
ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੇ ਪਤਨੀ
ਸੈਣੀਮਾਜਰਾ ਦੀ ਜ਼ਮੀਨ ਬਦਲੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਵਾਲੀ ਜ਼ਮੀਨ ਅਲਾਟ ਕਰਨ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਇੱਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਸ਼ਬਦ ਕੀਰਤਨ ਸੁਣਿਆ ਅਤੇ ਐਸਜੀਪੀਸੀ ਦੇ ਸਟਾਫ਼ ਅਤੇ ਸੰਗਤ ਨਾਲ ਗੱਲ ਵੀ ਕੀਤੀ। ਐਸਜੀਪੀਸੀ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਟੌਹੜਾ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸਮਾਜ ਸੇਵੀ ਤੇਜਿੰਦਰ ਸਿੰਘ ਪੂਨੀਆ ਵੀ ਮੌਜੂਦ ਸਨ।
ਇਸ ਮੌਕੇ ਮੈਨੇਜਰ ਭਾਈ ਰਜਿੰਦਰ ਸਿੰਘ ਟੌਹੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇ ਕੇ ਮੁਹਾਲੀ ਨੇੜਲੇ ਪਿੰਡ ਪ੍ਰੇਮਗੜ੍ਹ (ਸੈਣੀਮਾਜਰਾ) ਵਿਖੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਨੂੰ ਦਾਨ ਵਿੱਚ ਮਿਲੀ ਜ਼ਮੀਨ ਬਦਲੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਪਈ ਖਾਲੀ ਜ਼ਮੀਨ ਅਲਾਟ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਐਸਜੀਪੀਸੀ ਦੀ ਇਸ ਮੰਗ ’ਤੇ ਹਮਦਰਦੀ ਨਾਲ ਗੌਰ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਿਂੲਸ ਸਬੰਧੀ ਗਮਾਡਾ\ਪੁੱਡਾ ਨਾਲ ਗੱਲ ਕੀਤੀ ਜਾਵੇਗੀ।
ਸ੍ਰੀ ਟੌਹੜਾ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਮੁਹਾਲੀ ਸ਼ਹਿਰ ਵੱਸਣ ਤੋਂ ਕਾਫ਼ੀ ਸਮਾਂ ਪਹਿਲਾਂ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਮ ’ਤੇ ਜ਼ਮੀਨਾਂ ਦਾਨ ਕੀਤੀਆਂ ਗਈਆਂ ਸਨ। ਜਿਸ ਵਿੱਚ 12 ਏਕੜ ਜ਼ਮੀਨ ਪਿੰਡ ਪ੍ਰੇਮਗੜ੍ਹ (ਸੈਣੀਮਾਜਰਾ) ਵਿੱਚ ਦੋ ਟੁਕੜਿਆਂ ਵਿੱਚ ਹੈ। ਜਿਸ ਵਿੱਚ 45 ਵਿੱਘੇ (ਲਗਪਗ 9 ਏਕੜ) ਜ਼ਮੀਨ ਐਰੀਟਰੋਪੋਲਿਸ ਸਿਟੀ ਬਲਾਕ ਡੀ ਵਿੱਚ ਐਕਵਾਇਰ ਕੀਤੀ ਗਈ ਹੈ ਅਤੇ 14 ਵਿੱਘੇ (ਲਗਭਗ 3 ਏਕੜ) ਜ਼ਮੀਨ ਆਈਟੀ ਸਿਟੀ ਦੇ ਵਿਸਥਾਰ ਲਈ ਐਕਵਾਇਰ ਕੀਤੀ ਜਾ ਰਹੀ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਤੋਂ ਹੀ ਗੁਰਦੁਆਰਾ ਸ੍ਰੀ ਅੰਬ ਸਾਹਿਬ ਮਾਲਕੀ ਵਾਲੀ ਜ਼ਮੀਨ ਛੱਡਣ ਜਾਂ ਇਕੱਠੀ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ ਅਤੇ ਪਹਿਲਾਂ ਐਕਵਾਇਰ ਹੋਈ 9 ਏਕੜ ਜ਼ਮੀਨ ਦੇ ਬਦਲੇ ਕਮਰਸ਼ੀਅਲ ਪਲਾਟ ਅਤੇ ਰਿਹਾਇਸ਼ੀ ਇਕੱਠੀ ਆਈਟੀ ਸਿਟੀ ਵਿੱਚ ਛੱਡੀ ਜਾਵੇ ਤਾਂ ਜੋ ਉੱਥੇ ਉੱਚ ਪੱਧਰ ਦੀ ਸਿੱਖਿਆ ਤੇ ਸਿਹਤ ਸੰਸਥਾ ਖੋਲ੍ਹੀ ਜਾ ਸਕੇ।
ਮੁੱਖ ਮੰਤਰੀ ਨੂੰ ਦਿੱਤੇ ਪੱਤਰ ਵਿੱਚ ਕਿਹਾ ਗਿਆ ਕਿ ਗੁਰਦੁਆਰਾ ਅੰਬ ਸਾਹਿਬ ਦੀ ਮਹਾਨਤਾ, ਸ਼ਹਿਰ ਦੇ ਵਿਸਥਾਰ ਨੂੰ ਦੇਖਦਿਆਂ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਧਾਰਮਿਕ, ਸਮਾਜਿਕ, ਸਿੱਖਿਆ ਗਤੀਵਿਧੀਆਂ ਅਤੇ ਪਾਰਕਿੰਗ ਲਈ ਇੱਥੇ ਹੋਰ ਜ਼ਮੀਨ ਦੀ ਅਤਿਅੰਤ ਲੋੜ ਹੈ, ਜਿਸ ਨਾਲ ਸੰਗਤ ਨੂੰ ਲਾਭ ਮਿਲ ਸਕੇ।

ਇਸ ਲਈ ਹੁਣ ਐਕਵਾਇਰ ਕੀਤੀ ਜਾ ਰਹੀ ਤਿੰਨ ਏਕੜ ਜ਼ਮੀਨ ਬਦਲੇ ਗੁਰਦੁਆਰਾ ਅੰਬ ਸਾਹਿਬ ਮੁੱਖ ਗੇਟ ਦੇ ਸਾਹਮਣੇ ਖਾਲੀ ਪਈ ਥਾਂ ਅਲਾਟ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਹੀ ਉਪਯੋਗ ਹੋ ਸਕੇ। ਇਸ ਤੋਂ ਪਹਿਲਾਂ ਤਤਕਾਲੀ ਸਰਕਾਰ ਨੇ ਸੈਕਟਰ-76 ਵਿੱਚ ਰਾਧਾ ਸਵਾਮੀ ਸਤਿਸੰਗ ਨੂੰ ਇਕੱਠੀ ਜ਼ਮੀਨ ਦਾ ਟੱਕ ਅਲਾਟ ਕੀਤਾ ਗਿਆ ਸੀ ਅਤੇ ਹੋਰਨਾਂ ਧਾਰਮਿਕ ਸੰਸਥਾਵਾਂ ਨੂੰ ਵੀ ਇਹ ਲਾਭ ਦਿੱਤਾ ਜਾ ਚੁੱਕਾ ਹੈ।