ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ’ਚੋਂ ਮਿਲੀ ਛੁੱਟੀ, ਦੋ ਦਿਨ ਹਸਪਤਾਲ ’ਚੋਂ ਚੱਲੀ ਸਰਕਾਰ

ਵਿੱਤ ਮੰਤਰੀ ਹਰਪਾਲ ਚੀਮਾ, ਸਪੀਕਰ ਸੰਧਵਾਂ, ਮੰਤਰੀ ਖੁੱਡੀਆਂ, ਹਰਜੋਤ ਬੈਂਸ ਨੇ ਕੀਤੀ ਮੁਲਾਕਾਤ

ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਫੋਰਟਿਸ ਵਿੱਚ ਮੁੱਖ ਮੰਤਰੀ ਨੂੰ ਮਿਲੇ, ਖ਼ਬਰ-ਸਾਰ ਪੁੱਛੀ

ਪਿਛਲੇ 5 ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਈਸੀਯੂ ’ਚ ਦਾਖ਼ਲ ਸਨ ਭਗਵੰਤ ਮਾਨ

ਨਬਜ਼-ਏ-ਪੰਜਾਬ, ਮੁਹਾਲੀ, 29 ਸਤੰਬਰ:
ਮੁਹਾਲੀ ਦੇ ਸੁਪਰ ਸਪੈਸ਼ਲਿਟੀ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਆਉਣ ਤੋਂ ਬਾਅਦ ਐਤਵਾਰ ਨੂੰ ਬਾਅਦ ਦੁਪਹਿਰ ਡਾਕਟਰਾਂ ਨੇ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਬੁੱਧਵਾਰ ਦੀ ਰਾਤ ਨੂੰ ਮੁੱਖ ਮੰਤਰੀ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ ਡਾਕਟਰਾਂ ਦੀ ਨਿਗਰਾਨੀ ਹੇਠ ਫੋਰਟਿਸ ਦੀ ਤੀਜੀ ਮੰਜ਼ਲ ’ਤੇ ਆਈਸੀਯੂ ਮੈਡੀਕਲ ਵਾਰਡ ਵਿੱਚ ਦਾਖ਼ਲ ਸਨ। ਅੱਜ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ।
ਮੁੱਖ ਮੰਤਰੀ ਬਾਅਦ ਦੁਪਹਿਰ ਕਰੀਬ ਪੌਣੇ ਤਿੰਨ ਵਜੇ ਆਪਣੇ ਓਐਸਡੀ ਰਾਜਬੀਰ ਸਿੰਘ ਨਾਲ ਗੱਡੀ ਦੀ ਅਗਲੀ ਸੀਟ ’ਤੇ ਬੈਠ ਕੇ ਘਰ ਪਹੁੰਚੇ। ਹਾਲਾਂਕਿ ਡਾਕਟਰਾਂ ਨੇ ਛੁੱਟੀ ਦੇਣ ਸਮੇਂ ਭਗਵੰਤ ਮਾਨ ਨੂੰ ਹਾਲੇ ਕੁੱਝ ਦਿਨਾਂ ਲਈ ਬੈੱਡ ਰੈਸਟ ਕਰਨ ਦੀ ਸਲਾਹ ਵੀ ਦਿੱਤੀ ਹੈ ਪ੍ਰੰਤੂ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਅੱਜ ਹੀ ਸ਼ਾਮ ਨੂੰ ਝੋਨੇ ਦੀ ਖ਼ਰੀਦ ਅਤੇ ਪਰਾਲੀ ਪ੍ਰਬੰਧਨ ਲਈ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵੀ ਸੱਦ ਲਈ ਹੈ। ਉਂਜ ਮੁੱਖ ਮੰਤਰੀ ਨੇ ਆਪਣੀ ਸਿਹਤ ਨਾਲੋਂ ਪੰਜਾਬ ਦੇ ਦਰਦ ਨੂੰ ਵੱਧ ਮਹਿਸੂਸ ਕੀਤਾ ਹੈ ਅਤੇ ਉਨ੍ਹਾਂ ਨੇ ਹਸਪਤਾਲ ਵਿੱਚ ਦਾਖ਼ਲ ਰਹਿਣ ਦੇ ਬਾਵਜੂਦ ਆਈਸੀਯੂ ਵਾਰਡ ’ਚੋਂ ਵੀ ਜ਼ਰੂਰੀ ਸਰਕਾਰੀ ਫਾਈਲਾਂ ’ਤੇ ਦਸਖ਼ਤ ਕਰਕੇ ਉਨ੍ਹਾਂ ਨੂੰ ਕਲੀਅਰ ਕੀਤਾ ਗਿਆ ਹੈ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਬਿਮਾਰ ਹੋਣ ਦੇ ਬਾਵਜੂਦ ਆਰਾਮ ਕਰਨ ਦੀ ਥਾਂ ਟਿੱਕ ਕੇ ਬੈਠਣ ਵਾਲੇ ਨਹੀਂ ਹਨ। ਵੈਸੇ ਵੀ ਉਨ੍ਹਾਂ ਦੇ ਬਿਮਾਰ ਹੋਣ ਕਾਰਨ ਸਿਆਸੀ ਹਲਕਿਆਂ ਵਿੱਚ ਕਈ ਪ੍ਰਕਾਰ ਦੀਆਂ ਕਿਆਸ-ਆਰਾਈਆਂ ਲਗਾਈਆਂ ਜਾ ਰਹੀਆਂ ਸਨ। ਇੱਕ ਤਰ੍ਹਾਂ ਨਾਲ ਭਗਵੰਤ ਮਾਨ ਨੇ ਜਿੱਥੇ ਪਹਿਲਾਂ ਝਾੜੂ ਫੇਰ ਕੇ ਹੂੰਝਾਫੇਰ ਜਿੱਤ ਹਾਸਲ ਕੀਤੀ ਸੀ, ਉੱਥੇ ਅੱਜ ਉਨ੍ਹਾਂ ਨੇ ਬਿਮਾਰੀ ਨਾਲ ਲੜਦਿਆਂ ਇਹ ਜੰਗ ਵੀ ਜਿੱਤ ਲਈ ਹੈ।
ਉਧਰ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਪੀਕਰ ਕੁਲਤਾਰ ਸਿੰਘ ਸੰਸਵਾਂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੱੁਡੀਆਂ ਅਤੇ ਹਰਜੋਤ ਸਿੰਘ ਬੈਂਸ ਨੇ ਫੋਰਟਿਸ ਹਸਪਤਾਲ ਵਿੱਚ ਪਹੁੰਚ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਵੀ ਹਸਪਤਾਲ ਵਿੱਚ ਭਗਵੰਤ ਮਾਨ ਦੀ ਖ਼ਬਰ-ਸਾਰ ਪੁੱਛੀ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਵੀ ਹਸਪਤਾਲ ਵਿੱਚ ਪਹੁੰਚ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਸਿਆਸੀ ਵਿਰੋਧੀ ਤੇ ਸੀਨੀਅਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਭਗਵੰਤ ਮਾਨ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਸੀ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਵਿੱਚ ਸੋਜ਼ਿਸ਼ ਕਰਕੇ ਦਿਲ ’ਤੇ ਦਬਾਅ ਵਧ ਗਿਆ ਸੀ। ਬਲੱਡ ਪ੍ਰੈੱਸ਼ਰ ਦੀ ਵੀ ਸ਼ਿਕਾਇਤ ਸੀ। ਫੋਰਟਿਸ ਹਸਪਤਾਲ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ. ਆਰ.ਕੇ. ਜਸਵਾਲ ਦੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਆਪਣੇ ਕਲੀਨਿਕਲ ਮਾਪਦੰਡਾਂ ਵਿੱਚ ਮਹੱਤਵਪੂਰਨ ਸੁਧਾਰ ਦੇ ਸੰਕੇਤ ਦਿਖਾਉਣ ਤੋਂ ਬਾਅਦ ਪਲਮਨਰੀ ਆਰਟਰੀ ਪ੍ਰੈੱਸ਼ਰ ਵਿੱਚ ਵਾਧੇ ਦੇ ਇਲਾਜ ਲਈ ਵੀ ਚੰਗੀ ਪ੍ਰਤੀਕਿਰਿਆ ਦਿਖੀ ਹੈ। ਮੁੱਖ ਮੰਤਰੀ ਦਾ ਸਰੀਰ ਪੂਰੀ ਤਰ੍ਹਾਂ ਸਥਿਰ ਹੈ। ਲੈਪਟੋਸਪਾਇਰੋਸਿਸ ਲਈ ਉਸ ਦੇ ਖੂਨ ਦੇ ਟੈੱਸਟ ਸਕਾਰਾਤਮਿਕ ਵਾਪਸ ਆਏ ਹਨ। ਬੀਤੇ ਕੱਲ੍ਹ ਮੁੱਖ ਮੰਤਰੀ ਦੇ ਦਿਲ ਨਾਲ ਸਬੰਧਤ ਕੁਝ ਜ਼ਰੂਰੀ ਟੈੱਸਟ ਵੀ ਕੀਤੇ ਸਨ, ਜਿਨ੍ਹਾਂ ਦੀ ਰਿਪੋਰਟ ਵੀ ਸਹੀ ਆਈ ਹੈ। ਉਂਜ ਪਹਿਲਾਂ ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ ’ਤੇ ਦਬਾਅ ਪੈ ਗਿਆ ਸੀ। ਜਿਸ ਕਾਰਨ ਬਲੱਡ ਪ੍ਰੈੱਸ਼ਰ ਅਨਿਯਮਿਤ ਹੋ ਗਿਆ। ਫਿਲਹਾਲ ਮੁੱਖ ਮੰਤਰੀ ਦੇ ਸਰੀਰ ਦੇ ਬਾਕੀ ਸਾਰੇ ਅਹਿਮ ਅੰਗ ਪੂਰੀ ਤਰ੍ਹਾਂ ਸਟੇਬਲ ਹਨ। ਮੁੱਖ ਮੰਤਰੀ ਵੱਲੋਂ ਇਲਾਜ ਲਈ ਚੰਗਾ ਹੁੰਗਾਰਾ ਦੇਣ ਅਤੇ ਉਨ੍ਹਾਂ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਆਉਣ ਮਗਰੋਂ ਅੱਜ ਛੁੱਟੀ ਦਿੱਤੀ ਗਈ ਹੈ।
ਇਸ ਮੌਕੇ ਭਗਵੰਤ ਮਾਨ ਮੁਲਾਕਾਤ ਕਰਨ ਤੋਂ ਬਾਅਦ ਫੋਰਟਿਸ ਹਸਪਤਾਲ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਠੀਕ ਹਨ ਅਤੇ ਚੜ੍ਹਦੀ ਕਲਾਂ ਵਿੱਚ। ਉਨ੍ਹਾਂ ਦੀ ਸਿਹਤ ਵਿੱਚ ਪਹਿਲਾਂ ਕਾਫ਼ੀ ਸੁਧਾਰ ਆਇਆ ਹੈ ਅਤੇ ਉਹ ਜਲਦੀ ਹੀ ਹਸਪਤਾਲ ’ਚੋਂ ਛੁੱਟੀ ਮਿਲਣ ਉਪਰੰਤ ਵਾਪਸ ਘਰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਡਾਕਟਰਾਂ ਨੇ ਮਾਨ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਪ੍ਰੰਤੂ ਉਨ੍ਹਾਂ ਦੇ ਦਿਲ ਵਿੱਚ ਪੰਜਾਬ ਲਈ ਐਨ ਜ਼ਿਆਦਾ ਦਰਦ ਹੈ ਕਿ ਉਹ ਟਿੱਕ ਕੇ ਬੈਠਣ ਵਾਲੇ ਨਹੀਂ ਹਨ, ਸਗੋਂ ਪਹਿਲਾਂ ਦੇ ਮੁਕਾਬਲੇ ਹੁਣ ਹੋਰ ਵੀ ਜ਼ਿਆਦਾ ਸ਼ਿੱਦਤ ਨਾਲ ਕੰਮ ਕਰਨਗੇ। ਚੀਮਾ ਨੇ ਕਿਹਾ ਕਿ ਇਹ ਲੋਕਾਂ ਖ਼ਾਸ ਕਰਕੇ ਸਿਆਸੀ ਵਿਰੋਧੀਆਂ ਦਾ ਭੁਲੇਖਾ ਹੈ ਕਿ ਮੁੱਖ ਮੰਤਰੀ ਬਿਮਾਰ ਹਨ ਪ੍ਰੰਤੂ ਸਚਾਈ ਇਹ ਹੈ ਕਿ ਉਨ੍ਹਾਂ ਨੇ ਹਸਪਤਾਲ ’ਚੋਂ ਵੀ ਰੁਟੀਨ ਵਾਂਗ ਦਫ਼ਤਰੀ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕਈ ਸਰਕਾਰੀ ਫਾਈਲਾਂ ਨੂੰ ਹਸਪਤਾਲ ਵਿੱਚ ਮੰਗਵਾ ਕੇ ਕਲੀਅਰ ਕੀਤਾ ਹੈ। ਜਿਸ ਤੋਂ ਬਾਕੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਸਵਾਂ ਨੇ ਵੀ ਮੁੱਖ ਮੰਤਰੀ ਦੀ ਸਿਹਤ ਠੀਕ ਹੋਣ ਦੀ ਪੁਸ਼ਟੀ ਕੀਤੀ ਹੈ। ਜਦੋਂ ਹਸਪਤਾਲ ਦੇ ਬਾਹਰ ਉਨ੍ਹਾਂ ਨੂੰ ਬੀਤੇ ਦਿਨੀਂ ਉਨ੍ਹਾਂ ਦੀ ਅਚਾਨਕ ਸੁਰੱਖਿਆ ਵਧਾਉਣ ਤੋਂ ਬਾਅਦ ਕੋਈ ਅਹਿਮ ਜ਼ਿੰਮੇਵਾਰੀ ਸੰਭਾਲਣ ਦੀ ਛਿੜੀ ਚਰਚਾ ਬਾਰੇ ਪੁੱਛਿਆਂ ਗਿਆ ਤਾਂ ਸਪੀਕਰ ਸੰਧਵਾਂ ਹਾਸੇ ਵਿੱਚ ਗੱਲ ਨੂੰ ਟਾਲਦੇ ਹੋਏ ਇਹ ਕਹਿ ਕੇ ਅੱਗੇ ਵਧ ਗਏ ਕਿ ਤੁਹਾਨੂੰ\ਮੀਡੀਆ ਨੂੰ ਵੱਧ ਪਤਾ ਹੋਵੇਗਾ। ਮੈਨੂੰ ਤਾਂ ਅਜਿਹੀ ਕਿਸੇ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…