਰੀਆਂ ਨੂੰ ਅਜੇ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਜਿਸ ਉਤੇ ਨੱਥ ਪਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਸਭ ਸਿਆਸੀ ਧਿਰਾਂ ਨੂੰ ਯਕੀਨ ਦਿਵਾਇਆ ਗਿਆ ਕਿ ਕਮਿਸ਼ਨ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਅਮਨ ਸ਼ਾਂਤੀ, ਨਿਰਪੱਖ ਅਤੇ ਸ਼ਮੂਲੀਅਤ ਭਰੇ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ ਜਾਵੇਗਾ। ਕਮਿਸ਼ਨ ਨੇ ਸੂਬੇ ਦੀ ਚੋਣ ਮਸ਼ੀਨਰੀ ਨੂੰ ਹਦਾਇਤਾਂ ਦਿੱਤੀਆਂ ਕਿ ਸਿਆਸੀ ਪਾਰਟੀਆਂ ਦੇ ਖਦਸ਼ਿਆਂ ਨੂੰ ਦੂਰ ਕੀਤਾ ਜਾਵੇ ਅਤੇ ਲੋਕਾਂ ਵਿੱਚ ਆਪਣੇ ਵੋਟ ਦਾ ਅਧਿਕਾਰ ਬਿਨਾਂ ਕਿਸੇ ਡਰ, ਧਮਕੀ ਜਾਂ ਜ਼ੋਰ ਜਬਰਦਸਤੀ ਦੇ ਇਸਤੇਮਾਲ ਕਰਨ ਨੂੰ ਯਕੀਨੀ ਬਣਾਉਣ ਲਈ ਵਿਸ਼ਵਾਸ ਪੈਦਾ ਕੀਤਾ ਜਾਵੇ ਅਤੇ ਸਭਨਾਂ ਨੂੰ ਇਕ ਸਮਾਨ ਮੌਕੇ ਦਿੱਤੇ ਜਾਣ। ਅਮਨ-ਕਾਨੂੰਨ- ਸੁਰੱਖਿਆ ਪ੍ਰਬੰਧ ਬਾਰੇ ਗੱਲ ਕਰਦਿਆਂ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨ ਵੱਲੋਂ ਪੁਰ ਅਮਨ ਅਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਲਈ ਲੋੜੀਂਦਾ ਮਾਹੌਲ ਤਿਆਰ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਇਸ ਲਈ ਕਮਿਸ਼ਨ ਨੇ ਸੂਬਾਈ ਅਤੇ ਜ਼ਿਲਾ ਪੱਧਰ ਉਤੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਕੌਮੀ ਹਥਿਆਰਬੰਦ ਪੁਲਿਸ ਬਲਾਂ ਦੁਆਰਾ ਫਲੈਗ ਮਾਰਚ/ਇਲਾਕੇ ਵਿੱਚ ਅਮਨ ਕਾਨੂੰਨ ਬਣਾਈ ਰੱਖਣਾ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਹੋਰ ਜ਼ਰੂਰੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਜਨਰਲ ਅਤੇ ਪੁਲਿਸ ਨਿਗਰਾਨਾਂ ਦੀ ਸੂਬੇ ਵਿੱਚ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਸਮੂਹ ਗਤੀਵਿਧੀਆਂ ਉਪਰ ਨਜ਼ਰ ਰੱਖ ਕੇ ਸਥਾਨਕ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਜਾ ਸਕੇ। ਇਨ੍ਹਾਂ ਨਿਗਰਾਨਾਂ ਦੇ ਫੋਨ ਨੰਬਰ ਆਮ ਜਨਤਾ ਨੂੰ ਉਪਲੱਬਧ ਹੋਣਗੇ ਅਤੇ ਉਹ ਸਿੱਧੇ ਕਮਿਸ਼ਨ ਨੂੰ ਰਿਪੋਰਟ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਕਮਿਸ਼ਨ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਕਿ ਪਹਿਚਾਣ ਕੀਤੇ ਗਏ ਗੈਰ ਸਮਾਜੀ ਤੇ ਗਲਤ ਅਨਸਰਾਂ/ਗੁੰਡਿਆਂ/ਭਗੌੜਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਅਪਰਾਧੀ ਵਿਅਕਤੀਆਂ ਵੱਲੋਂ ਜੇਲ੍ਹ ਦੇ ਅੰਦਰ ਅਤੇ ਬਾਹਰ ਕੀਤੀਆਂ ਜਾਂਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਜੇਲ੍ਹਾਂ ਦਾ ਵਿਸਥਾਰਤ ਨਿਰੀਖਣ ਕੀਤਾ ਜਾਵੇ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਮੂਹ ਜ਼ਿਲੈ ਮੈਜਿਸਟ੍ਰੇਟ ਅਤੇ ਐਸ.ਐਸ.ਪੀਜ਼ ਨੂੰ ਹੁਕਮ ਦਿੱਤੇ ਗਏ ਹਨ ਕਿ ਵੱਖੋ-ਵੱਖ ਸਿਆਸੀ ਆਗੂਆਂ ਨਾਲ ਤਾਇਨਾਤ ਗੰਨਮੈਨਾਂ/ਸੁਰੱਖਿਆ ਅਮਲਿਆਂ ਦੇ ਮਾਮਲਿਆਂ, ਜਿਨ੍ਹਾਂ ਨੂੰ ‘ਧਮਕੀ ਮੁਲਾਂਕਣ ਕਮੇਟੀ’ ਦੀ ਪ੍ਰਵਾਨਗੀ ਨਹੀਂ ਮਿਲੀ, ਨੂੰ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਆਗਿਆ ਨਾ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ 4000 ਪੋਲਿੰਗ ਸਟੇਸ਼ਨਾਂ ਉਤੇ ਵੈਬਕਾਸਟਿੰਗ ਅਤੇ ਵੀਡਿਓਗ੍ਰਾਫੀ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦਾਂ, ਅੰਤਰ ਰਾਜੀ ਸਰਹੱਦਾਂ, ਸੰਵੇਦਨਸ਼ੀਲ ਸਥਾਨਾਂ ਅਤੇ ਪ੍ਰਮੁੱਖ ਸਥਾਨਾਂ ਉਥੇ ਸੀ.ਸੀ.ਟੀ.ਵੀ. ਅਤੇ ਵੀਡਿਓਗ੍ਰਾਫੀ ਕਰੜੀ ਨਿਗ੍ਹਾ ਰੱਖੀ ਜਾਵੇਗੀ। ਵੋਟਾਂ ਦੇਣ ਵਾਲੇ ਕੌਮਾਂਤਰੀ ਤੇ ਅੰਤਰ ਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਹਦਾਇਤਾਂ ਦਿੱਤੀਆਂ ਹਨ ਕਿ ਸੂਬੇ ਦੇ ਸਾਰੇ ਲਾਇਸੈਂਸੀ ਹਥਿਆਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜ਼ਿਲਾ ਪੱਧਰੀ ਕਮੇਟੀ ਦੁਆਰਾ ਛੋਟ ਹਾਸਲ ਹਥਿਆਰਾਂ ਤੋਂ ਇਲਾਵਾ ਬਾਕੀ ਸਾਰੇ ਹਥਿਆਰ ਚੋਣਾਂ ਤੋਂ ਪਹਿਲਾਂ ਜਮ੍ਹਾਂ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲਾ ਚੋਣ ਅਫਸਰਾਂ ਤੇ ਐਸ.ਐਸ.ਪੀਜ਼ ਨੂੰ ਕਿਹਾ ਗਿਆ ਹੈ ਕਿ ਕੌਮੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਜਾਵੇ ਅਤੇ ਰੋਜ਼ਾਨਾ ਇਨ੍ਹਾਂ ਦੀ ਮੀਟਿੰਗ ਕਰ ਕੇ ਇਨ੍ਹਾਂ ਨੂੰ ਸੰਵੇਦਨਸ਼ੀਲ ਖੇਤਰਾਂ ਅਤੇ ਮਾਰਗਾਂ ਉਤੇ ਚੈਕਿੰਗ ਲਈ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਇਹ ਵੀ ਹਦਾਇਤਾਂ ਦਿੱਤੀਆਂ ਹਨ ਕਿ ਗੁਆਂਢੀ ਸੂਬਿਆਂ ਤੋਂ ਵੋਟਰਾਂ ਨੂੰ ਭਰਮਾਉਣ ਲਈ ਨਸ਼ੇ, ਸ਼ਰਾਬ ਅਤੇ ਨਾਜਾਇਜ਼ ਵਸਤੂਆਂ ਦੀ ਤਸਕਰੀ ਰੋਕਣ ਲਈ ਸਖਤ ਕਦਮ ਚੁੱਕੇ ਜਾਣ। ਮੁੱਖ ਚੋਣ ਕਸ਼ਿਮਨਰ ਨੇ ਕਿਹਾ ਕਿ ਹਲਕਾ ਇੰਚਾਰਜਾਂ ਨੂੰ ਹਰਗਿਜ਼ ਇਹ ਆਗਿਆ ਨਹੀਂ ਦਿੱਤੀ ਜਾਵੇਗੀ ਕਿ ਉਹ ਅਧਿਕਾਰੀਆਂ ਨੂੰ ਨਾਜਾਇਜ਼ ਤੌਰ ਉਤੇ ਤੰਗ ਪ੍ਰੇਸ਼ਾਨ ਕਰਨ ਅਤੇ ਸਭਨਾਂ ਨੂੰ ਸਮਾਨ ਮੌਕੇ ਦੇਣ ਦੇ ਉਦੇਸ਼ ਦੇ ਰਾਹ ਵਿੱਚ ਰੋੜਾ ਬਣਨ। ਜੇਕਰ ਲੋੜ ਪਈ ਤਾਂ ਜ਼ਿਲ੍ਹਿਆਂ ਵਿੱਚ ਅਤੇ ਉਨ੍ਹਾਂ ਤੋਂ ਬਾਹਰ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਬਦਲੀ ਕੀਤੀ ਜਾ ਸਕਦੀ ਹੈ। ਕਮਿਸ਼ਨ ਨੇ ਇਹ ਵੀ ਸਖਤ ਹਦਾਇਤਾਂ ਦਿੱਤੀਆਂ ਕਿ ਸਿਆਸੀ ਵਿਅਕਤੀਆਂ ਨਾਲ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਵੋਟਰਾਂ ਨੂੰ ਡਰਾਉਣ-ਧਮਕਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵੱਖੋ-ਵੱਖ ਸੰਵਿਧਾਨਕ ਬੋਰਡਾਂ ਵਿੱਚ ਪਾਰਟੀ ਕਾਰਕੁੰਨਾਂ ਦੀ ਸਿਆਸਤ ਤੋਂ ਪ੍ਰੇਰਿਤ ਤਾਇਨਾਤੀ ਬਾਬਤ ਸਿਆਸੀ ਧਿਰਾਂ ਦੇ ਇਤਰਾਜ਼ਾਂ ਬਾਰੇ ਕਮਿਸ਼ਨ ਨੇ ਹੁਕਮ ਦਿੱਤੇ ਕਿ ਇਨ੍ਹਾਂ ਬੋਰਡਾਂ ਦੇ ਸੰਵਿਧਾਨਕ ਕੰਮ ਅਤੇ ਫਰਜ਼ ਅਧਿਕਾਰੀਆਂ ਦੁਆਰਾ ਨਿਭਾਏ ਜਾਣਗੇ ਨਾ ਕਿ ਕਿਸੇ ਸਿਆਸੀ ਕਾਰਕੁੰਨ ਦੁਆਰਾ। ਕਾਫਲੇ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਾਬਤ ਆਦਰਸ਼ ਚੋਣ ਜ਼ਾਬਤੇ ਦੇ ਦਿਸ਼ਾ ਨਿਰਦੇਸ਼ਾਂ ਦੀ ਹਰ ਹਾਲਤ ਵਿੱਚ ਪਾਲਣਾ ਕੀਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਿਆਸੀ ਤੌਰ ਉਤੇ ਰੌਲਾ ਪਾਊ ਅਨਸਰਾਂ ਦੀਆਂ ਤਸਵੀਰਾਂ ਵਾਲੇ ਰਾਸ਼ਨ ਕਾਰਡ ਚੱਲਣ ਨਹੀਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅੰਨ ਦੀ ਵੰਡ ਦੀ ਨਿਗਰਾਨੀ ਅਧਿਕਾਰੀਆਂ ਦੁਆਰਾ ਦਿੱਤੀ ਕੀਤੀ ਜਾਵੇਗੀ ਅਤੇ ਸਿਆਸੀ ਚੌਕਸੀ ਕਮੇਟੀ ਕੋਈ ਦਖਲ ਨਹੀਂ ਦੇਵੇਗੀ ਅਤੇ ਸਿਆਸੀ ਹਸਤੀਆਂ ਦੀਆਂ ਤਸਵੀਰਾਂ ਵਾਲੇ ਰਾਸ਼ਨ ਕਾਰਡ ਵੀ ਚੱਲਣ ਨਹੀਂ ਦਿੱਤੇ ਜਾਣਗੇ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ 11 ਜਨਵਰੀ 2017 ਤੱਕ ਕੁੱਲ 67.91 ਕਰੋੜ ਰੁਪਏ ਦਾ ਸਮਾਨ ਫੜਿਆ ਗਿਆ ਹੈ ਦਿਸ ਵਿੱਚ ਨਗਦੀ, ਨਸ਼ਾ ਤੇ ਸ਼ਰਾਬ ਸ਼ਾਮਲ ਹੈ। ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ 3.39 ਕਰੋੜ ਰੁਪਏ ਨਗਦ, 14.27 ਲੱਖ ਰੁਪਏ ਦੀ 14,273 ਲਿਟਰ ਸ਼ਰਾਬ, 37 ਲੱਖ ਰੁਪਏ ਦੀ 37 ਕਿਲੋ ਅਫੀਮ, 1.51 ਕਰੋੜ ਰੁਪਏ ਦੀ 3,777 ਕਿਲੋ ਭੁੱਕੀ, 62.5 ਕਰੋੜ ਰੁਪਏ ਦੀ 25 ਕਿਲੋ ਹੈਰੋਇਨ ਸ਼ਾਮਲ ਹੈ। ਇਸ ਸਬੰਧੀ 8 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਸੂਹੀਆ ਕੁੱਤਿਆਂ ਵੱਲੋਂ ਬਠਿੰਡਾ ਅਤੇ ਬਰਨਾਲਾ ਵਿੱਚ ਭੁੱਕੀ ਦੀਆਂ 2 ਰਿਕਵਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਵਿੱਚ ਖਰਚੇ ਸਬੰਧੀ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਖਰਚਾ ਨਿਗਰਾਨਾਂ ਦੀ ਤਾਇਨਾਤੀ ਕੀਤੀ ਗਈ ਹੈ ਜਿਨ੍ਹਾਂ ਦੇ ਫੋਨ ਨੰਬਰ ਜਨਤਾ ਲਈ ਉਪਲੱਬਧ ਹਨ ਅਤੇ ਇਹ ਸਿੱਧਾ ਕਮਿਸ਼ਨ ਨੂੰ ਰਿਪੋਰਟ ਕਰਨਗੇ। ਉਨ੍ਹਾਂ ਦੱਸਿਆ ਕਿ 451 ਐਫ.ਐਸ.ਟੀ. ਅਤੇ 504 ਐਸ.ਐਸ.ਟੀਜ਼ ਵੀ ਸ਼ੁਰੂ ਕੀਤੇ ਜਾ ਚੁੱਕੇ ਹਨ। ਫਲਾਇੰਗ ਸੂਕੈਅਡ ਦੀ ਮੂਵਮੈਂਟ ਦੀ ਨਿਗਰਾਨੀ ਅਤੇ ਉਨ੍ਹਾਂ ਦੀ ਕਾਰਵਾਈ ਲਈ ਵਰਤੇ ਜਾਂਦੇ ਵਾਹਨਾਂ ਵਿਚ ਜੀ.ਪੀ.ਐਸ. ਸਿਸਟਮ ਲਗਾਇਆ ਗਿਆ ਹੈ ਤਾਂ ਜੋ ਉਨ੍ਹਾਂ ਦੇ ਕੰੰਮ ਕਾਰ ਦੀ ਸਹੀ ਨਿਗਰਾਨੀ ਹੋ ਸਕੇ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਬੈਂਕ ਅਧਿਕਾਰੀਆਂ ਨਾਲ ਤਲਮੇਲ ਕਰਕੇ ਕੈਸ਼ ਦੀ ਮੂਵਮੈਂਟ ਅਤੇ ਏ.ਟੀ.ਐਮ ਦੀ ਵਰਤੋਂ ਸਬੰਧੀ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ ਦੀ ਪਾਲਣਾ ਕਰਵਾਉਣ। ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਪੱਤਰ ਦੇ ਨਾਲ ਦਾਖਲ ਕੀਤੇ ਗਏ ਐਫੀਡਟਵਟਾਂ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਵੈਬਸਾਈਟ ’ਤੇ ਅਪਲੋਡ ਕਰਨ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਤਾਂ ਜੋ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਬਿਨ੍ਹਾ ਸਮਾਂ ਗੁਆਏ ਉਨ੍ਹਾਂ ਦੀ ਜਾਂਚ ਕਰ ਸਕਣ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਨਿਰਪੱਖ ਅਤੇ ਭੈਅਮੁਕਤ ਵੋਟਾਂ ਕਰਵਾਉਣ ਲਈ ਅਖੀਰੀ 72 ਘੰਟਿਆ ਦੋਰਾਨ ਲਾਗੂ ਕੀਤੇ ਜਾਣ ਵਾਲੇ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੰਤਰਰਾਸ਼ਟਰੀ ਸਰਹੱਦ ਦੇ ਨਾਲ 72 ਅਚਨਚੇਤੀ ਨਾਕੇ ਸਥਾਪਤ ਕੀਤੇ ਗਏ ਹਨ। ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਆਖਰੀ 72 ਘੰਟਿਆ ਵਿਚ ਨਾਕਿਆ ਤੇ ਹੋਰ ਥਾਂਵਾਂ ਤੇ ਤਾਇਨਾਤ ਕੀਤੀ ਜਾਵੇਗੀ। ਨਾਰਕੋੋਟਿਕ ਬਿਊਰੋ ਵਲੋਂ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਨਾਲ ਸਾਝੇ ਤੋਰ ਤੇ 22 ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਾਡਲ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਪਹਿਲਾਂ ਡਰੱਗ ਕੰਟਰੋਲਰ ਟੀਮਾਂ ਵਲੋਂ 172 ਥਾਵਾਂ ਤੇ ਛਾਪੇ ਮਾਰੇ ਗਏ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਮਾਡਲ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਅਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ 263ਥਾਵਾਂ ਤੇ ਛਾਪੇ ਮਾਰੇ ਗਏ ਅਤੇ 104 ਐਫ.ਆਈ.ਆਈ. ਦਰਜ ਕੀਤੇ ਗਏ। ਸਮੁੱਚੇ ਰਾਜ ਲਈ 24ਗੁਣਾਂ7 ਕੰਟਰੋਲ ਰੂਮ ਅਤੇ ਟੋਲ ਫਰੀ ਨੰਬਰ 18001809699 ਸਥਾਪਤ ਕੀਤਾ ਗਿਆ ਹੈ ਜੋ ਕਿ ਕੰਮ ਕਰ ਰਹੀਆ ਹਨ। ਹਵਾਈ ਮਾਰਗਾਂ ਰਾਹੀ ਪੈਸੇ ਦੀ ਇਕ ਥਾਂ ਤੋਂ ਦੂਜੇ ਥਾਂ ਦੀ ਮੂਵਮੈਂਟ ਨੂੰ ਮੋਨੀਟਰ ਕਰਨ ਲਈ ਏਅਰ ਇੰਟਲੀਜੈਂਸ ਯੂਨਿਟ (ਏ.ਆਈ.ਯੂ) ਸਥਾਪਤ ਕੀਤੇ ਗਏ ਹਨ ਜੋ ਕਿ ਬਠਿੰਡਾ, ਮੁਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਕੰਮ ਕਰ ਰਹੇ ਹਨ। ਬੇਨਾਮੀ ਬੈਂਕ ਖਾਤਿਆ ਵਿਚ ਪੈਸੇ ਦੀ ਜਮ੍ਹਾ ਕਰਵਾਉਣ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਬੈਂਕਾਂ ਰਾਹੀ ਪੈਸਾ ਦਾ ਵੱਡੇ ਪੱਧਰ ਤੇ ਲੈਣ ਦੇਣ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਆਢੀ ਰਾਜਾਂ ਦੀ ਸਹਾਇਤਾ ਨਾਲ ਡਾਇਰੈਕੋਟੇਰ ਆਫ ਇਨਕਮ ਟੈਕਸ ਵਲੋਂ ਹੁਣ ਤਕ 9 ਸਰਵੇ, 4 ਛਾਪੇ, ਜਬਤੀ ਕਾਰਵਾਈਆਂ, ਸੂਹ ਦੇ ਅਧਾਰ ਤੇ 26 ਮਾਮਲੇ ਦਰਜ ਅਤੇ 200 ਪੜਤਾਲਾਂ ਸਦਕੇ ਹੁਣ ਤਕ 10 ਕਰੋੜ ਫੜੇ ਗਏ ਹਨ ਜਿਸ ਸਦਕੇ 200 ਕਰੋੜ ਦੇ ਕਾਲਾ ਧਨ ਦੇ ਮਾਮਲਿਆ ਦੀ ਪੜਤਾਲ ਕੀਤੀ ਜਾ ਰਹੀ ਹੈ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਅੰਤਰਰਾਜੀ ਅਤੇ ਅੰਤਰ ਏਜੰਸੀ ਕੋਆਰਡੀਨੇਸ਼ਨ ਕਮੇਟੀਆਂ ਸਥਾਪਤ ਕੀਤੀਆਂ ਗਈਆਂ ਹਨ ਜੋ ਕਿ ਨਸ਼ੀਲੇ ਪਦਾਰਥਾਂ ਦੀ ਚੋਣਾਂ ਵਿਚ ਵਰਤੋਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਸਰਗਰਮ ਹਨ ਇਹ ਕਮੇਟੀਆ ਇਸ ਗੱਲ ਨੂੰ ਯਕੀਨ ਬਨਾਉਣ ਲਈ ਕੰਮ ਕਰ ਰਹੀਆ ਹਨ ਕਿ ਰਾਜ ਵਿੱਚ ਭੈਅਮੁਕਤ, ਨਿਰਪੱਖ ਚੋਣਾਂ ਕਰਵਾਈਆਂ ਜਾਣ। ਇਹ ਕਮੇਟੀਆਂ ਸਬ ਡਵੂਜਨਲ ਪੱਧਰ ਤੇ ਵੀ ਗਠਿਤ ਕੀਤੀਆਂ ਗਈਆਂ ਹਨ। ਇਸ ਕਾਰਵਾਈ ਅਧੀਨ 74 ਅੰਤਰਰਾਜੀ ਨਾਕੇ ਸਥਾਪਤ ਕੀਤੇ ਗਏ ਹਨ ਜਿਨ੍ਹਾ ਵਿਚੋਂ 58 ਨਾਕਿਆਂ ਉਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। 22 ਸੂਹੀਆ ਕੁੱਤੇ ਵੀ ਵੱਖ ਵੱਖ ਥਾਵਾਂ ਤੇ ਲਗਾਏ ਗਏ ਹਨ। ਕਮਿਸ਼ਨ ਵਲੋਂ ਸਿਵਲ ਸੁਸਾਇਟੀਜ਼ ਗਰੁਪਾਂ ਨੂੰ ਵੀ ਬੇਨਤੀ ਕੀਤੀ ਗਈ ਕਿ ਉਹ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਆਈ.ਟੀ. ਬੇਸਡ ਐਪਲੀਕੇਸ਼ਨ ਦੀ ਵਰਤੋਂ ਕਰਕੇ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਉਣ। ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਚੋਣ ਪ੍ਰੀਕ੍ਰਿਆ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਵੀ ਵੱਡੇ ਪੱਧਰ ਤੇ ਕੀਤੀ ਗਈ ਹੈ ਜਿਸ ਨਾਲ ਨਾ ਸਿਰਫ ਵੋਟਰਾਂ, ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਇਲੈਕਸ਼ਨ ਮੈਨੇਜਰਾਂ ਨੂੰ ਲਾਭ ਮਿਲੇਗਾ ਸਗੋਂ ਚੋਣ ਪ੍ਰੀਕ੍ਰਿਆ ਦੀ ਨਿਗਰਾਨੀ ਵੀ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾ ਸਕੇਗੀ ਅਤੇ ਲੋਕਾਂ ਦੀ ਸ਼ਿਕਾਇਤਾਂ ਦਾ ਨਿਬੇੜਾ ਵੀ ਬਹੁਤ ਘੱਟ ਸਮੇਂ ਵਿੱਚ ਹੋ ਸਕੇਗਾ। ਇਸ ਲੜੀ ਅਧੀਨ ਵੈਭ ਬੇਸਡ ਐਪ ਐਪ ਲਾਂਚ ਕੀਤੇ ਗਏ ਹਨ ਜਿਨ੍ਹਾ ਦਾ ਨਾਮ ਸਮਾਦਾਨ ਅਤੇ ਸੁਵਿਧਾ ਨਾਮ, ਸੁਗਮ ਵਹੀਕਲ ਮੇਨੈਜਮੇਂਟ ਸਿਸਟਮ ਤੋਂ ਇਲਾਵਾ ਸੀ.ਈ.ਉ., ਡੀ.ਈ.ਉ,ਵੱਲੋਂ ਚੋਣਾਂ ਸਬੰਧੀ ਵੱਖ ਐਪ ਤਿਆਰ ਕੀਤੇ ਗਏ ਹਨ ਜਿਸ ਤੋਂ ਇਲਾਵਾ ਆਰ.ਉ. ਨੈਟ ਅਤੇ ਬੀ.ਐਲ.ਉ. ਨੈਟ ਸਿਸਟਮ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ. : ਰਾਜ ਵਿਚ ਸਮੂੰਹ ਵਿਧਾਨ ਸਭਾ ਹਲਕਿਆ ਵਿਚ ਈ.ਵੀ.ਐਮਜ਼. ਦੀ ਵਰਤੋਂ ਕੀਤੀ ਜਾਵੇਗੀ ਜਿਸ ਤੋਂ ਇਲਾਵਾ ਰਾਜ ਦੀਆਂ 35 ਵਿਧਾਨ ਸਭਾ ਹਲਕਿਆਂ ਵਿਚ 9500 ਵੀ.ਵੀ.ਪੀ.ਏ.ਟੀ.ਦੀ ਵਰਤੋਂ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ