
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਪੁੱਤ ਦਾ ਸਾਦੇ ਢੰਗ ਨਾਲ ਕਰਕੇ ਨਵੀਂ ਪਿਰਤ ਪਾਈ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਿਆਹ ਸਮਾਰੋਹ ਤੋਂ ਰਹੇ ਦੂਰ
ਪੰਜਾਬ ਦੇ ਰਾਜਪਾਲ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤਾ ਨਵ-ਵਿਆਹੇ ਜੋੜੇ ਨੂੰ ਅਸ਼ੀਰਵਾਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪੁੱਤਰ ਦਾ ਬਿਲਕੁਲ ਸਾਦਾ ਵਿਆਹ ਕਰਕੇ ਨਵੀਂ ਪਿਰਤ ਪਾਈ ਹੈ। ਇੱਥੋਂ ਦੇ ਫੇਜ-3ਬੀ1 ਸਥਿਤ ਗੁਰਦੁਆਰਾ ਸਾਚਾ ਧਨ ਸਾਹਿਬ ਵਿਖੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਖਾਸ ਗੱਲ ਇਹ ਰਹੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫੁੱਲਾਂ ਨਾਲ ਸਜਾਈ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਖ਼ੁਦ ਡਰਾਈਵਿੰਗ ਕਰਕੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਪਹੁੰਚੇ। ਬਰਾਤ ਅਤੇ ਦੋਵੇਂ ਪਰਿਵਾਰਾਂ ਦੇ ਰਿਸ਼ਤੇਦਾਰਾਂ ਦੇ ਸਵਾਗਤ ਤੋਂ ਬਾਅਦ ਨਾਸ਼ਤਾ ਪਰੋਸਿਆ। ਇਸ ਮਗਰੋਂ ਅਨੰਦ ਕਾਰਜ ਹੋਏ।
ਮੁੱਖ ਮੰਤਰੀ ਦੇ ਬੇਟੇ ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ ਦੇ ਅਮਲਾਲਾ ਦੀ ਸਿਮਰਨਧੀਰ ਕੌਰ ਨਾਲ ਹੋਇਆ। ਮਿਲੀ ਜਾਣਕਾਰੀ ਅਨੁਸਾਰ ਨਵਜੀਤ ਤੇ ਸਿਮਰਨਧੀਰ ਦੀ ਭਲਕੇ ਸੋਮਵਾਰ ਨੂੰ ਮੁਹਾਲੀ ਦੇ ਅਰਿਸਤਾ ਰਿਜ਼ੋਰਟ ਵਿੱਚ ਰਿਸੈਪਸ਼ਨ ਪਾਰਟੀ ਹੋਵੇਗੀ। ਮੁੱਖ ਮੰਤਰੀ ਦਾ ਪਰਿਵਾਰ ਆਪਣੀ ਨੂੰਹ ਸਿਮਰਨਧੀਰ ਨੂੰ ਭਾਗਾਵਾਲੀ ਮੰਨ ਰਹੇ ਹਨ, ਕਿਉਂਕਿ ਜਿਸ ਦਿਨ ਵਿਆਹ ਦੀ ਚਿੱਠੀ ਚੰਨੀ ਦੇ ਘਰ ਪਹੁੰਚੀ ਸੀ, ਉਸੇ ਦਿਨ ਹੀ ਦਿਨ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਪੰਜਾਬ ਦਾਨਵਾਂ ਮੁੱਖ ਮੰਤਰੀ ਬਣਾਇਆ ਸੀ। ਸਿਮਰਨਧੀਰ ਇੰਜੀਨੀਅਰਿੰਗ ਤੋਂ ਬਾਅਦ ਐੱਮਬੀਏ ਕਰ ਰਹੀ ਹੈ। ਮੁੱਢਲੀ ਪੜ੍ਹਾਈ ਉਸ ਨੇ ਡੇਰਾਬੱਸੀ ’ਚ ਹੀ ਕੀਤੀ ਹੈ। ਉਸ ਦੇ ਪਿਤਾ ਰਣਧੀਰ ਸਿੰਘ ਕੇਂਦਰੀ ਵਿਦਿਆਲਾ ਵਿੱਚ ਬੀਤੇ 17 ਸਾਲਾਂ ਤੋਂ ਪ੍ਰਿੰਸੀਪਲ ਹਨ ਅਤੇ ਅੱਜ ਕੱਲ੍ਹ ਪਟਿਆਲਾ ਟੈਂਪਰੇਰੀ ਡਿਊਟੀ ’ਤੇ ਤਾਇਨਾਤ ਹਨ।
ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਸੀਨੀਅਰ ਕਾਂਗਰਸ ਆਗੂ ਕੁਮਾਰੀ ਸ਼ੈਲਜਾ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਮੇਤ ਸਮੁੱਚਾ ਮੰਤਰੀ ਮੰਡਲ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਆਹ ਸਮਾਗਮ ਵਿੱਚ ਹਾਜ਼ਰ ਨਹੀਂ ਹੋਏ। ਵੈਸੇ ਵੀ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਬਸਪਾ, ਆਪ ਸੰਯੁਕਤ ਦਲ ਸਮੇਤ ਕਿਸੇ ਵੀ ਵਿਰੋਧੀ ਪਾਰਟੀ ਦਾ ਆਗੂ ਨਜ਼ਰ ਨਹੀਂ ਆਇਆ। ਸਿੱਖਾਂ ’ਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਿੱਖ ਆਗੂ ਭਾਈ ਆਰਪੀ ਸਿੰਘ, ਗੁਰਦੁਆਰਾ ਤਾਲਮੇਲ ਕਮੇਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਟੌਹੜਾ, ਲੇਖਕ ਤਲਵਿੰਦਰ ਸਿੰਘ ਬੁੱਟਰ, ਪ੍ਰੋ. ਮੇਹਰ ਸਿੰਘ ਮੱਲ੍ਹੀ ਸਮੇਤ ਪੰਜਾਬ ਦੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਵੀ ਹਾਜ਼ਰ ਸਨ। ਮੁੱਖ ਮੰਤਰੀ ਅਤੇ ਹੋਰਨਾਂ ਖਾਸ ਮਹਿਮਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਪੁਲੀਸ ਦੇ ਆਈਜੀ ਏਕੇ ਪਾਂਡੇ ਅਤੇ ਐਸਐਸਪੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਹੇਠ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।



ਮੁੱਖ ਮੰਤਰੀ ਚੰਨੀ ਅਤੇ ਗਿਆਨੀ ਹਰਪ੍ਰੀਤ ਸਿੰਘ ਸਮੇਤ ਲਾੜਾ-ਲਾੜੀ ਅਤੇ ਹੋਰਨਾਂ ਮਹਿਮਾਨਾਂ ਅਤੇ ਰਿਸ਼ਤੇਦਾਰਾਂ ਨੇ ਗੁਰਦੁਆਰਾ ਸਾਹਿਬ ਦੀ ਬੇਸਮੈਂਟ ਵਿੱਚ ਬਣੇ ਲੰਗਰ ਹਾਲ ਵਿੱਚ ਭੁੰਜੇ ਬੈਠ ਕੇ ਗੁਰੂ ਕਾ ਲੰਗਰ ਛਕਿਆ। ਇਸ ਤੋਂ ਇਲਾਵਾ ਗੁਰਦੁਆਰਾ ਕੰਪਲੈਕਸ ਅੰਦਰ ਹੀ ਸਕੂਲ ਦੀ ਪਾਰਕਿੰਗ ਵਾਲੀ ਥਾਂ ’ਤੇ ਲੰਗਰ ਦੀ ਵਿਵਸਥਾ ਕੀਤੀ ਗਈ ਸੀ। ਜਦ ਤੋਂ ਸ੍ਰੀ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹੀ ਨਿੱਤ ਨਵੀਆਂ ਮਿਸਾਲਾਂ ਅਤੇ ਰਵਾਇਤਾਂ ਕਾਇਮ ਕਰਕੇ ਨਾਮਣਾ ਖੱਟ ਰਹੇ ਹਨ ਅਤੇ ਹਰ ਕਿਸੇ ਨੂੰ ਆਮ ਵਿਅਕਤੀ ਵਾਂਗ ਮਿਲਣ ਕਰਕੇ ਉਹ ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਬਣੇ ਹੋਏ ਹਨ। ਚੰਨੀ ਵੱਲੋਂ ਆਪਣੀ ਸੁਰੱਖਿਆ ਵਿੱਚ ਤਾਇਨਾਤ 500 ਪੁਲੀਸ ਮੁਲਾਜ਼ਮਾਂ ਦੀ ਨਫ਼ਰੀ ਨੂੰ ਘਟਾ ਦਿੱਤਾ ਗਿਆ ਹੈ।