ਮੁੱਖ ਮੰਤਰੀ ਵੱਲੋਂ ਅਮਰੀਕੀ ਮਾਹਰ ਦੇ ਮਾਡਲ ਦੇ ਅਧਾਰ ’ਤੇ ਨਸ਼ਾ ਛੁਡਾਊ ਤੇ ਮੁੜ ਵਸੇਬੇ ਬਾਰੇ ਖਾਕਾ ਤਿਆਰ ਕਰਨ ਲਈ ਕਮੇਟੀ ਦਾ ਗਠਨ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਘੇ ਅਮਰੀਕੀ ਨਸ਼ਾ ਚਿਕਿਤਸਕ ਅਤੇ ਸਲਾਹਕਾਰ ਦੇ ਲੋਕਾਂ ਤੱਕ ਪਹੁੰਚ ਕੇ ਸਹਾਇਤਾ ਦੀ ਕਿਰਿਆ ਸ਼ੁਰੂ ਕਰਨ ਦੇ ਮਾਡਲ ਦਾ ਅਧਿਐਨ ਕਰਨ ਤੋਂ ਬਾਅਦ ਸੂਬੇ ਵਿੱਚ ਨਸ਼ਿਆਂ ਨਾਲ ਪ੍ਰਭਾਵਿਤ ਵਿਅਕਤੀਆਂ ਦਾ ਨਸ਼ਾ ਛੁਡਾਉਣ ਅਤੇ ਮੁੜ ਵਸੇਬੇ ਲਈ ਇੱਕ ਵਿਆਪਕ ਯੋਜਨਾ ਤਿਆਰ ਕਰਨ ਲਈ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸੂਬੇ ਵਿੱਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਸਫਾਇਆ ਕਰਨ ਅਤੇ ਇਸ ਨਾਲ ਪ੍ਰਭਾਵਿਤ ਵਿਅਕਤੀਆਂ ਦੇ ਮੁੜ ਵਸੇਬੇ ਸਬੰਧੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਡਾ. ਕੰਵਰ ਅਜੀਤ ਸਿੰਘ ਸਿੱਧੂ ਦੀਆਂ ਸਿਫਾਰਸ਼ਾਂ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇੱਕ ਦੋ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ ਜੋ ਕਿ ਅਮਰੀਕਾ ਅਧਾਰਿਤ ਮਾਹਿਰ ਵੱਲੋਂ ਪ੍ਰਸਤਾਵਿਤ ਕੀਤੇ ਗਏ ਆਉਟਪੇਸ਼ੈਂਟ ਓਪਿਓਇਡ ਅਸਿਸਟਿਡ ਟਰੀਟਮੈਂਟ (ਓ.ਓ.ਏ.ਟੀ) ਪ੍ਰੋਗਰਾਮ ਦਾ ਅਧਿਐਨ ਕਰੇਗੀ ਅਤੇ ਇਸ ਨੂੰ ਲਾਗੂ ਕਰਨ ਦੀਆਂ ਸੰਭਾਵਨਾਵਾਂ ਨੂੰ ਵਿਚਾਰੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਧਾਰਿਤ ਦੋ ਮੈਂਬਰੀ ਕਮੇਟੀ ਨੂੰ ਪੀ.ਜੀ.ਆਈ ਦੇ ਮਾਹਿਰਾਂ ਨਾਲ ਮਿਲ ਕੇ ਕੰਮ ਕਰਨ ਤੋਂ ਬਾਅਦ ਇੱਕ ਢੁਕਵੀਂ ਰਣਨੀਤੀ ਤਿਆਰ ਕਰਨ ਲਈ ਆਖਿਆ ਹੈ ਤਾਂ ਜੋ ਸੂਬੇ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੇ ਨੈਟਵਰਕ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਇਹ ਫੈਸਲਾ ਡਾ. ਸਿੱਧੂ ਵਲੋਂ ਮੁੱਖ ਮੰਤਰੀ ਸਾਹਮਣੇ ਕੀਤੀ ਗਈ ਪੇਸ਼ਕਾਰੀ ਤੋਂ ਬਾਅਦ ਲਿਆ ਗਿਆ ਜਿਨ੍ਹਾਂ ਨੇ ਦੱਸਿਆ ਕਿ ਪ੍ਰਸਤਾਵਿਤ ਓ.ਓ.ਏ.ਟੀ ਮਾਡਲ ਰਹਿਮਦਿਲੀ ਨਾਲ ਇਲਾਜ ਕਰਨ ’ਤੇ ਅਧਾਰਿਤ ਹੈ ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਪੀੜਤ ਵਿਅਕਤੀ ਨੂੰ ਭਵਿੱਖ ਵਿੱਚ ਮੁੜ ਇਸ ਦਾ ਸ਼ਿਕਾਰ ਹੋਣ ਤੋਂ ਰੋਕਿਆ ਜਾ ਸਕੇ। ਇਹ ਮਾਡਲ ਇਸ ਢੰਗ ਨਾਲ ਅਮਲ ਵਿੱਚ ਲਿਆਂਦਾ ਜਾਂਦਾ ਹੈ ਕਿ ਵਿਸ਼ੇਸ਼ ਤੌਰ ’ਤੇ ਸਿੱਖਿਅਤ ਡਿਊਟੀ ਮੈਡੀਕਲ ਅਫਸਰ ਹਰੇਕ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ’ਤੇ ਪੰਜ ਪੜਾਵੀ ਓ.ਓ.ਏ.ਟੀ ਇਲਾਜ ਪ੍ਰਕਿਰਿਆ ਉੱਤੇ ਨਿਗਰਾਨੀ ਰੱਖਦਾ ਹੈ, ਜਿਸ ਵਿੱਚ ਆਗਮਨ, ਸਥਿਰਤਾ, ਸਾਂਭ-ਸੰਭਾਲ, ਅੰਤਿਕਾ ਅਤੇ ਉਸ ਤੋਂ ਬਾਅਦ ਵੀ ਉਸ ਤੇ ਨਜ਼ਰ ਰੱਖਣਾ ਸ਼ਾਮਲ ਹੈ।
ਮੁੱਖ ਮੰਤਰੀ ਖੁਦ ਰਹਿਮਦਿਲੀ ਨਾਲ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦੇ ਪੂਰੀ ਤਰ੍ਹਾਂ ਹੱਕ ਵਿੱਚ ਹਨ। ਉਨ੍ਹਾਂ ਨੇ ਡਾ. ਸਿੱਧੂ ਦੇ ਖਿਆਲਾਂ ’ਤੇ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਨਸ਼ਿਆਂ ਵਿੱਚ ਲੱਗੇ ਵਿਅਕਤੀਆਂ ਦਾ ਇਲਾਜ ਰਹਿਮਦਿਲੀ ਨਾਲ ਕੀਤੇ ਜਾਣ ਦੀ ਜ਼ਰੂਰਤ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕਦਾ ਹੈ ਤਾਂ ਜੋ ਉਹ ਮਾਣ-ਸਨਮਾਣ ਵਾਲੀ ਜ਼ਿੰਦਗੀ ਜਿਊਣ ਦੇ ਯੋਗ ਹੋ ਸਕਣ। ਇੱਕ ਸਰਕਾਰੀ ਬੁਲਾਰੇ ਅਨੁਸਾਰ ਡਾ. ਸਿੱਧੂ ਨੇ ਘੱਟ ਲਾਗਤ ਵਾਲੇ ਮਾਡਲ ਦਾ ਪ੍ਰਸਤਾਵ ਕੀਤਾ ਹੈ। ਇਹ ਪ੍ਰੋਗਰਾਮ ਚਲਾਉਣ ਲਈ ਇੱਕ ਵੱਖਰੀ ਡਵੀਜ਼ਨ ਦੀ ਜ਼ਰੂਰਤ ਹੈ ਜਿਸ ਵਿੱਚ ਤਕਰੀਬਨ 200 ਸਲਾਹਕਾਰਾਂ ਦੀਆਂ ਸੇਵਾਵਾਂ ਤੋਂ ਇਲਾਵਾ ਆਸ਼ਾ ਵਰਕਰਾਂ, ਐਮ.ਪੀ.ਡਬਲਿਯੂ/ਏ.ਐਨ.ਐਮ ਅਤੇ ਵਲੰਟੀਅਰਾਂ ਦੀਆਂ ਲੋਕਾਂ ਤੱਕ ਪਹੁੰਚ ਕੇ ਸਹਾਇਤਾ ਮੁਹੱਈਆ ਕਰਵਾਉਣ ਦੀਆਂ ਸੇਵਾਵਾਂ ਸ਼ਾਮਲ ਹਨ।
ਡਾ. ਸਿੱਧੂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਵਰਕਰਾਂ ਨੂੰ ਸਿਖਲਾਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵੱਲੋਂ ਮੁਹੱਈਆ ਕਰਾਈ ਜਾਵੇਗੀ। ਇਸ ਸਮੇਂ ਪੰਜਾਬ ਵਿੱਚ 33 ਸਰਕਾਰੀ ਸਪਾਂਸਰਡ ਨਸ਼ਾ ਛੁਡਾਊ ਕੇਂਦਰ ਅਤੇ ਪੰਜ ਟਰਜ਼ਰੀ ਕੇਅਰ ਸੈਂਟਰ ਹਨ ਜਿਨ੍ਹਾਂ ਦੀ ਕੁੱਲ 600 ਬਿਸਤਰੀਆਂ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਮੁੜ ਵਸੇਬਾ ਕੇਂਦਰਾਂ ਵਿੱਚ ਵੀ 1100 ਬਿਸਤਰੇ ਹਨ। ਇਨ੍ਹਾਂ ਕੇਂਦਰਾਂ ਵਿੱਚ ਮੁਢਲੇ ਰੂਪ ਵਿੱਚ ਇਲਾਜ ਸੰਜਮੀ ਮਾਡਲ ਦੇ ਅਧਾਰ ’ਤੇ ਮਹੱਈਆ ਕਰਾਇਆ ਜਾਂਦਾ ਹੈ ਜੋ ਇਲਾਜ ਰਣਨੀਤੀ ਦੇ ਹੇਠ ਨਸ਼ੇ ਵਿੱਚ ਫਸੇ ਵਿਅਕਤੀ ਦੇ ਮੈਡੀਕਲ ਇਲਾਜ ਤੋਂ ਸ਼ੁਰੂ ਕੀਤਾ ਜਾਂਦਾ ਹੈ। ਓਪਿਅੌਡ ਰਿਸਾਇਣ ਨਾਲ ਇਲਾਜ ਬਹੁਤ ਘੱਟ ਅਤੇ ਜ਼ਿਲ੍ਹਾ ਹੈਡਕੁਆਟਰਾਂ ’ਤੇ ਸਿਰਫ ਮਨੋਰੋਗ ਮਾਹਰਾਂ ਦੀ ਦੇਖ-ਰੇਖ ਵਿੱਚ ਕੀਤਾ ਜਾਂਦਾ ਹੈ। ਇਸਤੋਂ ਇਲਾਵਾ ਸੂਬੇ ਵਿੱਚ ਤਕਰੀਬਨ 70 ਨਿਜੀ ਨਸ਼ਾ ਛੁਡਾਊ ਕੇਂਦਰ ਹਨ ਜਿਥੇ ਦੋਵਾਂ ਤਰ੍ਹਾਂ ਦਾ ਇਲਾਜ ਉਪਲਬਧ ਹੈ ਪਰ ਸੂਬੇ ਵਿੱਚ ਇਹ ਸੁਵਿਧਾਵਾਂ ਬਹੁਤ ਘੱਟ ਹਨ।
ਡਾ. ਸਿੱਧੂ ਅਨੁਸਾਰ ਇਸ ਪਾੜੇ ਨੂੰ ਓ.ਓ.ਏ.ਟੀ ਪੂਰਾ ਕਰੇਗੀ। ਡਾ. ਸਿੱਧੂ ਨੇ ਆਪਣੀ ਪੇਸ਼ਕਾਰੀ ਦੌਰਾਨ ਦੱਸਿਆ ਕਿ ਸੂਬੇ ਵਿੱਚ ਨਸ਼ੇ ਛੁਡਾਉਣ ਲਈ ਲੋਕਾਂ ਤੱਕ ਪਹੁੰਚ ਕਰਕੇ ਵਿਆਪਕ ਪ੍ਰੋਗਰਾਮ ਚਲਾਏ ਜਾਣ ਦੀ ਜ਼ਰੂਰਤ ਹੈ। ਇਸ ਵਾਸਤੇ ਸੀਮਤ ਚੋਣਵੇ ਕੇਂਦਰਾਂ ਦੀ ਥਾਂ ਮਰੀਜ਼ਾਂ ਤੱਕ ਸੁਖਾਲੀ ਪਹੁੰਚ ਦੀ ਵੀ ਲੋੜ ਹੈ ਕਿਉਂਕਿ ਚੋਣਵੇ ਕੇਂਦਰਾਂ ਤੱਕ ਕੁਝ ਹੀ ਲੋਕਾਂ ਦੀ ਪਹੁੰਚ ਸੀਮਤ ਰਹਿੰਦੀ ਹੈ। ਇਹ ਬਿਮਾਰੀ ਲੰਮੇ ਸਮੇ ਦੀ ਹੋਣ ਕਰਕੇ ਸਥਾਈ ਨਸ਼ਾ ਛੁਡਾਊ ਸੇਵਾਵਾਂ ਸਥਾਪਿਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਕੋਈ ਨਸ਼ਾ ਛੱਡਣ ਵਾਲਾ ਵਿਅਕਤੀ ਮੁੜ ਕੇ ਨਸ਼ਿਆਂ ਵਿੱਚ ਨਾ ਫਸੇ। ਇਹ ਇਲਾਜ ਮਰੀਜਾਂ ਨੂੰ ਪ੍ਰਵਾਨਯੋਗ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਨਸ਼ਿਆ ਬਾਰੇ ਸਿੱਖਿਆ, ਇਲਾਜ ਅਤੇ ਇਸ ਵਿੱਚ ਮੁੜ ਕੇ ਨਾ ਫਸਣ ਵਰਗੀਆਂ ਸਮੱਸਿਆਵਾਂ ਨੂੰ ਸੰਬੋਧਤ ਹੋਵੇਗਾ।
ਇਸ ਮੌਕੇ ਹਾਜ਼ਰ ਹੋਰਨਾ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਏਡੀਜੀਪੀ ਅਤੇ ਨਸ਼ਿਆਂ ਬਾਰੇ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਡਾ. ਹਰਪ੍ਰੀਤ ਸਿੰਘ ਸਿੱਧੂ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਵਿਕਾਸ ਪ੍ਰਤਾਪ, ਵਿਸ਼ੇਸ਼ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਕਾਸ ਗਰਗ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਐਚ. ਐਸ ਬਾਲੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…