ਮੁੱਖ ਮੰਤਰੀ ਦੇ ਭਰੋਸੇ ਮਗਰੋਂ ਕਿਸਾਨਾਂ ਤੇ ਦੁੱਧ ਉਤਪਾਦਕਾਂ ਦਾ ਲੜੀਵਾਰ ਧਰਨਾ ਖ਼ਤਮ

ਮੁੱਖ ਮੰਤਰੀ ਵੱਲੋਂ 31 ਅਕਤੂਬਰ ਤੱਕ ਦੁੱਧ ਦੇ ਫੈਟ ਦੀ ਵਧੀ ਕੀਮਤ ਦੇਣ ਦਾ ਐਲਾਨ

ਲੰਪੀ ਸਕਿਨ ਨਾਲ ਮਰਨ ਤੇ ਪੀੜਤ ਪਸ਼ੂਆਂ ਬਾਰੇ ਸਰਵੇ ਕਰਵਾਉਣ, ਕੇਂਦਰ ਤੋਂ ਮੁਆਵਜ਼ਾ ਦਿਵਾਉਣ ਦੀ ਹਾਮੀ ਭਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਹੋਰ ਜਥੇਬੰਦੀਆਂ ਵੱਲੋਂ ਉੱਘੇ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-6 ਸਥਿਤ ਵੇਰਵਾ ਮਿਲਕ ਪਲਾਂਟ ਦੇ ਬਾਹਰ ਪਿਛਲੇ ਪੰਜ ਤੋਂ ਚੱਲ ਰਿਹਾ ਲੜੀਵਾਰ ਧਰਨਾ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇ ਮਗਰੋਂ ਖ਼ਤਮ ਕੀਤਾ ਗਿਆ। ਇਸ ਗੱਲ ਦੀ ਪੁਸ਼ਟੀ ਪਰਮਿੰਦਰ ਸਿੰਘ ਚਲਾਕੀ, ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਕੁਲਵੰਤ ਸਿੰਘ ਤ੍ਰਿਪੜੀ, ਰਵਿੰਦਰ ਸਿੰਘ ਵਜੀਦਪੁਰ ਅਤੇ ਗੁਰਮੀਤ ਸਿੰਘ ਸ਼ਾਂਟੂ ਨੇ ਕੀਤੀ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਲ ਅੱਜ ਹੋਈ ਮੀਟਿੰਗ ਵਿੱਚ ਪਰਮਿੰਦਰ ਸਿੰਘ ਚਲਾਕੀ, ਗਿਆਨ ਸਿੰਘ ਧੜਾਕ, ਗੁਰਮੀਤ ਸਿੰਘ ਸ਼ਾਂਟੂ, ਕੰਵਲਜੀਤ ਸਿੰਘ ਪੰਨੂ, ਡੇਅਰੀ ਫਾਰਮਿੰਗ ਐਸੋਸੀਏਸ਼ਨ ਦੇ ਆਗੂ ਦਲਜੀਤ ਸਿੰਘ ਸਦਰਪੁਰਾ, ਰਾਜਪਾਲ ਸਿੰਘ ਕਰਾਲ ਸਮੇਤ ਕਿਸਾਨ ਯੂਨੀਅਨ (ਕਾਦੀਆ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆ ਅਤੇ ਕਿਸਾਨ ਯੂਨੀਅਨ (ਕਿਰਤੀ) ਦੇ ਆਗੂ ਮੌਜੂਦ ਸਨ।
ਗਿਆਨ ਸਿੰਘ ਧੜਾਕ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ 21 ਮਈ ਤੋਂ 20 ਅਗਸਤ ਤੱਕ ਦੁੱਧ ਉਤਪਾਦਕਾਂ ਨੂੰ 35 ਰੁਪਏ ਪ੍ਰਤੀ ਫੈਟ ਦੇਵੇਗੀ। 21 ਅਗਸਤ ਤੋਂ 31 ਅਕਤੂਬਰ ਤੱਕ 15 ਰੁਪਏ ਮਿਲਕਫੈੱਡ ਅਤੇ 20 ਰੁਪਏ ਸਰਕਾਰ ਦੇਵੇਗੀ। ਮੁੱਖ ਮੰਤਰੀ ਨੇ ਪੈਸਿਆਂ ਦਾ ਭੁਗਤਾਨ 15 ਸਤੰਬਰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਵੇਰਕਾ ਮਿਲਕ ਪਲਾਂਟ ਮੁਹਾਲੀ ਵੱਲੋਂ ਪਹਿਲਾਂ ਵਾਂਗ ਦੁੱਧ ਉਤਪਾਦਕਾਂ ਤੋਂ ਖ਼ਰੀਦੇ ਜਾਣ ਵਾਲੇ ਦੁੱਧ ਦੇ ਪੈਸੇ ਦਿੱਤੇ ਜਾਇਆ ਕਰਨਗੇ।
ਵਫ਼ਦ ਅਨੁਸਾਰ ਮੁੱਖ ਮੰਤਰੀ ਨੇ ਪੰਜਾਬ ਵਿੱਚ ਫੈਲ ਰਹੀ ਲੰਪੀ ਸਕਿਨ ਦੀ ਬੀਮਾਰੀ ਨਾਲ ਮਰੇ ਅਤੇ ਪੀੜਤ ਪਸ਼ੂਆਂ ਦਾ ਪਤਾ ਲਗਾਉਣ ਲਈ ਜਲਦੀ ਸਰਵੇ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਲਈ ਉਹ (ਮੁੱਖ ਮੰਤਰੀ) ਜਲਦੀ ਹੀ ਕੇਂਦਰੀ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਨੂੰ ਮਿਲਣ ਦਾ ਭਰੋਸਾ ਦਿੱਤਾ। ਇਸ ਮੌਕੇ ਆਗੂਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਜਲਦੀ ਲਾਇਆ ਜਾਵੇ। ਕਿਉਂਕਿ ਕਾਂਗਰਸ ਸਰਕਾਰ ਵੱਲੋਂ ਨਿਯੁਕਤ ਕੀਤੇ ਚੇਅਰਮੈਨ ਅਸਤੀਫ਼ੇ ਚੁੱਕੇ ਹਨ। ਮੁੱਖ ਮੰਤਰੀ ਨੇ ਕਿਸਾਨਾਂ ਦੀ ਇਸ ਮੰਗ ’ਤੇ ਵੀ ਗੌਰ ਕਰਨ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਨਕਲੀ ਦੁੱਧ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦਾ ਵੀ ਭਰੋਸਾ ਦਿੱਤਾ।

ਇਸ ਮਗਰੋਂ ਵਫ਼ਦ ਮੁੜ ਮੁਹਾਲੀ ਧਰਨੇ ’ਤੇ ਆ ਗਿਆ ਅਤੇ ਧਰਨੇ ’ਤੇ ਬੈਠੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਮੀਟਿੰਗ ਵਿੱਚ ਵਿਚਾਰੇ ਗਏ ਉਕਤ ਮੁੱਦਿਆਂ ਅਤੇ ਮੁੱਖ ਮੰਤਰੀ ਦੇ ਭਰੋਸੇ ਬਾਰੇ ਦੱਸਿਆ ਗਿਆ। ਇਸ ਮੌਕੇ ਹਾਜ਼ਰ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੇ ਇਸ ਨੂੰ ਸਾਂਝੇ ਸੰਘਰਸ਼ ਦੀ ਜਿੱਤ ਦੱਸਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਆਪਣਾ ਲੜੀਵਾਰ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ।
ਕਿਸਾਨ ਆਗੂ ਰਣਧੀਰ ਸਿੰਘ ਚੱਕਲ, ਅਮਰਜੀਤ ਸਿੰਘ ਪਡਿਆਲਾ, ਰੇਸ਼ਮ ਸਿੰਘ ਬਡਾਲੀ, ਬਲਦੇਵ ਸਿੰਘ ਚੱਕਲ, ਬਹਾਦਰ ਸਿੰਘ ਮੁੰਧੋਂ, ਗੁਰਪ੍ਰੀਤ ਸਿੰਘ ਪਲਹੇੜੀ, ਦਰਸ਼ਨ ਸਿੰਘ ਨਾਗਰਾ, ਰਾਜਵਿੰਦਰ ਸਿੰਘ ਦੇਸੂਮਾਜਰਾ, ਜਗਤਾਰ ਸਿੰਘ ਮਾਨਮੇੜੀ, ਮੋਹਨ ਸਿੰਘ, ਰਣਧੀਰ ਸਿੰਘ, ਜਰਨੈਲ ਸਿੰਘ, ਹਰਜੀਤ ਸਿੰਘ ਸਿਆਊ, ਗੁਰਵਿੰਦਰ ਸਿੰਘ ਸਿਆਊ, ਨਰਿੰਦਰ ਸਿੰਘ ਮਾਵੀ, ਕੁਲਵਿੰਦਰ ਸਿੰਘ ਚੱਕਲਾ, ਮਨਦੀਪ ਸਿੰਘ ਖ਼ਿਜ਼ਰਾਬਾਦ, ਭੁਪਿੰਦਰ ਸਿੰਘ ਜੱਲ੍ਹਾ, ਗੁਰਮੇਲ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …