ਮੁੱਖ ਮੰਤਰੀ ਵੱਲੋਂ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਪਰਿਵਾਰ ਨੂੰ 12 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ

ਸ਼ਹੀਦ ਦੇ ਵਾਰਸ ਨੂੰ ਸਰਕਾਰੀ ਨੌਕਰੀ ਤੇ ਬੱਚਿਆਂ ਦੀ ਮੁਫ਼ਤ ਸਿੱਖਿਆ ਦੇਣ ਦਾ ਐਲਾਨ

ਸ਼ਹੀਦ ਦੇ ਪਰਿਵਾਰ ਨਾਲ ਸ਼ੋਕ ਪ੍ਰਗਟਾਉਣ ਲਈ ਰਾਣਾ ਗੁਰਜੀਤ ਸਿੰਘ ਦੀ ਡਿਊਟੀ ਲਾਈ, ਕੈਪਟਨ ਖ਼ੁਦ 7 ਮਈ ਨੂੰ ਜਾਣਗੇ ਸ਼ਹੀਦ ਦੇ ਘਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਮਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਵਾਰਸਾਂ ਨੂੰ 12 ਲੱਖ ਰੁਪਏ ਦੀ ਐਕਸ-ਗੇ੍ਰਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਫੌਜ ਵਲੋਂ ਸੋਮਵਾਰ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਕੀਤੇ ਘਿਨਾਉਣੇ ਹਮਲੇ ਦੌਰਾਨ ਨਾਇਬ ਸੂਬੇਦਾਰ ਪਰਮਜੀਤ ਸਿੰਘ ਸਣੇ ਦੋ ਭਾਰਤੀ ਫੌਜੀਆਂ ਨੂੰ ਆਪਣੇ ਪ੍ਰਾਣਾਂ ਦੀ ਆਹੂਤੀ ਦੇਣੀ ਪਈ ਸੀ ਅਤੇ ਪਾਕਿਸਤਾਨ ਫੌਜੀਆਂ ਵੱਲੋਂ ਜਾਲਮਾਨਾ ਢੰਗ ਨਾਲ ਇਨ੍ਹਾਂ ਦੀਆਂ ਦੇਹਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਮੁੱਖ ਮੰਤਰੀ ਸੱਤ ਮਈ ਨੂੰ ਸ਼ਹੀਦ ਦੇ ਤਰਨ ਤਾਰਨ ਸਥਿਤ ਜੱਦੀ ਪਿੰਡ ਜਾਣਗੇ ਅਤੇ ਉਨ੍ਹਾਂ ਨੇ ਅੱਜ ਆਪਣੇ ਕੈਬਨਿਟ ਸਾਥੀ ਰਾਣਾ ਗੁਰਜੀਤ ਸਿੰਘ ਦੀ ਇਸ ਵੱਡੇ ਨੁਕਸਾਨ ਲਈ ਨਿੱਜੀ ਤੌਰ ’ਤੇ ਦੁਖੀ ਪਰਿਵਾਰ ਕੋਲ ਜਾ ਕੇ ਦੁੱਖ ਸਾਂਝਾ ਕਰਨ ਦੀ ਡਿਊਟੀ ਲਾਈ ਸੀ।
ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਪਤਨੀ ਅਤੇ ਬੱਚਿਆਂ ਨੂੰ 5 ਲੱਖ ਰੁਪਏ ਨਗਦ ਅਤੇ ਏਨੀ ਹੀ ਕੀਮਤ ਦਾ ਪਲਾਟ ਦਿੱਤਾ ਜਾਵੇਗਾ ਜਦਕਿ ਸ਼ਹੀਦ ਦੇ ਮਾਪਿਆਂ ਨੂੰ 2 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸ਼ਹੀਦ ਫੌਜੀ ਦੇ ਵਾਰਸ ਨੂੰ ਇੱਕ ਢੁਕਵੀਂ ਸਰਕਾਰੀ ਨੌਕਰੀ ਦੇਣ ਅਤੇ ਉਸਦੇ ਬੱਚਿਆਂ ਨੂੰ ਸੂਬੇ ਦੇ ਨੌਂ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿੱਚੋਂ ਇੱਕ ਵਿੱਚ ਡਿਗਰੀ ਕੋਰਸਾਂ ਤੱਕ ਮੁਫਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਸਥਾਨਿਕ ਸਰਕਾਰੀ ਰੈਸਟ ਹਾਉਸ ਦਾ ਨਾਮ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਨਾਮ ’ਤੇ ਰੱਖਣ ਦੇ ਲਈ ਰੈਡ ਕਰਾਸ ਦੇ ਰਾਹੀਂ ਇੱਕ ਲੱਖ ਰੁਪਏ ਦੇਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਡਿਪਟੀ ਕਮਿਸ਼ਨਰ, ਐਸ.ਡੀ.ਐਮ ਅਤੇ ਐਸ.ਐਸ.ਪੀ ਸਣੇ ਸਥਾਨਿਕ ਪ੍ਰਸ਼ਾਸਨਿਕ ਅਧਿਕਾਰੀ ਸ਼ਹੀਦ ਦੇ ਸੰਸਕਾਰ ਮੌਕੇ ਹਾਜ਼ਰ ਹੋਏ। ਸ਼ਹੀਦ ਦੀ ਦੇਹ ਹੈਲੀਕਾਪਟਰ ਰਾਹੀ ਪੁੰਛ ਤੋਂ ਉਸਦੇ ਜੱਦੀ ਪਿੰਡ ਆਉਣ ਤੋਂ ਬਾਅਦ ਪੂਰੇ ਸਰਕਾਰੀ ਸਨਮਾਣ ਨਾਲ ਉਸਦਾ ਸੰਸਕਾਰ ਕੀਤਾ ਗਿਆ। ਰੱਖਿਆ ਸੇਵਾਵਾਂ ਭਲਾਈ ਪੰਜਾਬ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾਮੁਕਤ) ਜੇ.ਐਸ ਅਰੋੜਾ ਅਤੇ ਡਿਪਟੀ ਜੀ.ਓ.ਸੀ ਪੈਂਥਰ ਡਵੀਜ਼ਨ ਅੰਮ੍ਰਿਤਸਰ ਦੇ ਬ੍ਰਿਗੇਡੀਅਰ ਸੁਸ਼ੀਲ ਸ਼ਰਮਾ ਸਣੇ ਹੋਰ ਵੀ ਅਨੇਕਾਂ ਸੀਨੀਅਰ ਫੌਜੀ ਅਧਿਕਾਰੀ ਸੰਸਕਾਰ ਮੌਕੇ ਹਾਜ਼ਰ ਸਨ।
ਵੇਈਂਪੂਈਂ ਪਿੰਡ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਨੇ ਪਾਕਿਸਤਾਨੀ ਫੌਜ ਵਲੋਂ ਕੀਤੇ ਅਮਾਨਵੀ ਅਤੇ ਘਿਨਾਉਣੇ ਹਮਲੇ ਵਿੱਚ ਆਪਣਾ ਬਲਿਦਾਨ ਦਿੱਤਾ ਹੈ। ਇਹ ਹਮਲਾ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਭਾਰਤ-ਪਾਕਿ ਸੀਮਾ ’ਤੇ ਗੋਲੀਬਾਰੀ ਦੀ ਉਲੰਘਣਾ ਕਰਕੇ ਕੀਤਾ ਗਿਆ ਸੀ। ਇਸ ਘਿਨਾਉਣੀ ਕਾਰਵਾਈ ’ਤੇ ਡੂੰਘਾ ਦੁੱਖ ਅਤੇ ਗੱੁਸਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਆਪਣਾ ਮਹਾਨ ਬਲਿਦਾਨ ਦੇਣ ਬਦਲੇ ਸਮੱਚਾ ਦੇਸ਼ ਉਨ੍ਹਾਂ ਦਾ ਰਿਣੀ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਦੇ ਬਹਾਦਰ ਪੁੱਤਰ ਨੇ ਆਪਣਾ ਬਲਿਦਾਨ ਦੇ ਕੇ ਦੇਸ਼ ਭਗਤੀ ਦੀਆਂ ਸ਼ਾਨਦਾਰ ਕਦਰਾਂ-ਕੀਮਤਾਂ ਨੂੰ ਬਣਾਈ ਰੱਖਿਆ ਹੈ। ਮੁੱਖ ਮੰਤਰੀ ਨੇ ਬਹਾਦਰ ਫੌਜੀ ਨੂੰ ਸਲਾਮ ਦਿੱਤਾ ਅਤੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਅਤੇ ਇਸ ਨਾ ਪੂਰੇ ਜਾਣ ਵਾਲੇ ਘਾਟੇ ਨੂੰ ਸਹਿਣ ਕਰਨ ਲਈ ਪਰਿਵਾਰ ਨੂੰ ਬਲ ਬਖਸ਼ਣ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…