
ਮੁੱਖ ਮੰਤਰੀ ਭਗਵੰਤ ਮਾਨ ਪਹਿਲ ਦੇ ਅਧਾਰ ’ਤੇ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਨੂੰ ਦਰੁੱਸਤ ਕਰਨ: ਬਰਾੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦਫ਼ਤਰ ਸਕੱਤਰ ਅਤੇ ਬੁਲਾਰੇ ਮਨਿੰਦਰਪਾਲ ਸਿੰਘ ਬਰਾੜ ਨੇ ਪੰਜਾਬ ਅੰਦਰ ਲਗਾਤਾਰ ਗੈਂਗਵਾਰ ਅਤੇ ਹੋਰਨਾਂ ਅਪਰਾਧਿਤ ਵਰਦਾਤਾਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰੇ ਕੰਮ ਇੱਕ ਪਾਸੇ ਰੱਖਕੇ ਸਭ ਤੋਂ ਪਹਿਲਾਂ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਨੂੰ ਬਿਹਤਰ ਕਰਨ ਦੀ ਮੰਗ ਕੀਤੀ ਹੈ। ਮਨਿੰਦਰਪਾਲ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਅਮਨ ਕਾਨੂੰਨ ਵਿਵਸਥਾ ਦੀ ਹਾਲਾਤ ਲਗਾਤਾਰ ਵਿਗੜਦੀ ਜਾ ਰਹੀ ਹੈ। ਜਿਸ ਤੇ ਸੂਬਾ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨੇ ਬੀਤੇਂ ਸਮੇਂ ਵਿੱਚ ਸੂਬੇ ਵਿੱਚ ਵਾਪਰੀਆਂ ਸਾਰੀਆਂ ਅਪਰਾਧਿਕ ਵਾਰਦਾਤਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਸ੍ਰੀ ਬਰਾੜ ਨੇ ਕਿਹਾ ਕਿ ਬੀਤੇਂ ਕੁਝ ਸਮੇਂ ਦੌਰਾਨ ਹੀ ਸੂਬੇ ਵਿੱਚ 50 ਤੋਂ ਉੱਤੇ ਕਤਲ ਦੀਆਂ ਵਰਦਾਤਾਂ ਵਾਪਰ ਚੁੱਕੀਆਂ ਹਨ। ਇਸ ਤੋਂ ਇਲਾਵਾ ਗੈਂਗਵਾਰ ਅਤੇ ਅਪਰਾਧੀਆਂ ਵੱਲੋਂ ਸ਼ਰੇਆਮ ਗੋਲੀਆਂ ਚਲਾਉਣ ਦੀਆਂ ਵਾਪਰ ਰਹੀਆਂ ਘਟਨਾਵਾਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਭੈਅ ਦਾ ਮਾਹੌਲ ਬਣਿਆ ਹੋਇਆਂ ਹੈ। ਉਨ੍ਹਾਂ ਕਿਹਾ ਇਸ ਸਮੇਂ ਮਾਨ ਸਰਕਾਰ ਨੂੰ ਪੰਜਾਬ ਦੀ ਅਮਨ ਚੈਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਸੂਬੇ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਵੱਡੇ ਪੱਧਰ ਤੇ ਕਦਮ ਚੁੱਕਣ ਦੀ ਲੋੜ ਹੈ।
ਸ੍ਰੀ ਬਰਾੜ ਨੇ ਕਿਹਾ ਕਿ ਬੀਤੇ ਕੁਝ ਸਮਾਂ ਪਹਿਲਾ ਲੁਧਿਆਣਾ ਵਿੱਚ ਦਿਨ ਦਿਹਾੜੇ ਬੰਬ ਧਮਾਕੇ ਦੀ ਘਟਨਾ, ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ, ਮੁਹਾਲੀ ਸਥਿਤ ਪੁਲੀਸ ਇੰਟੈਲੀਜੈਂਸ ਹੈੱਡਕੁਆਟਰ ਵਿਖੇ ਹੋਇਆਂ ਗ੍ਰਨੇਡ ਧਮਾਕਾ ਅਤੇ ਬੀਤੇਂ ਐਤਵਾਰ ਨੂੰ ਦਿਨ-ਦਿਹਾੜੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਇਸ ਦੇ ਤਾਜ਼ਾ ਸਬੂਤ ਹਨ। ਬਰਾੜ ਨੇ ਕਿਹਾ ਕਿ ਪੰਜਾਬ ਦੇ ਲੋਕ ਅਮਨ ਪਸੰਦ ਲੋਕ ਹਨ। ਰਲ ਮਿਲਕੇ ਰਹਿਣਾ ਅਤੇ ਆਪਸੀ ਭਾਈਚਾਰਾ ਪੰਜਾਬ ਦੀ ਖੂਬਸੂਰਤੀ ਹੈ ਪਰ ਪੰਜਾਬ ਵਿਰੋਧੀ ਤਾਕਤਾਂ ਲੋਕਾਂ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕਰਕੇ ਆਪਣੇ ਏਜੰਡੇ ਵਿੱਚ ਕਾਮਯਾਬ ਹੋਣਾ ਚਾਹੁੰਦੀਆਂ ਹਨ। ਜਿਸ ਤੋਂ ਹਰੇਕ ਪੰਜਾਬ ਵਾਸੀ ਨੂੰ ਸੂਚੇਤ ਰਹਿਣ ਦੀ ਲੋੜ ਹੈ।