ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਸਥਿਰ, ਮੈਡੀਕਲ ਆਈਸੀਯੂ ’ਚ ਦਾਖ਼ਲ

‘ਆਪ’ ਵਲੰਟੀਅਰਾਂ ਤੇ ਹੋਰ ਜਾਣਕਾਰਾਂ ਨੂੰ ਮਿਲਣ ਆਉਣ ਤੋ ਰੋਕਿਆ, ਫੋਰਟਿਸ ਗੇਟਾਂ ’ਤੇ ਪੁਲੀਸ ਦਾ ਪਹਿਰਾ

ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰੀ ਦੀ ਥਾਂ ਪ੍ਰਾਈਵੇਟ ਹਸਪਤਾਲ ’ਚ ਇਲਾਜ ਕਰਵਾਉਣ ’ਤੇ ਚੁੱਕੇ ਸਵਾਲ

ਨਬਜ਼-ਏ-ਪੰਜਾਬ, ਮੁਹਾਲੀ, 27 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਿਛਲੇ ਦਿਨੀਂ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਬੁੱਧਵਾਰ ਦੇਰ ਰਾਤ ਮੁਹਾਲੀ ਦੇ ਸੁਪਰ ਸਪੈਸ਼ਲਿਟੀ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਫੋਰਟਿਸ ਹਸਪਤਾਲ ਦੇ ਮੈਡੀਕਲ ਆਈਸੀਯੂ ਵਾਰਡ, ਤੀਜੀ ਮੰਜ਼ਲ ’ਤੇ ਦਾਖ਼ਲ ਕਰਕੇ ਰੱਖਿਆ ਗਿਆ ਹੈ।
ਬੀਤੇ ਕੱਲ੍ਹ ਇਹ ਕਿਹਾ ਜਾ ਰਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਵਿੱਚ ਸੋਜ਼ਿਸ਼ ਹੈ। ਜਿਸ ਕਰਕੇ ਦਿਲ ’ਤੇ ਦਬਾਅ ਵਧ ਰਿਹਾ ਹੈ ਅਤੇ ਬਲੱਡ ਪ੍ਰੈੱਸ਼ਰ ਦੀ ਵੀ ਸਮੱਸਿਆ ਹੈ। ਡਾਕਟਰਾਂ ਵੱਲੋਂ ਮੁੱਖ ਮੰਤਰੀ ਦੇ ਖੂਨ ਦੇ ਨਮੂਨੇ ਲਏ ਗਏ ਸਨ ਅਤੇ ਕੁੱਝ ਹੋਰ ਜ਼ਰੂਰੀ ਟੈੱਸਟ ਵੀ ਕੀਤੇ ਜਾ ਰਹੇ ਹਨ। ਖੂਨ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਸਲ ਸਥਿਤੀ ਦਾ ਪਤਾ ਲੱਗੇਗਾ ਪ੍ਰੰਤੂ ਅੱਜ ਮੁੱਖ ਮੰਤਰੀ ਦੀ ਸਿਹਤ ਦੀ ਹਾਲਤ ਬਾਰੇ ਕੁੱਝ ਵੀ ਦੱਸਣ ਤੋਂ ਇਨਕਾਰੀ ਹੈ। ਹਾਲਾਂਕਿ ਵੀਰਵਾਰ ਨੂੰ ਇਹ ਗੱਲ ਦਾਅਵੇ ਨਾਲ ਕਹੀ ਜਾ ਰਹੀ ਸੀ ਕਿ ਮੁੱਖ ਮੰਤਰੀ ਨੂੰ ਰੁਟੀਨ ਚੈੱਕਅਪ ਲਈ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਪ੍ਰੰਤੂ ਉਨ੍ਹਾਂ ਨੂੰ ਦਾਖ਼ਲ ਕਰਕੇ ਮੈਡੀਕਲ ਆਈਸੀਯੂ ਵਿੱਚ ਰੱਖਣਾ, ਗੰਭੀਰ ਬਿਮਾਰੀ ਵੱਲ ਸੰਕੇਤ ਦਿੰਦਾ ਹੈ। ਉਨ੍ਹਾਂ ਦੇ ਲਿਵਰ ਵਿੱਚ ਦਿੱਕਤ ਆਉਣ ਬਾਰੇ ਵੀ ਪਤਾ ਲੱਗਾ ਹੈ। ਉਂਜ ਭਗਵੰਤ ਮਾਨ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ, ਕਿਹਾ ਜਾ ਰਿਹਾ ਹੈ ਪ੍ਰੰਤੂ ਉਨ੍ਹਾਂ ਨੂੰ ਹਾਲੇ ਕੁੱਝ ਸਮਾਂ ਹੋਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਫੋਰਟਿਸ ਵਿੱਚ ਜੇਰੇ ਇਲਾਜ ਹੋਣ ਕਾਰਨ ਹਸਪਤਾਲ ਦੇ ਅੰਦਰ ਅਤੇ ਬਾਹਰ ਮੁੱਖ ਗੇਟਾਂ ’ਤੇ ਪੁਲੀਸ ਦਾ ਸਖ਼ਤ ਪਹਿਰਾ ਹੈ। ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਹਨ, ਜੋ ਹਸਪਤਾਲ ਵਿੱਚ ਹਰੇਕ ਆਉਣ ਜਾਣ ਵਾਲੇ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ।
ਉਧਰ, ਕੈਬਨਿਟ ਮੰਤਰੀਆਂ ਸਮੇਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ, ਸਰਗਰਮ ਵਲੰਟੀਅਰਾਂ ਅਤੇ ਮੁੱਖ ਮੰਤਰੀ ਦੇ ਜਾਣਕਾਰਾਂ ਨੂੰ ਵੀ ਹਸਪਤਾਲ ਵਿੱਚ ਆ ਕੇ ਮਿਲਣ ਤੋਂ ਰੋਕਿਆ ਗਿਆ ਹੈ ਤਾਂ ਜੋ ਹਸਪਤਾਲ ਵਿੱਚ ਬਾਕੀ ਮਰੀਜ਼ਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਉਧਰ, ਦੇਰ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਲ ਸਬੰਧਤ ਫੋਰਟਿਸ ਹਸਪਤਾਲ ਤੋਂ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਫੋਰਟਿਸ ਹਸਪਤਾਲ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ. ਆਰ.ਕੇ. ਜਸਵਾਲ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸਬੰਧਤ ਕੁਝ ਜ਼ਰੂਰੀ ਟੈੱਸਟ ਕੀਤੇ ਹਨ, ਜਿਨ੍ਹਾਂ ਦੇ ਨਤੀਜਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ।
ਡਾਕਟਰ ਮੁਤਾਬਕ ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ ’ਤੇ ਦਬਾਅ ਪੈ ਗਿਆ ਹੈ, ਜਿਸ ਕਾਰਨ ਬਲੱਡ ਪ੍ਰੈੱਸ਼ਰ ਅਨਿਯਮਿਤ ਹੋ ਗਿਆ। ਫਿਲਹਾਲ ਮੁੱਖ ਮੰਤਰੀ ਦੇ ਸਰੀਰ ਦੇ ਬਾਕੀ ਸਾਰੇ ਅਹਿਮ ਅੰਗ ਪੂਰੀ ਤਰ੍ਹਾਂ ਸਟੇਬਲ ਹਨ। ਦਿਲ ਦੇ ਟੈੱਸਟਾਂ ਅਤੇ ਜਾਂਚ ਦੇ ਨਤੀਜ਼ੇ ਆਉਣ ਤੋਂ ਬਾਅਦ ਹੀ ਡਾਕਟਰ ਅੱਗੇ ਦਾ ਫ਼ੈਸਲਾ ਕਰੇਗਾ। ਮੁੱਖ ਮੰਤਰੀ ਇਲਾਜ ਲਈ ਚੰਗਾ ਹੁੰਗਾਰਾ ਦੇ ਰਹੇ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਸਰੀਰ ਦੀ ਕਸਰਤ: ਸੀਐਮ ਦੀ ਯੋਗਸ਼ਾਲਾ ਕਰ ਰਹੀ ਹੈ ਪੁਰਾਣੇ ਰੋਗਾਂ ਦਾ ਨਿਵਾਰਣ

ਸਰੀਰ ਦੀ ਕਸਰਤ: ਸੀਐਮ ਦੀ ਯੋਗਸ਼ਾਲਾ ਕਰ ਰਹੀ ਹੈ ਪੁਰਾਣੇ ਰੋਗਾਂ ਦਾ ਨਿਵਾਰਣ ਮੁਹਾਲੀ ਦੇ ਸੈਕਟਰ-68, 69, 70 …