CM Channi addressing the people

ਮੁੱਖ ਮੰਤਰੀ ਚੰਨੀ ਵੱਲੋਂ ਕਮਜ਼ੋਰ ਵਰਗਾਂ ਪ੍ਰਤੀ ਕੈਪਟਨ ਦੀ ਸੌੜੀ ਮਾਨਸਿਕਤਾ ਦੀ ਕਰੜੀ ਨਿਖੇਧੀ

ਕਿਹਾ, ਮੇਰੇ ਵੱਲੋਂ ਆਮ ਲੋਕਾਂ ਲਈ ਉਠਾਏ ਮੁੱਦਿਆਂ ਕਰਕੇ ਮਹਾਰਾਜੇ ਨੇ ਹਮੇਸ਼ਾ ਮੈਨੂੰ ਨਿਸ਼ਾਨਾ ਬਣਾਇਆ

ਬਾਦਲ, ਮੋਦੀ ਅਤੇ ਕੈਪਟਨ ਮਿਲ ਕੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜ਼ਿੰਮੇਵਾਰ

ਕੇਜਰੀਵਾਲ ਸੱਤਾ ਦਾ ਲਾਲਚੀ ਅਤੇ ਬਾਹਰੀ ਵਿਅਕਤੀ

ਸਰਹੱਦੀ ਖੇਤਰ ਵਿੱਚ ਵਿਆਪਕ ਵਿਕਾਸ ਦਾ ਕੀਤਾ ਵਾਅਦਾ

ਨਬਜ਼-ਏ-ਪੰਜਾਬ ਬਿਊਰੋ, ਭੋਆ (ਪਠਾਨਕੋਟ), 3 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਰੀਬਾਂ ਅਤੇ ਆਮ ਲੋਕਾਂ ਪ੍ਰਤੀ ਸੌੜੀ ਮਾਨਸਿਕਤਾ ਲਈ ਨਿੰਦਾ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਮੁੱਦੇ ਉਠਾਉਣ ਕਰਕੇ ਉਹ ਹਮੇਸ਼ਾ ਹੀ ਕੈਪਟਨ ਦੇ ਨਿਸ਼ਾਨੇ ਉਤੇ ਰਹੇ ਹਨ। ਅੱਜ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਕ ਨਿਮਰ ਪਿਛੋਕੜ ਵਾਲੇ ਪਰਿਵਾਰ ਨਾਲ ਸਬੰਧਤ ਹਨ, ਇਸ ਲਈ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਹਮੇਸ਼ਾ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਜਾ ਨੇ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਰਾਹਤ ਦੇਣ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਉਨ੍ਹਾਂ ਦੇ ਹਿੱਤਾਂ ਨੂੰ ਢਾਹ ਲਾਉਣਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਆਮ ਅਤੇ ਦੱਬੇ-ਕੁਚਲੇ ਲੋਕਾਂ ਲਈ ਆਪਣਾ ਸੰਘਰਸ਼ ਜਾਰੀ ਰੱਖਿਆ ਜਿਸ ਕਾਰਨ ਹੰਕਾਰੀ ਮਹਾਰਾਜਾ ਨੂੰ ਕਾਂਗਰਸ ਪਾਰਟੀ ਨੇ ਸੱਤਾ ਤੋਂ ਲਾਂਭੇ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਆਮ ਵਿਅਕਤੀ ਨੂੰ ਸੌਂਪਣ ਦਾ ਕ੍ਰਾਂਤੀਕਾਰੀ ਫੈਸਲਾ ਸਿਰਫ ਕਾਂਗਰਸ ਪਾਰਟੀ ਹੀ ਲੈ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕ੍ਰਾਂਤੀ ਤਾਂ ਹੀ ਕਾਇਮ ਰਹਿ ਸਕਦੀ ਹੈ, ਜੇਕਰ ਸਾਰੇ ਆਮ ਅਤੇ ਲੋੜਵੰਦ ਲੋਕ ਕਾਂਗਰਸ ਦੇ ਸਮਰਥਨ ਲਈ ਇਕਜੁੱਟ ਹੋ ਜਾਣ। ਮੁੱਖ ਮੰਤਰੀ ਚੰਨੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸ਼ਕਤੀਸ਼ਾਲੀ ਕੁਲੀਨ ਵਰਗ ਗਰੀਬਾਂ ਨੂੰ ਫਿਰਕੂ ਲੀਹਾਂ ‘ਤੇ ਵੰਡ ਕੇ ਇਸ ਆਮ ਵਿਅਕਤੀ ਦੀ ਸਰਕਾਰ ਨੂੰ ਢਾਹ ਲਾਉਣ ਦੀ ਸਾਜਿਸ਼ ਰਚ ਰਿਹਾ ਹੈ। ਅਕਾਲੀ, ਭਾਜਪਾ ਅਤੇ ਅਮਰਿੰਦਰ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਰੇ ਮਿਲ ਕੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮੋਦੀ, ਬਾਦਲ ਅਤੇ ਕੈਪਟਨ ਦੀ ਤਿਕੜੀ ਨੇ ਸੂਬੇ ਦੇ ਹਿੱਤਾਂ ਨੂੰ ਖ਼ਤਰੇ ਵਿਚ ਪਾਉਣ ਲਈ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜ਼ਿਸ਼ ਰਚੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਕਿਸਾਨ ਵਿਰੋਧੀ ਕਾਨੂੰਨ ਲਈ ਅਕਾਲੀ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਨੇ 2013 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਕੰਟਰੈਕਟ ਫਾਰਮਿੰਗ ਬਿੱਲ ਪਾਸ ਕੀਤਾ ਜੋ ਬਾਅਦ ਵਿੱਚ ਕਾਲੇ ਖੇਤੀ ਕਾਨੂੰਨਾਂ ਦਾ ਆਧਾਰ ਬਣਿਆ। ਉਹਨਾਂ ਅੱਗੇ ਕਿਹਾ ਕਿ ਉਹ ਇਹਨਾਂ ਕਾਲੇ ਕਾਨੂੰਨਾਂ ਨੂੰ ਸੰਸਦ ਵਿੱਚ ਪਾਸ ਕਰਵਾਉਣ ਲਈ ਭਾਜਪਾ ਨਾਲ ਮਿਲੇ ਹੋਏ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਧਨਾਢ ਸਿਆਸਤਦਾਨਾਂ ਦੇ ਨਾਪਾਕ ਗਠਜੋੜ ਨੇ ਪੰਜਾਬ ਨੂੰ ਲੁੱਟਣ ਲਈ ਆਮ ਲੋਕਾਂ ਤੋਂ ਸੱਤਾ ਖੋਹ ਲਈ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਅਤੇ ਕੈਪਟਨ ਵਰਗੇ ਇਸ ਕੁਲੀਨ ਵਰਗ ਦੇ ਮੈਂਬਰ ਆਪੋ-ਆਪਣੇ ਨਿੱਜੀ ਹਿੱਤਾਂ ਲਈ ਗੱਠਜੋੜ ਕਰਕੇ ਸੂਬੇ ਨੂੰ ਲੁੱਟਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਹ ਵਰਗ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਆਪਸ ਵਿੱਚ ਮਿਲ ਕੇ ਵਾਰੋ-ਵਾਰੀ ਸੱਤਾ ਸੰਭਾਲ ਕੇ ਪੰਜਾਬ ਨੂੰ ਜਾਣਬੁੱਝ ਲੁੱਟਦੇ ਆ ਰਹੇ ਹਨ ਅਤੇ ਹਰ ਪੰਜ ਸਾਲ ਬਾਅਦ ਸਿਰਫ ਸ਼ਾਸਕ ਬਦਲਦੇ ਹਨ ਪਰ ਸੱਤਾ ਉਨ੍ਹਾਂ ਦੇ ਹੱਥਾਂ ਵਿੱਚ ਹੀ ਰਹਿੰਦੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਇਹ ਗਠਜੋੜ ਟੁੱਟ ਗਿਆ ਹੈ ਅਤੇ ਸੱਤਾ ਆਮ ਲੋਕਾਂ ਦੇ ਹੱਥ ਵਿੱਚ ਆ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪ ਮੁਸ਼ਕਲਾਂ ਭਰਿਆ ਜੀਵਨ ਬਸਰ ਕੀਤਾ ਹੈ, ਇਸ ਲਈ ਉਹ ਆਮ ਆਦਮੀ ਦੀਆਂ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਚੰਨੀ ਨੇ ਕਿਹਾ ਕਿ ਇਸੇ ਕਾਰਨ ਹੀ ਉਹ ਗਰੀਬ ਅਤੇ ਆਮ ਆਦਮੀ ਦੀ ਭਲਾਈ ਲਈ ਸਾਰੇ ਸਰਕਾਰੀ ਫੰਡਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਉਹ ਸੱਤਾ ਵਿੱਚ ਹਨ, ਉਦੋਂ ਤੱਕ ਉਹ ਆਪਣੀ ਇਹ ਜ਼ਿੰਮੇਵਾਰੀ ਇਸੇ ਤਰ੍ਹਾਂ ਨਿਭਾਉਂਦੇ ਰਹਿਣਗੇ।

ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੂਬੇ ਬਾਰੇ ਤੁੱਛ ਜਾਣਕਾਰੀ ਲਈ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੀ ਸੱਤਾ ਦੀ ਲਾਲਸਾ ਲਈ ਹਨੇਰੇ ਵਿਚ ਤੀਰ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਅਫਵਾਹਾਂ ਫੈਲਾਉਣ ਵਾਲਾ ਕੇਜਰੀਵਾਲ ਪੰਜਾਬ ਬਾਰੇ ਕੁਝ ਨਹੀਂ ਜਾਣਦਾ ਪਰ ਬੇਤੁਕੀ ਬਿਆਨਬਾਜ਼ੀ ਨਾਲ ਪੰਜਾਬ ਦੀ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ਵਿੱਚ ਅਜਿਹੀ ਸੌੜੀ ਰਾਜਨੀਤੀ ਕਦੇ ਵੀ ਕਾਮਯਾਬ ਨਹੀਂ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਸੱਤਾ ਦਾ ਲਾਲਚੀ ਹੈ ਜੋ ਪੰਜਾਬ ‘ਤੇ ਰਾਜ ਕਰਨਾ ਚਾਹੁੰਦਾ ਹੈ, ਜਿਸ ਕਾਰਨ ਉਹ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੇਜਰੀਵਾਲ ਅਤੇ ਜੁੰਡਲੀ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੂੰ ਆਪਣੀ ਧਰਤੀ ਅਤੇ ਲੋਕਾਂ ਨਾਲ ਪਿਆਰ ਹੈ ਅਤੇ ਉਨ੍ਹਾਂ ਨੇ ਕਦੇ ਵੀ ਕਿਸੇ ਬਾਹਰਲੇ ਵਿਅਕਤੀ ਨੂੰ ਆਪਣੇ ਸੂਬੇ ਵਿੱਚ ਆਉਣ ਅਤੇ ਰਾਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਚੰਨੀ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਫੇਲ੍ਹ ਹੋ ਚੁੱਕੀ ਹੈ ਜਦਕਿ ਕਾਂਗਰਸ ਲੋਕਾਂ ਦੀ ਭਲਾਈ ਲਈ ਬਿਹਤਰੀਨ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਕਾਂਗਰਸ ਲੀਡਰਸ਼ਿਪ ਨੇ ਉਹਨਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਉਹਨਾਂ ਕਿਹਾ ਕਿ ਮੈਂ ਸੂਬੇ ਦੇ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੰਮ ਕਰ ਰਿਹਾ ਹਾਂ। ਉਹਨਾਂ ਦੀ ਸਰਕਾਰ ਵੱਲੋਂ ਕੀਤੀਆਂ ਕਈ ਲੋਕ ਪੱਖੀ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਬਿਜਲੀ ਬਿੱਲਾਂ ਦੇ 1500 ਕਰੋੜ ਰੁਪਏ ਦੇ ਬਕਾਏ ਮੁਆਫ ਕੀਤੇ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾਈਆਂ, ਪੇਂਡੂ ਖੇਤਰਾਂ ਵਿੱਚ ਮੋਟਰਾਂ ਦੇ 1200 ਕਰੋੜ ਰੁਪਏ ਦੇ ਬਿੱਲ ਮੁਆਫ ਕੀਤੇ, ਪਾਣੀ ਦੇ ਖਰਚੇ ਘਟਾ ਕੇ 50 ਰੁਪਏ ਕੀਤੇ, ਰੇਤ ਦੇ ਰੇਟ ਘਟਾ ਕੇ 5.50 ਪ੍ਰਤੀ ਕਿਊਬਿਕ ਫੁੱਟ ਰੁਪਏ ਕੀਤੇ ਅਤੇ ਗੰਨੇ ਦੇ ਵਧੇ ਹੋਏ 50 ਰੁਪਏ ਭਾਅ ਵਿੱਚੋਂ ਪੰਜਾਬ ਸਰਕਾਰ 35 ਰੁਪਏ ਝੱਲੇਗੀ, ਜਦਕਿ ਪ੍ਰਾਈਵੇਟ ਮਿੱਲਾਂ ਨੂੰ ਹੁਣ ਸਿਰਫ 15 ਰੁਪਏ ਦਾ ਬੋਝ ਹੀ ਝੱਲਣਾ ਪੈ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਿਰਫ ਇਹ ਹੀ ਨਹੀਂ ਬਲਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਕਈ ਹੋਰ ਮਹੱਤਵਪੂਰਨ ਫੈਸਲੇ ਵੀ ਲਏ ਜਾਣਗੇ।

ਸਰਹੱਦੀ ਖੇਤਰਾਂ ਦੇ ਵਸਨੀਕਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਸ ਖੇਤਰ ਵਿੱਚ ਬਹਾਦਰ ਲੋਕ ਰਹਿੰਦੇ ਹਨ ਪਰ ਫਿਰ ਵੀ ਰਾਜ ਸਰਕਾਰਾਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਹਨਾਂ ਕਿਹਾ ਕਿ ਇਸ ਖੇਤਰ ਦਾ ਸੰਪੂਰਨ ਵਿਕਾਸ ਕੀਤਾ ਜਾਵੇਗਾ, ਜਿਵੇਂ ਬਾਦਲਾਂ ਤੇ ਮਹਾਰਾਜਾ ਨੇ ਆਪੋ-ਆਪਣੇ ਖੇਤਰਾਂ ਦਾ ਵਿਕਾਸ ਕੀਤਾ ਸੀ। ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ, “ਮੇਰਾ ਵਾਅਦਾ ਹੈ ਕਿ ਸਰਹੱਦੀ ਖੇਤਰਾਂ ਵਿੱਚ ਜਲਦ ਹੀ ਵਿੱਚ ਵਿਆਪਕ ਵਿਕਾਸ ਕੀਤਾ ਜਾਵੇਗਾ।’’

ਇਸ ਦੌਰਾਨ ਮੁੱਖ ਮੰਤਰੀ ਨੇ ਪਠਾਨਕੋਟ ਵਿਖੇ ਮੈਡੀਕਲ ਕਾਲਜ, ਭੋਆ ਨੂੰ ਪ੍ਰਬੰਧਕੀ ਬਲਾਕ ਐਲਾਨਣ, ਨਰੋਟ ਜੈਮਲ ਸਿੰਘ ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ ਸੰਤ ਬਾਬਾ ਨਾਭਾ ਦਾਸ ਦੀ ਇਮਾਰਤ ਲਈ ਢੁਕਵੀਂ ਜ਼ਮੀਨ ਦੇਣ ਦਾ ਐਲਾਨ ਕੀਤਾ।

ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਮਾਲ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ‘ਚੰਨੀ ਰਾਜ, ਚੰਗਾ ਰਾਜ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕਾਂਗਰਸ ਪਾਰਟੀ ਵਿੱਚ ਨਵੀਂ ਰੂਹ ਫੂਕੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਮਿਸਾਲੀ ਵਿਕਾਸ ਅਤੇ ਲੋਕ ਪੱਖੀ ਪਹਿਲਕਦਮੀਆਂ ਦਾ ਇੱਕ ਨਵਾਂ ਦੌਰ ਦੇਖ ਰਿਹਾ ਹੈ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਸੂਬੇ ਦੇ ਸਰਹੱਦੀ ਜਿਲ੍ਹਿਆਂ ਵਿੱਚ ਸਰਬਪੱਖੀ ਵਿਕਾਸ ਦੀ ਨਵੀਂ ਪਿਰਤ ਪਾਈ ਹੈ, ਜਿਸ ਨੂੰ ਹੁਣ ਤੱਕ ਅਣਗੌਲਿਆ ਕੀਤਾ ਗਿਆ ਸੀ।

ਆਪਣੇ ਸੰਬੋਧਨ ਵਿੱਚ ਵਿਧਾਇਕ ਜੋਗਿੰਦਰ ਪਾਲ ਨੇ ਚੰਨੀ ਨੂੰ ਆਮ ਲੋਕਾਂ ਦਾ ਮੁੱਖ ਮੰਤਰੀ ਦੱਸਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਰ ਗਰੀਬ ਆਦਮੀ ਦਾ ਸੁਪਨਾ ਸਾਕਾਰ ਕੀਤਾ ਹੈ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ। ਸ੍ਰੀ ਜੋਗਿੰਦਰ ਪਾਲ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨ ਦੌਰਾਨ ਪੰਜਾਬ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਗੁਰਦੁਆਰਾ ਬਾਰਠ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਚੰਨੀ ਨੇ ਪਿੰਡ ਬੰਨੀ ਲੋਧੀ ਵਿਖੇ ਖੇਡ ਸਟੇਡੀਅਮ ਅਤੇ ਪਿੰਡ ਲਾਹੜੀ ਮਹੰਤਾ ਵਿਖੇ 66 ਕੇ.ਵੀ ਪਾਵਰ ਸਟੇਸ਼ਨ ਵੀ ਲੋਕ ਅਰਪਣ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਅਮਿਤ ਵਿਜ, ਸਾਬਕਾ ਮੰਤਰੀ ਰਮਨ ਭੱਲਾ, ਕਾਂਗਰਸੀ ਆਗੂ ਅਸ਼ੋਕ ਵਢੇਰਾ, ਉਦਯੋਗ ਵਿਭਾਗ ਦੇ ਵਾਈਸ ਚੇਅਰਮੈਨ ਕਾਰਤਿਕ ਵਢੇਰਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…