
ਮੁੱਖ ਮੰਤਰੀ ਵੱਲੋਂ ਪ੍ਰਸਿੱਧ ਸਿੱਖ ਵਿਦਵਾਨ ਡਾ ਜੋਧ ਸਿੰਘ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 20 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਿੱਧ ਸਿੱਖ ਵਿਦਵਾਨ ਅਤੇ ਪ੍ਰੋਫੈਸਰ ਆਫ ਸਿੱਖਿਜ਼ਮ ਡਾ ਜੋਧ ਸਿੰਘ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਡਾ ਜੋਧ ਸਿੰਘ ਜੋ 70 ਵਰਿਆਂ ਦੇ ਸਨ, ਦਾ ਅੱਜ ਬਾਅਦ ਦੁਪਹਿਰ ਸੰਖੇਪ ਬਿਮਾਰੀ ਉਪਰੰਤ ਪਟਿਆਲਾ ਵਿਖੇ ਉਨਾਂ ਦੀ ਰਿਹਾਇਸ਼ ਉਤੇ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ, ਇਕ ਬੇਟਾ ਤੇ ਨੂੰਹ ਛੱਡ ਗਏ। ਆਪਣੇ ਸੋਕ ਸੰਦੇਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ ਜੋਧ ਸਿੰਘ ਆਪਣੇ ਆਪ ਵਿੱਚ ਇਕ ਸੰਸਥਾ ਸਨ ਜਿਨਾਂ ‘ਇਨਸਾਈਕਲੋਪੀਡੀਆ ਆਫ ਸਿੱਖਿਜਮ’ (ਸਿੱਖ ਵਿਸਵਕੋਸ) ਦੇ ਮੁੱਖ ਸੰਪਾਦਕ ਵਜੋ ਸੇਵਾਵਾਂ ਨਿਭਾਉਣ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੰਦੀ ਵਿੱਚ ਅਨੁਵਾਦ ਅਤੇ ਵਾਰਾਂ ਭਾਈ ਗੁਰਦਾਸ ਜੀ ਦਾ ਅੰਗਰੇਜੀ ਵਿੱਚ ਅਨੁਵਾਦ ਕੀਤਾ ਹੈ। ਉਨਾਂ ਦੇ ਤੁਰ ਜਾਣ ਨਾਲ ਸਿੱਖ ਸਾਹਿਤਕ ਹਲਕਿਆਂ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਜਿਹੜਾ ਕਿ ਭਰਨਾ ਮੁਸ਼ਕਲ ਹੈ। ਮੁੱਖ ਮੰਤਰੀ ਨੇ ਸੋਕਗ੍ਰਸਤ ਪਰਿਵਾਰ, ਸਾਕ-ਸਨੇਹੀਆਂ ਅਤੇ ਦੋਸਤਾਂ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ।