Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਨੇ ‘ਮਹਿਲਾਵਾਂ ਲਈ ਖੁੱਲੀ ਖੇਤੀਬਾੜੀ ਜੇਲ’ ਸਬੰਧੀ ਜੇਲ ਵਿਭਾਗ ਨੂੰ ਪ੍ਰਸਤਾਵ ਤਿਆਰ ਕਰਨ ਲਈ ਆਖਿਆ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਕੇਂਦਰੀ ਜੇਲ ’ਚ ਕੈਦੀਆਂ ਲਈ ਸੁਵਿਧਾਵਾਂ ਦਾ ਨਿਰੀਖਣ ਕੈਦੀਆਂ ਦੇ ਪਰਿਵਾਰਾਂ ਲਈ ਨਵਾਂ ਉਡੀਕ ਘਰ ਸਮਰਪਿਤ ਕੀਤਾ, ਸੌਰ ਊਰਜਾ ਪਲਾਂਟ ਕਰਵਾਇਆ ਚਾਲੂ ਰੋਜ਼ਾਨਾਂ ਲੋੜ ਵਾਲੀਆਂ ਵਸਤਾਂ ਖ਼ਰੀਦਣ ਲਈ ਕੈਦੀਆਂ ਵਾਸਤੇ ਈ-ਪਰਸ ਸਿਸਟਮ ਜਾਰੀ ਕੀਤਾ ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 27 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਲ ਵਿਭਾਗ ਨੂੰ ‘ਮਹਿਲਾਵਾਂ ਲਈ ਵੀ ਖੁੱਲੀ ਖੇਤੀਬਾੜੀ ਜੇਲ’ ਸਥਾਪਿਤ ਕਰਨ ਦਾ ਪ੍ਰਸਤਾਵ ਤਿਆਰ ਕਰਨ ਲਈ ਆਖਿਆ ਹੈ। ਇਹ ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ਜੇਲ ਹੋਵੇਗੀ, ਜਿੱਥੇ ਮਹਿਲਾ ਕੈਦੀ ਵੀ ਜੇਲ ਦੇ ਅੰਦਰੂਨੀ ਘੇਰੇ ਤੋਂ ਬਾਹਰ ਕੰਮ ਕਰਨ ਦੇ ਸਮਰੱਥ ਹੋ ਸਕਣਗੇ ਅਤੇ ਇਹ ਜੇਲ ਉਨਾਂ ਦੀ ਰਿਹਾਈ ਤੋਂ ਬਾਅਦ ਉਨਾਂ ਦੇ ਮੁੜ ਵਸੇਂਵੇਂ ਲਈ ਮਦਦਗਾਰ ਸਾਬਤ ਹੋਵੇਗੀ। ਗਣਤੰਤਰ ਦਿਵਸ ਦੇ ਸਮਾਰੋਹ ਮਗਰੋਂ ਕੇਂਦਰੀ ਜੇਲ ਪਟਿਆਲਾ ਦੇ ਆਪਣੇ ਦੌਰੇ ਦੌਰਾਨ ਕੈਦੀਆਂ ਦੇ ਪਰਿਵਾਰਾਂ ਲਈ ਨਵੇਂ ਬਣੇ ਉਡੀਕ ਘਰ ਨੂੰ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਮਰਪਿਤ ਕਰਨ ਤੋਂ ਮਗਰੋਂ ਮੁੱਖ ਮੰਤਰੀ ਨੇ ਏ.ਡੀ.ਜੀ.ਪੀ. ਜੇਲਾਂ ਸ੍ਰੀ ਰੋਹਿਤ ਚੌਧਰੀ ਨੂੰ ਇਹ ਤਜਵੀਜ਼ ਤਿਆਰ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਨਾਂ ਦੇ ਧਰਮ ਪਤਨੀ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਵੀ ਮੌਜੂਦ ਸਨ। ਇਸ ਮੌਕੇ ਸ੍ਰੀ ਚੌਧਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜੇਲ ਵਿਭਾਗ ਕੋਲ ਪਹਿਲਾਂ ਹੀ ਨਾਭਾ ਵਿਖੇ ਮਰਦ ਕੈਦੀਆਂ ਲਈ ਇਕ ਖੁੱਲੀ ਖੇਤੀਬਾੜੀ ਜੇਲ ਮੌਜੂਦ ਹੈ ਜਦੋਂਕਿ ਬਠਿੰਡਾ, ਐਸ.ਬੀ.ਐਸ. ਨਗਰ ਅਤੇ ਕਪੂਰਥਲਾ ਵਿਖੇ ਵੀ ਅਜਿਹੀਆਂ ਜੇਲਾਂ ਸਥਾਪਤ ਕਰਨ ਦਾ ਪ੍ਰਸਤਾਵ ਵਿਚਾਰ ਅਧੀਨ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਨਵਾਂ ਬਣਿਆਂ ਇਹ ਉਡੀਕ ਘਰ ਸੂਬੇ ਦੇ ਦੂਰ ਦਰਾਜ ਦੇ ਇਲਾਕਿਆਂ ਤੋਂ ਕੈਦੀਆਂ ਨੂੰ ਮਿਲਣ ਆਉਣ ਵਾਲੇ ਉਨਾਂ ਦੇ ਪਰਿਵਾਰਕ ਮੈਂਬਰਾਂ ਲਈ ਲਾਭਦਾਇਕ ਹੋਵੇਗਾ। ਜਦੋਂਕਿ ਇਸ ਵੇਲੇ ਉਨਾਂ ਨੂੰ ਖੁੱਲੇ ਵਿੱਚ ਜਾਂ ਆਰਜੀ ਥਾਂ ’ਤੇ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਸੂਬੇ ਦੀਆਂ ਜੇਲਾਂ ਵਿੱਚ ਬਣਾਏ ਜਾ ਰਹੇ ਹੋਰ ਉਡੀਕ ਘਰਾਂ ਵਿਖੇ ਗੁਸਲਖਾਨੇ, ਪੀਣ ਵਾਲੇ ਪਾਣੀ ਦੇ ਕੂਲਰ, ਟੈਲੀਵਿਜ਼ਨ ਆਦਿ ਦੀ ਵੀ ਸਹੂਲਤ ਹੋਵੇਗੀ। ਇੱਥੇ ਖਾਣ-ਪੀਣ ਵਾਲੀਆਂ ਵਸਤਾਂ ਦੇ ਸਟੋਰ ਵੀ ਹੋਣਗੇ ਜਿੱਥੋਂ ਇਹ ਲੋਕ ਆਪਣੇ ਬੰਦੀ ਰਿਸ਼ਤੇਦਾਰਾਂ ਲਈ ਵਸਤਾਂ ਖ਼ਰੀਦ ਸਕਣਗੇ। ਪਟਿਆਲਾ ਸਮੇਤ ਲੁਧਿਆਣਾ ਤੇ ਕਪੂਰਥਲਾ ਕੇਂਦਰੀ ਜੇਲਾਂ ਵਿੱਚ ਇਹ ਉਡੀਕ ਘਰ ਉਸਾਰੇ ਗਏ ਹਨ ਜਦੋਂਕਿ ਫ਼ਿਰੋਜ਼ਪੁਰ, ਹੁਸ਼ਿਆਰਪੁਰ, ਨਵੀਂ ਨਾਭਾ ਜੇਲ ਅਤੇ ਜ਼ਿਲਾ ਜੇਲ ਸੰਗਰੂਰ ਵਿੱਚ ਇਨਾਂ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਮੌਕੇ ਏ.ਡੀ.ਜੀ.ਪੀ. ਸ੍ਰੀ ਚੌਧਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਦੀਆਂ ਜੇਲਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਅੱਗੇ ਹੋਰ ਮਜ਼ਬੂਤ ਬਣਾਉਣ, ਜੇਲ ਵਿਭਾਗ ਲਈ ਗੱਡੀਆਂ ਦੀ ਖਰੀਦ ਕਰਨ ਅਤੇ ਸੁਰੱਖਿਆ ਸਬੰਧੀ ਸਾਜੋ-ਸਮਾਨ, ਹਥਿਆਰਾਂ, ਇਮਾਰਤੀ ਬੁਨਿਆਦੀ ਢਾਂਚੇ ਅਤੇ ਜੇਲਾਂ ਦੇ ਆਧੁਨਿਕੀਕਰਨ ਲਈ 60 ਕਰੋੜ ਰੁਪਏ ਦੇ ਫੰਡ ਪਹਿਲਾਂ ਹੀ ਸੂਬਾ ਸਰਕਾਰ ਵੱਲੋਂ ਪ੍ਰਵਾਨ ਕੀਤੇ ਜਾ ਚੁੱਕੇ ਹਨ। ਉਨਾਂ ਅੱਗੇ ਦੱਸਿਆ ਕਿ ਹੁਣ ਤੱਕ ਸਾਰੀਆਂ ਜੇਲਾਂ ਨੂੰ ਪੋਲੀਥੀਨ ਮੁਕਤ ਐਲਾਨਿਆ ਜਾ ਚੁੱਕਾ ਹੈ ਅਤੇ ਕੰਟੀਨਾਂ ਵਿੱਚ ਵਰਤੇ ਜਾਣ ਵਾਲੇ ਲਿਫ਼ਾਫ਼ੇ ਰੱਦੀ ਅਖ਼ਬਾਰਾਂ ਤੋਂ ਤਿਆਰ ਕੀਤੇ ਜਾਂਦੇ ਹਨ। ਇਸ ਮੌਕੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕੈਦੀਆਂ ਨੂੰ ਜੇਲਾਂ ਦੇ ਅੰਦਰ ਰੋਜ਼ਾਨਾਂ ਜ਼ਰੂਰਤ ਵਾਲੀਆਂ ਵਸਤਾਂ ਦੀ ਖ਼ਰੀਦ ਦੀ ਸਹੂਲਤ ਪ੍ਰਦਾਨ ਕਰਨ ਲਈ ਈ-ਪਰਸ ਸਿਸਟਮ ਵੀ ਜਾਰੀ ਕੀਤਾ। ਇਹ ਪ੍ਰਣਾਲੀ ਸੂਬੇ ਭਰ ਦੀਆਂ 15 ਜੇਲਾਂ ਵਿੱਚ ਸ਼ੁਰੂ ਕੀਤੀ ਗਈ ਹੈ ਜਿੱਥੇ ਸਾਰੇ ਵਿੱਤੀ ਤਬਾਦਲੇ ਸਮਾਰਟ ਕਾਰਡ ਦੀ ਮਦਦ ਦੇ ਨਾਲ ਕੰਪਿਊਟਰ ਸਾਫ਼ਟਵੇਅਰ ਰਾਹੀਂ ਕੀਤੇ ਜਾਣਗੇ। ਮੁੱਖ ਮੰਤਰੀ ਨੇ ਵਾਤਾਵਰਣ ਪੱਖੀ ਊਰਜਾ ਦੀ ਵਰਤੋਂ ਦੇ ਮੱਦੇਨਜ਼ਰ ਕੇਂਦਰੀ ਜੇਲ ਵਿੱਚ ਸਥਾਪਤ ਕੀਤੇ 320 ਕਿਲੋਵਾਟ ਦੇ ਇੱਕ ਸੌਰ ਊਰਜਾ ਪਲਾਂਟ ਨੂੰ ਵੀ ਚਾਲੂ ਕਰਵਾਇਆ। ਸ੍ਰੀ ਚੌਧਰੀ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਸੂਬੇ ਦੀਆਂ 19 ਜੇਲਾਂ ਵਿਖੇ 5000 ਯੂਨਿਟ ਦੀ ਸਮਰੱਥਾ ਵਾਲੇ ਅਜਿਹੇ ਸੌਰ ਊਰਜਾ ਪਲਾਂਟ ਲਗਾਏ ਜਾ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਸੂਬੇ ਦੀਆਂ ਜੇਲਾਂ ਦੀਆਂ ਫੈਕਟਰੀਆਂ ਵਿਖੇ ਬਣੇ ਸਾਜ਼ੋ ਸਮਾਨ ਸਮੇਤ ਜੇਲਾਂ ਦੇ ਬੰਦੀਆਂ ਵੱਲੋਂ ਬਣਾਏ ਗਏ ਬੇਕਰੀ ਦੇ ਸਮਾਨ, ਦਰੀਆਂ, ਖੇਸ, ਫਰਨੀਚਰ, ਕੱਪੜੇ, ਚਿੱਤਰ, ਐਲ.ਈ.ਡੀ. ਬਲਬ, ਫੁਲਕਾਰੀ, ਸਾਬਣਾਂ ਆਦਿ ਦੀ ਲਗਾਈ ਗਈ ਪ੍ਰਦਰਸ਼ਨੀ ਗਹੁ ਨਾਲ ਵਾਚਦਿਆਂ ਇਸ ਦੀ ਪ੍ਰਸ਼ੰਸਾ ਕੀਤੀ। ਸ੍ਰੀ ਚੌਧਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਪਿ੍ਰਜਨ ਡਿਵੈਲਪਮੈਂਟ ਬੋਰਡ ਸਥਾਪਤ ਕਰਨ ਦੀ ਤਜਵੀਜ਼ ਪਹਿਲਾਂ ਹੀ ਸਰਕਾਰ ਕੋਲ ਹੈ। ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਜੇਲ ਅੰਦਰਲੇ ਉੱਚ ਸੁਰੱਖਿਆ ਜ਼ੋਨ, ਜਿਥੇ ਗੰਭੀਰ ਜੁਰਮਾਂ ਵਾਲੇ ਬੰਦੀ ਰੱਖੇ ਜਾਂਦੇ ਹਨ, ਦਾ ਵੀ ਦੌਰਾ ਕੀਤਾ ਅਤੇ ਇਸ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਜਿਕਰਯੋਗ ਹੈ ਕਿ ਨਾਭਾ ਜੇਲ ਬਰੇਕ ਕਾਂਡ ਬਾਅਦ ਜੇਲਾਂ ਦੀ ਸੁਰੱਖਿਆ ਬਾਬਤ ਬਣਾਈ ਗਈ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਮੱਦੇਨਜ਼ਰ ਸੂਬੇ ਦੀਆਂ 12 ਜੇਲਾਂ ’ਚ 21 ਉੱਚ ਸੁਰੱਖਿਆ ਜ਼ੋਨ ਬਣਾਏ ਗਏ ਹਨ, ਜਿਥੇ ਕਿ ਉੱਚ ਸੁਰੱਖਿਆ ਉਪਕਰਣ, ਸੀ.ਸੀ.ਟੀ.ਵੀ. ਕੈਮਰੇ, ਡੀ.ਐਫ.ਐਮ.ਡੀ/ਐਚ.ਐਚ.ਐਮ.ਡੀ. ਅਤੇ ਬੈਗ ਆਦਿ ਦੀ ਜਾਂਚ ਲਈ ਵੱਖਰਾ ਐਕਰੇ ਮਸ਼ੀਨ ਜਾਂਚ ਅਹਾਤਾ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਇਸ ਸਮੇਂ ਗੈਂਗਸਟਰਾਂ ਦੇ ਸੁਧਾਰ ਹਿਤ ਨਵੀਂ ਨੀਤੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ, ਜਿਸ ਤਹਿਤ ਜ਼ੁਰਮ ਦੀ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਅਤੇ ਆਪਣੇ ਵਿਵਹਾਰ ’ਚ ਤਬਦੀਲੀ ਲਿਆਉਣ ਵਾਲੇ ਬੰਦੀਆਂ ਨੂੰ ਇਸ ਉੱਚ ਸੁਰੱਖਿਆ ਜ਼ੋਨ ਤੋਂ ਬਾਹਰ ਕੱਢ ਲਿਆ ਜਾਂਦਾ ਹੈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀਮਤੀ ਪਰਨੀਤ ਕੌਰ ਨੇ ਜੇਲ ਦੇ ਬੰਦੀਆਂ ਦੇ ਛੋਟੇ ਬੱਚਿਆਂ ਨੂੰ ਰੱਖਣ ਲਈ ਜੇਲ ਅੰਦਰ ਬਣੇ ਕਰੈਚ ਦਾ ਵੀ ਦੌਰਾ ਕਰਕੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਜਾਣਿਆਂ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ਜੇਲ ਸਟਾਫ਼ ਦੇ ਨਵੇਂ ਪਦ ਉਨਤ ਹੋਏ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਜਾਣੀਆਂ ਅਤੇ ਉਨਾਂ ਨੂੰ ਭਰੋਸਾ ਦਿੱਤਾ ਕਿ ਬਿਹਤਰ ਜੇਲ ਪ੍ਰਬੰਧਾਂ ਤਹਿਤ ਜੇਲ ਵਿਭਾਗ ਵਿੱਚ ਨਵੀਂ ਭਰਤੀ ਕੀਤੀ ਜਾਵੇਗੀ ਅਤੇ ਪਦਉਨਤੀਆਂ ’ਚ ਖੜੋਤ ਨੂੰ ਤੋੜਿਆ ਜਾਵੇਗਾ। ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਪੰਜਾਬ ਰਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸ੍ਰੀ ਗਰੀਸ਼ ਦਇਆਲਨ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮਿ੍ਰਤਪ੍ਰਤਾਪ ਸਿੰਘ ਹਨੀ ਸੇਖੋਂ, ਆਈ.ਜੀ. ਸ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਡੀ.ਆਈ.ਜੀ. ਜੇਲਾਂ ਪਟਿਆਲਾ ਸਰਕਲ ਸ. ਲਖਮਿੰਦਰ ਸਿੰਘ ਜਾਖੜ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਸੀਨੀਅਰ ਸੁਪਰਡੈਂਟ ਕੇਂਦਰੀ ਜੇਲ ਸ. ਜਸਪਾਲ ਸਿੰਘ ਹਾਂਸ, ਵਧੀਕ ਸੁਪਰਡੈਂਟ ਸ. ਗੁਰਚਰਨ ਸਿੰਘ ਧਾਲੀਵਾਲ, ਡਿਪਟੀ ਸੁਪਰਡੈਂਟ ਹੈਡਕੁਆਰਟਰ ਸ. ਕੰਵਰ ਵੀ.ਪੀ ਸਿੰਘ, ਡਿਪਟੀ ਸੁਪਰਡੈਂਟ ਸਿਖਲਾਈ ਸਕੂਲ ਸ੍ਰੀ ਰਾਕੇਸ਼ ਸ਼ਰਮਾ, ਡਿਪਟੀ ਸੁਪਰਡੈਂਟ ਸ੍ਰੀਮਤੀ ਅਪੇਕਸ਼ਾ ਸ਼ਰਮਾ ਸਮੇਤ ਹੋਰ ਅਧਿਕਾਰੀਆਂ ਸਮੇਤ ਰੋਟਰੀ ਕਲੱਬ ਮਿਡ ਟਾਊਨ ਦੇ ਨੁਮਾਇੰਦੇ ਕਰਨਲ ਜੇ.ਐਸ. ਥਿੰਦ, ਸ. ਤੇਜਿੰਦਰ ਰਿਸ਼ੀ ਤੇ ਸ੍ਰੀ ਐਨ.ਕੇ. ਜੈਨ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ