
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਬੂਸ਼ਾਹੀ ਮੋਬਾਈਲ ਐਪ ਦੀ ਸ਼ੁਰੂਆਤ
ਮੀਡੀਆ ਦੇ ਬਦਲੇ ਰੂਪ ਵਿੱਚ ਇਸ ਪਹਿਲ-ਕਦਮੀ ਨੂੰ ਲਾਹੇਵੰਦ ਦੱਸਿਆ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਦਾ ਪਸਾਰ ਪ੍ਰਿੰਟ ਮੀਡੀਆ ਦੇ ਲਈ ਇੱਕ ਸਖਤ ਚੁਣੌਤੀ ਪੇਸ਼ ਕਰ ਰਿਹਾ ਹੈ ਅਤੇ ਇਸ ਦੇ ਪਸਾਰ ’ਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ ਤਾਂ ਜੋ ਹੇਠਲੇ ਪੱਧਰ ਦੇ ’ਤੇ ਸੂਚਨਾ ਦੇ ਪਸਾਰ ਯਕੀਨੀ ਬਣਾਇਆ ਜਾ ਸਕੇ। ਅੱਜ ਇੱਥੇ ਬਾਬੂਸ਼ਾਹੀ ਮੋਬਾਈਲ ਐਪ ਦੀ ਸ਼ੁਰੂਆਤ ਕਰਨ ਤੋਂ ਬਾਅਦ ਚੋਣਵੇਂ ਇਕੱਠ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਤਬਦੀਲ ਹੋਏ ਰੂਪ ਦੇ ਕਾਰਨ ਸੋਸ਼ਲ ਮੀਡੀਏ ਦਾ ਪਸਾਰ ਕਈ ਗੁਣਾਂ ਵੱਧ ਗਿਆ ਹੈ ਅਤੇ ਇਹ ਵਿਲੱਖਣ ਪਹਿਲ-ਕਦਮੀ ਖੋਜਾਰਥੀਆਂ, ਸਿਆਸਤਦਾਨਾਂ ਅਤੇ ਹੋਰ ਲੋਕਾਂ ਲਈ ਫਾਇਦੇਮੰਦ ਸਾਬਤ ਹੋਵੇਗੀ ਜੋ ਵਿਸ਼ੇਵਾਰ ਅੰਕੜਿਆਂ ਦੀ ਸੂਚਨਾ ਦੀ ਤਵੱਕੋ ਰੱਖਦੇ ਹਨ। ਉਨ੍ਹਾਂ ਨੇ ਇਸ ਐਪ ਨੂੰ ਸ਼ੁਰੂ ਕਰਨ ਲਈ ਉੱਘੇ ਪੱਤਰਕਾਰ ਬਲਜੀਤ ਬੱਲੀ ਨੂੰ ਵਧਾਈ ਦਿੱਤੀ ਜੋ ਕਿ ਸਿਆਸਤ, ਸੂਬੇ ਦੇ ਪ੍ਰਸ਼ਾਸਨ, ਵਪਾਰ, ਮਨੋਰੰਜਨ ਅਤੇ ਦੁਨੀਆ ਭਰ ਵਿੱਚ ਚੱਲ ਰਹਿਆਂ ਵਿਭਿੰਨ ਸਰਗਰਮੀਆਂ ਦੀ ਤੇਜ਼ੀ ਨਾਲ ਸੂਚਨਾ ਮੁਹੱਈਆ ਕਰਵਾਉਣ ਲਈ ਤਿਆਰ ਕੀਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮੋਬਾਈਲ ਐਪ ਖਾਸਤੌਰ ’ਤੇ ਸਿਆਸਤ ਅਤੇ ਹੋਰਨਾਂ ਵਿਸ਼ਿਆਂ ਸਬੰਧੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਏਗੀ ਜਿਸ ਦੇ ਵਾਸਤੇ ਸਿਆਸਤਦਾਨਾਂ ਨੂੰ ਪੰਜਾਬ ਵਿਧਾਨ ਸਭਾ ਲਾਇਬ੍ਰੇਰੀ/ਰਿਕਾਰਡ ਜਾਂ ਅਖਬਾਰਾਂ ਦੀ ਰੈਫਰੈਂਸ ਲਾਇਬ੍ਰੇਰੀਆਂ ’ਤੇ ਸੂਚਨਾ ਦੇ ਮੁਢਲੇ ਸਰੋਤਾਂ ਲਈ ਨਿਰਭਰ ਹੋਣਾ ਪੈਂਦਾ ਹੈ। ਮੁੱਖ ਮੰਤਰੀ ਨੇ ਬੱਲੀ ਦੇ ਅੌਨਲਾਈਨ ਮੀਡੀਆ ਵਿੱਚ ਯੋਗਦਾਨ ਦੀ ਵੀ ਸਰਹਾਨਾ ਕੀਤੀ। ਉਨ੍ਹਾਂ ਦਾ ਇਸ ਵੇਲੇ ਅੰਗਰੇਜ਼ੀ ਅਤੇ ਪੰਜਾਬ ਵਿੱਚ ਨਿਊਜ਼ ਪੋਰਟਲ ਚੱਲ ਰਿਹਾ ਹੈ।
ਸ੍ਰੀ ਬੱਲੀ ਨੇ ਕਿਹਾ ਕਿ ਪੋਰਟਲ ਦੀ ਸਫਲਤਾ ਨੇ ਹੀ ਉਨ੍ਹਾਂ ਦੀ ਟੀਮ ਨੂੰ ਮੋਬਾਈਲ ਐਪ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ ਹੈ ਜੋ ਕਿ ਅੱਗੇ ਸੂਬਾ ਪ੍ਰਸ਼ਾਸਨ ਅਤੇ ਲੋਕਾਂ ਵਿਚਕਾਰ ਸੰਚਾਰ ਸੰਪਰਕ ਨੂੰ ਬੜ੍ਹਾਵੇਗਾ। ਸੰਚਾਰ ਸੰਪਰਕ ਵਿੱਚ ਇਹ ਵਾਧਾ ਨਾ ਕੇਵਲ ਪੰਜਾਬ ਸਗੋਂ ਦੁਨੀਆ ਭਰ ਵਿੱਚ ਵਸਦੇ ਲੋਕਾਂ ਨਾਲ ਹੋਵੇਗਾ। ਸ੍ਰੀ ਬੱਲੀ ਨੇ ਕਿਹਾ ਕਿ ਐਪ ਦਾ ਅੰਗਰੇਜ਼ੀ ਅਤੇ ਪੰਜਾਬੀ ਰੂਪ ਐਨਡਰਾਇਡ ’ਤੇ ਉਪਲੱਬਧ ਹੈ ਜਦਕਿ ਆਈਫੋਨ ’ਤੇ ਸਿਰਫ ਅੰਗਰੇਜ਼ੀ ਰੂਪ ਹੀ ਉਪਲੱਬਧ ਹੈ ਪਰ ਛੇਤੀ ਹੀ ਇਸ ’ਤੇ ਵੀ ਪੰਜਾਬੀ ਰੂਪ ਸ਼ੁਰੂ ਹੋ ਜਾਵੇਗਾ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ, ਮੁੱਖ ਮੰਤਰੀ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਸਨ।