ਮੁੱਖ ਮੰਤਰੀ ਵੱਲੋਂ ਮੁਹਾਲੀ ਵਿੱਚ ਐਸਟੀਪੀਆਈ ਦੀ ਸ਼ੁਰੂਆਤ ਲਈ ਸਮਝੌਤੇ ’ਤੇ ਸਹੀ ਪਾਉਣ ਦਾ ਐਲਾਨ

ਆਈਟੀ ਅਤੇ ਆਈਟੀਈਐਸ ਦੇ ਨਿਵੇਸ਼ ਵਿੱਚ ਸਹੂਲਤ ਮੁਹੱਈਆ ਕਰਾਉਣ ਲਈ ਸਟਾਰਟਅਪ ਪੋਰਟਲ ਦੀ ਸ਼ੁਰੂਆਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ (ਐਸਟੀਪੀਆਈ) ਦਾ ਮੁਹਾਲੀ ਵਿਖੇ ਇਕ ਕੇਂਦਰ ਸਥਾਪਿਤ ਕਰਨ ਵਾਸਤੇ ਸਹਿਮਤੀ ਪੱਤਰ ’ਤੇ ਸਹੀ ਪਾਉਣ ਦਾ ਐਲਾਨ ਕੀਤਾ ਹੈ ਜਿੱਥੇ ਸੂਬਾ ਸਰਕਾਰ ਦਾ ਸਰਕਾਰੀ ਸਮਰਥਨ ਵਾਲਾ ਭਾਰਤ ਦਾ ਸਭ ਤੋਂ ਵੱਡਾ ਸ਼ੁਰੂਆਤੀ ਧੁਰਾ (ਸਟਾਰਟਅਪ ਹੱਬ) ਸਥਾਪਤ ਕਰਨ ਦਾ ਪ੍ਰਸਤਾਵ ਹੈ। ਇਸ ਸਹਿਮਤੀ ਪੱਤਰ ’ਤੇ ਉਦਯੋਗ ਵਿਭਾਗ, ਸੋਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ, ਇੰਡੀਅਨ ਸਕੂਲ ਆਫ ਬਿਜ਼ਨਸ (ਆਈਐਸਬੀ) ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਨੇ ਹਸਤਾਖਰ ਕੀਤੇ ਹਨ। ਆਈਐਸਬੀ ਅਤੇ ਪੀਟੀਯੂ ਇਸ ਸ਼ੁਰੂਆਤੀ ਧੁਰੇ ਦੇ ਬੋਧ ਭਾਈਵਾਲ ਵਜੋਂ ਕਾਰਜ ਕਰਨਗੇ।
ਟਾਈਮਜ਼ ਆਫ ਇੰਡੀਆ ਗਰੁੱਪ ਵੱਲੋਂ ਆਯੋਜਿਤ ‘ਮੁਹਾਲੀ ਐਜ਼ ਨੈਕਸਟ ਬਿੱਗ ਆਈ.ਟੀ. ਹੱਬ ਇਨ ਦਾ ਨਾਰਥ’ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਮੋਹਾਲੀ ਸ਼ੁਰੂਆਤੀ ਧੁਰੇ ਲਈ ਪੀ.ਟੀ.ਯੂ. ਦੀ ਭਾਈਵਾਲੀ ਨਾਲ 100 ਕਰੋੜ ਰੁਪਏ ਦੇ ਫੰਡਾਂ ਦਾ ਐਲਾਨ ਕੀਤਾ ਹੈ। ਇਸ ਨੂੰ 45,000 ਵਰਗ ਫੁਟ ਖੇਤਰ ਵਿੱਚ ਬਣਾਇਆ ਜਾਵੇਗਾ। ਇਹ ਸ਼ੁਰੂਆਤੀ ਧੁਰਾ ਸੂਬਾ ਸਰਕਾਰ ਦੀ ਨਵੀਂ ਸਨਅਤੀ ਨੀਤੀ ਦੇ ਹਿੱਸੇ ਵਜੋਂ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਦਮਾਂ ਨੂੰ ਸ਼ੁਰੂ ਕਰਨ ਵਾਸਤੇ ਜ਼ੋਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਉਦਯੋਗ ਨੂੰ ਸੁਵਿਧਾ ਪ੍ਰਦਾਨ ਕਰਨ ਲਈ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦਾ ਨਵਾਂ ਸਟਾਰਟਅਪ ਪੋਰਟਲ ਵੀ ਸ਼ੁਰੂ ਕੀਤਾ। ਇਹ ਸਾਰੇ ਦਾਅਵੇਦਾਰਾਂ ਨੂੰ ਆਪਸ ਵਿੱਚ ਜੋੜੇਗਾ।
ਇਸ ਮੌਕੇ ਹਾਜ਼ਰੀਨ ਨੂੰ ਮੁਖਾਤਵ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਪੰਜਾਬ ਵਿੱਚ ਹਵਾਈ ਸੰਪਰਕ ਨੂੰ ਬੜ੍ਹਾਵਾ ਦੇਣ ਲਈ ਛੋਟੇ ਹਵਾਈ ਜਹਾਜ਼ਾਂ (20 ਸੀਟਾਂ ਵਾਲੇ) ਲਈ ਹਵਾਈ ਪੱਟੀਆਂ ਦੀ ਵਰਤੋਂ ਦੀ ਆਗਿਆ ਦੇਣ ਵਾਸਤੇ ਹਵਾਈ ਫੌਜ ਦੇ ਮੁਖੀ ਨਾਲ ਮੀਟਿੰਗ ਕਰਨਗੇ। ਉਨ੍ਹਾਂ ਕਿਹਾ ਕਿ ਉਹ ਫੌਜ ਦੇ ਮੁਖੀ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਦੇ ਨਾਲ ਸੀ.ਏ.ਟੀ.-3 ਉਡਾਨਾਂ ਉਤਰਣ ਦੀ ਸਥਾਪਤੀ ਬਾਰੇ ਵੀ ਵਿਚਾਰ ਵਟਾਂਦਰਾ ਕਰਨਗੇ। ਆਈਟੀ ਅਤੇ ਆਈ.ਟੀ.ਈ.ਐਸ. ਸੈਕਟਰਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਗਿਣਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਪੂੰਜੀ ਨਿਵੇਸ਼ਕਾਂ ਅਤੇ ਉਦਮੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਪੰਜਾਬ ਸ਼ੁਰੂਆਤੀ ਧੁਰੇ ’ਚ ਇਕ ‘ਅੰਤਰ-ਰਾਸ਼ਟਰੀ ਡੈਸਕ’ ਵੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੇ ਨਾਲ ਪੰਜਾਬ ਵਿੱਚ ਨਿਵੇਸ਼ ਕਰਨ ਦੀ ਇੱਛਾ ਰੱਖਣ ਵਾਲੇ ਦੁਨੀਆ ਭਰ ਦੇ ਉਦਮੀਆਂ ਨੂੰ ਮਦਦ ਮਿਲੇਗੀ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕਰਨ ਲਈ ਪੰਜਾਬੀਆਂ ਅਤੇ ਭਾਰਤੀਆਂ ਨੂੰ ਆਕਰਸ਼ਤ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਪਾਰ ਅਤੇ ਵਣਜ ਲਈ ਹਾਂ ਪੱਖੀ ਅਤੇ ਢੁਕਵਾਂ ਮਾਹੌਲ ਨਵੀਂ ਸਨਅਤੀ ਨੀਤੀ ਵਿੱਚ ਸਿਰਜਿਆ ਗਿਆ ਹੈ ਅਤੇ ਇਸ ਵਿੱਚ ਵਪਾਰ ਨੂੰ ਸੁਖਾਲਾ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਵਿਕਾਸ ਲਈ ਵਿਦੇਸ਼ਾਂ ਵਿੱਚ ਵਸੇ ਭਾਰਤੀਆਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਭਾਈਵਾਲ ਬਣਾਉਣਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਮੁਹਾਲੀ ਨੂੰ ਆਈ.ਟੀ. ਧੁਰੇ ਵਜੋਂ ਵਿਕਸਿਤ ਕਰਨ ਲਈ ਸਰਕਾਰ ਦੀ ਸਹਾਇਤਾ ਕਰਨ ਵਾਸਤੇ ਟਾਈਮਜ਼ ਆਫ ਇੰਡੀਆ ਦਾ ਧੰਨਵਾਦ ਕੀਤਾ। ਇਸ ਧੁਰੇ ਨੂੰ ਵਿਕਸਿਤ ਕਰਨ ਦਾ ਵਿਚਾਰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਸਾਲ 2002 ਦੇ ਸ਼ੁਰੂਆਤੀ ਕਾਰਜ਼ਕਾਲ ਦੌਰਾਨ ਇਨਫੋਸਿਸ ਦੇ ਦੌਰੇ ਦੌਰਾਨ ਆਇਆ ਸੀ। ਉਸ ਸਮੇਂ ਉਹ ਹੈਦਰਾਬਾਦ ਤੇ ਬੰਗਲੌਰ ਗਏ ਸਨ ਅਤੇ ਇਨਫੋਸਿਸ ਕੈਂਪਸ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੂੰ ਇੰਟਰਵਿਊ ਦੀ ਉਡੀਕ ਕਰਦੇ ਹੋਏ ਵੇਖਿਆ। ਇਸ ਗੱਲ ਨਾਲ ਹੀ ਉਨ੍ਹਾਂ ਨੂੰ ਪੰਜਾਬ ਦੀ ਸਮਰਥਾ ਤੋਂ ਫਾਇਦਾ ਉਠਾਉਣ ਦਾ ਵਿਚਾਰ ਆਇਆ।
ਮੁਹਾਲੀ ਵਿੱਚ ਹੋਰ ਵੱਡੇ ਪੱਧਰ ’ਤੇ ਸੂਚਨਾ ਤਕਨਾਲੋਜੀ ਦਾ ਪਾਸਾਰ ਕਰਕੇ ਇਸ ਨੂੰ ਤਕਨਾਲੋਜੀ ਦੇ ਧੁਰੇ ਵਜੋਂ ਵਿਕਸਤ ਕਰਨ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 90 ਲੱਖ ਯੋਗ ਨੌਜਵਾਨ ਨੌਕਰੀਆਂ ਦੀ ਭਾਲ ਵਿੱਚ ਹਨ, ਜਿਸ ਕਰਕੇ ਸਰਕਾਰ ਪੰਜਾਬ ਵਿੱਚ ਵੱਡੀ ਪੱਧਰ ’ਤੇ ਵੱਧ ਤੋਂ ਵੱਧ ਸਨਅਤੀ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਸੁਧਾਰਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਨੌਜਵਾਨਾਂ ਨੂੰ ਨੌਕਰੀਆਂ ਦੇ ਹਾਣ ਦਾ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਲਈ ਸਿਰਫ ਰੁਜ਼ਗਾਰ ਹੀ ਇਕੋ-ਇਕ ਵਸੀਲਾ ਹੈ ਅਤੇ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਵਾਸਤੇ ਮੁਹਾਲੀ ਵਿੱਚ ਅਥਾਹ ਮੌਕੇ ਮੁਹੱਈਆ ਕਰਵਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮੁਹਾਲੀ ਨੂੰ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਕਨਾਲੋਜੀ ਧੁਰੇ ਵਜੋਂ ਉਭਰਦਾ ਵੇਖਣਾ ਚਾਹੁੰਦੇ ਹਨ ਅਤੇ ਇਸ ਲਈ ਸ਼ਹਿਰ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਮੋਹਾਲੀ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗੀ ਅਚੇ ਤਕਨਾਲੋਜੀ ਦੇ ਵਿਕਾਸ ਲਈ ਪੰਜਾਬ ਨੂੰ ਮੋਹਰੀ ਸੂਬਾ ਬਣਾਏਗੀ।
ਇਸ ਮੌਕੇ ਮੁੱਖ ਮੰਤਰੀ ਨੇ ਖਰੜ ਤੋਂ ਅਪਾਹਜ ਯਤੀਮ ਲੜਕੀ ਜੋਤਿਕਾ ਸ਼ਰਮਾ ਨੂੰ ਇਕ ਲੈਪਟਾਪ ਅਤੇ 15 ਹਜ਼ਾਰ ਰੁਪਏ ਦਿੱਤੇ। ਇਸ ਲੜਕੀ ਨੇ ਸਰਕਾਰ ਪਾਸੋਂ ਸਹਾਇਤਾ ਮੰਗੀ ਸੀ ਤਾਂ ਕਿ ਉਹ ਆਪਣੇ ਘਰ ਤੋਂ ਕੰਮ ਕਰ ਸਕੇ। ਇਸ ਤੋਂ ਪਹਿਲਾਂ ‘ਟਾਇਮਜ਼ ਆਫ਼ ਇੰਡੀਆ’ ਦੇ ਰੈਜ਼ੀਡੈਂਟ ਸੰਪਾਦਕ ਰੌਬਿਨ ਡੇਵਿਡ ਨੇ ਕਿਹਾ ਕਿ ਜੇਕਰ ਮੁਹਾਲੀ ਨੂੰ ਤਕਨਾਲੋਜੀ ਧੁਰੇ ਵਜੋਂ ਸਫਲਤਾ ਨਾਲ ਵਿਕਸਤ ਕੀਤਾ ਜਾਵੇ ਤਾਂ ਮੋਹਾਲੀ, ਪੰਜਾਬ ਦਾ ਭਵਿੱਖ ਬਣ ਸਕਦਾ ਹੈ। ਮੁੱਖ ਮੰਤਰੀ ਦੀ ਸੂਝ-ਸਿਆਣਪ ਦੀ ਸ਼ਲਾਘਾ ਕਰਦਿਆਂ ਸ੍ਰੀ ਡੇਵਿਡ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਕੁਝ ਕੁ ਸਿਆਸਤਦਾਨਾਂ ਵਿੱਚੋਂ ਹਨ ਜਿਨ੍ਹਾਂ ਨੇ ਗਲਤ ਹਵਾਲੇ ਬਾਰੇ ਕਦੇ ਵੀ ਪੱਤਰਕਾਰ ਕੋਲ ਸ਼ਿਕਾਇਤ ਨਹੀਂ ਕੀਤੀ। ਇਸ ਮੌਕੇ ਜੀ.ਬੀ.ਪੀ. ਗਰੁੱਪ ਦੇ ਡਾਇਰੈਕਟਰ ਅਨੁਪਮ ਗੁਪਤਾ ਨੇ ਕਿਹਾ ਕਿ ਵਿਸ਼ਵ ਪੱਧਰੀ ਤਕਨਾਲੋਜੀ ਧੁਰੇ ਵਜੋਂ ਉਭਰਨ ਲਈ ਮੁਹਾਲੀ ਸਾਰੇ ਪੱਖਾਂ ’ਤੇ ਖਰਾ ਉਤਰਦਾ ਹੈ ਜਿੱਥੇ ਹਵਾਈ ਸੰਪਰਕ ਸਮੇਤ ਸਾਰੀਆਂ ਸਹੂਲਤਾਂ ਮੌਜੂਦ ਹਨ।
ਮੁਹਾਲੀ ਅਤੇ ਆਲੇ-ਦੁਆਲੇ ਵਿੱਚ ਹਾਲ ਹੀ ਵਿੱਚ ਰੀਅਲ ਅਸਟੇਟ ਕਾਰੋਬਾਰ ਵਿੱਚ ਤੇਜ਼ੀ ਆਉਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਮਹੀਨੇ 500 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਜੋ ਆਪਣੇ ਆਪ ਵਿੱਚ ਅਸਚਰਜਨਕ ਹੈ। ਇਨਫੋਸਿਸ ਦੇ ਵਿਕਾਸ ਕੇਂਦਰ ਦੇ ਮੁਖੀ ਸਮੀਰ ਗੋਇਲ ਨੇ ਕਿਹਾ ਕਿ ਖੇਤਰ ਦੇ ਵਿਕਾਸ ਲਈ ਕੰਪਨੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹੁਨਰਮੰਦ ਰੁਜ਼ਗਾਰ ਬਾਰੇ ਕੰਪਨੀ ਦਾ ਤਜਰਬਾ ਬਹੁਤ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਚੰਡੀਗੜ੍ਹ ਯੂਨਿਟ ਵਿੱਚ 7000 ਤੋਂ ਵੱਧ ਮੁਲਾਜ਼ਮ ਹਨ ਅਤੇ ਮੁਹਾਲੀ ਵਿੱਚ ਸਥਾਪਤ ਕੀਤੇ ਨਵੇਂ ਯੂਨਿਟ ਵਿੱਚ ਇਕ ਹਜ਼ਾਰ ਇੰਜਨੀਅਰਾਂ ਨੂੰ ਰੁਜ਼ਗਾਰ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਅਗਲੇ ਸਾਲ ਜਾਂ ਉਸ ਤੋਂ ਬਾਅਦ ਇਹ ਗਿਣਤੀ ਦੁੱਗਣੀ ਕਰਨ ਦੀ ਯੋਜਨਾ ਹੈ। ਐਸ.ਟੀ.ਪੀ.ਆਈ. ਮੁਹਾਲੀ ਦੇ ਡਾਇਰੈਕਟਰ ਓਂਕਾਰ ਰਾਏ ਨੇ ਦੱਸਿਆ ਕਿ ਮੁਹਾਲੀ ਹੁਣ ਤੱਕ ਦਾ ਸਭ ਤੋਂ ਵੱਧ ਨਿਵੇਸ਼ ਵਾਲਾ ਸ਼ਹਿਰ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਉਨ੍ਹਾਂ ਨੇ ਵੱਖ-ਵੱਖ ਕੰਪਨੀਆਂ ਅਤੇ ਅਕਾਦਮਿਕ ਲੋਕਾਂ ਨਾਲ ਮਿਲਵਰਤਣ ਕੀਤਾ ਹੈ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੇਂ ਉੱਦਮੀਆਂ ਨੂੰ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ, ਸਕੱਤਰ ਸਨਅਤ ਅਤੇ ਵਪਾਰ ਰਾਕੇਸ਼ ਵਰਮਾ, ਇਨਫੋਸਿਸ ਮੁਹਾਲੀ ਦੇ ਮੁਖੀ ਡਾ. ਸਮੀਰ ਗੋਇਲ ਅਤੇ ਸੈਲੂਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਪੰਕਜ ਮਹਿੰਦਰੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…