ਪੰਜਾਬ ਦੇ ਮੁੱਖ ਮੰਤਰੀ ਵਲੋਂ ਸਿੱਖ ਹਿਸਟਰੀ ਰਿਸੋਰਸ ਐਡੀਟਿੰਗ ਪ੍ਰਾਜੈਕਟ ਦੇ ਚੇਅਰਮੈਨ ਦੇ ਅਹੁਦੇ ਤੋਂ ਡਾ. ਕਿਰਪਾਲ ਸਿੰਘ ਨੂੰ ਹਟਾਉਣ ਦੇ ਐਸ.ਜੀ.ਪੀ.ਸੀ ਦੇ ਫੈਸਲੇ ਦੀ ਆਲੋਚਨਾ

‘ਅਕਾਲੀ ਅਕਾਵਾਂ ਦੀ ਤਰਫੋਂ ਲਿਆ ਗਿਆ ਫੈਸਲਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ’

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਨਵੰਬਰ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਕਥਿਤ ਤੌਰ ‘ਤੇ ਗਲਤੀਆਂ ਦੇ ਵਿਵਾਦ ਦੇ ਅੱਧ ਵਿਚਾਲੇ ਹੀ ਸਿੱਖ ਸਕਾਲਰ ਅਤੇ ਉੱਘੇ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਨੂੰ ਸਿੱਖ ਹਿਸਟਰੀ ਰਿਸੋਰਸ ਐਡੀੰਟਿੰਗ ਪ੍ਰਾਜੈਕਟ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਦੇ ਫੈਸਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਫੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਸਪਸ਼ਟ ਤੌਰ ‘ਤੇ ਐਸ.ਜੀ.ਪੀ ਸੀ ਵੱਲੋਂ ਆਪਣੇ ਅਕਾਲੀ ਆਕਾਵਾਂ ਦੀ ਤਰਫੋਂ ਕੀਤਾ ਹੈ। ਮੁੱਖ ਮੰਤਰੀ ਨੇ ਇਸ ਫੈਸਲੇ ਦੇ ਸਮੇਂ ‘ਤੇ ਵੀ ਉਂਗਲ ਧਰੀ ਹੈ ਅਤੇ ਕਿਹਾ ਹੈ ਕਿ ਇਹ ਫੈਸਲਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ ਜੋ ਐਸ.ਜੀ.ਪੀ.ਸੀ ਉੱਤੇ ਨਿਯੰਤਰਣ ਕਰਦੇ ਅਕਾਲੀਆਂ ਦੀ ਤਰਫੋਂ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ ਅੰਦਰੂਨੀ ਸੰਕਟ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਇਹ ਸੌੜੀ ਸਿਆਸੀ ਖੇਡ ਖੇਡੀ ਹੈ ਜਦ ਕਿ ਬੇਅਦਬੀ ਵਰਗੇ ਹੋਰ ਗੰਭੀਰ ਮੁੱਦੇ ਸਾਹਮਣੇ ਪਏ ਹਨ। ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਇਨ੍ਹਾਂ ਮਾਮਲਿਆਂ ‘ਚ ਅਕਾਲੀਆਂ ਦੀ ਸ਼ਮੂਲੀਅਤ ਨੂੰ ਸਾਹਮਣੇ ਲਿਆਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਤਿਹਾਸ ਦੇ ਸਿਲੇਬਸ ਨੂੰ ਤੋੜਨ ਮਰੋੜਨ ਦੇ ਨਾਲ ਐਸ.ਜੀ.ਪੀ.ਸੀ ਨੂੰ ਕੋਈ ਚਿੰਤਾ ਨਹੀ ਹੈ ਜਿਸਦੇ ਦੋ ਮੈਂਬਰ ਸਿਲੇਬਸ ਦਾ ਜ਼ਾਇਜਾ ਲੈਣ ਲਈ ਗਠਿਤ ਕੀਤੀ ਕਮੇਟੀ ਵਿੱਚ ਸ਼ਾਮਲ ਹਨ ਅਤੇ ਇਹ ਕਮੇਟੀ ਦੀ ਮੀਟਿੰਗਾਂ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਉੱਘੇ ਸਿੱਖ ਇਤਿਹਾਸਕਾਰ ਅਤੇ ਵਿਦਵਾਨ ਡਾ. ਕ੍ਰਿਪਾਲ ਸਿੰਘ ਦੀ ਅਗਵਾਈ ਵਿੱਚ ਇਹ ਕਮੇਟੀ ਸਿਲੇਬਸ ਦੇ ਮੁੱਦੇ ਨੂੰ ਦੇਖਣ ਲਈ ਬਣਾਈ ਗਈ ਹੈ ਜਿਸ ਕਰਕੇ ਐਸ.ਜੀ.ਪੀ.ਸੀ ਦਾ ਫੈਸਲਾ ਉਚਿਤ ਨਹੀ ਹੈ। ਮੁੱਖ ਮੰਤਰੀ ਨੇ ਸਿਆਸੀ ਉਦੇਸ਼ਾਂ ਵਿੱਚ ਲਿਪਤ ਹੋਣ ਲਈ ਬਾਦਲਾਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਰੱਖ ਕੇ ਸੂਬੇ ਵਿੱਚ ਫਿਰਕੂ ਬੇਚੈਨੀ ਪੈਦਾ ਕਰ ਰਹੇ ਹਨ ਜਿਨ੍ਹਾਂ ਨਾ ਕੇਵਲ ਸੂਬੇ ਦੇ ਲੋਕਾਂ ਨੇ ਰੱਦ ਕੀਤਾ ਹੈ ਸਗੋਂ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੀ ਉਨ੍ਹਾਂ ਨੂੰ ਨਕਾਰ ਦਿੱਤਾ ਹੈ। ਇਤਿਹਾਸ ਦੇ ਸਿਲੇਬਸ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਸਿਰਫ ਅਕਾਲੀ ਹੀ ਜਿੰਮੇਵਾਰ ਹਨ ਅਤੇ ਸਕੂਲ ਦੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਇਹ ਗਲਤੀਆਂ ਉਨ੍ਹਾਂ ਦੇ ਆਪਣੇ ਸਾਸ਼ਨ ਦੌਰਾਨ 2014 ਵਿੱਚ ਹੋਈਆਂ ਸਨ ਜਦੋਂ ਬੀ.ਜੇ.ਪੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਾਕਰ ਦੇ ਮਾਨਵੀ ਸ੍ਰੋਤਾਂ ਦੇ ਮੰਤਰਾਲੇ ਨੇ ‘ਰਾਸ਼ਟਰਵਾਦੀ’ ਪਹੁੰਚ ਦੇ ਨਾਂ ‘ਤੇ ਸਮਾਜ ਵਿਗਿਆਨ ਦੇ ਵਿਸ਼ਿਆਂ ਦੇ ਸਿਲੇਬਸ ਨੂੰ ‘ਤਰਕਸੰਗਤ’ ਬਣਾਉਣ ਲਈ ਪਹਿਲੇ ਕਦਮ ਚੁੱਕੇ ਸਨ। ਇਸ ਤੋਂ ਬਾਅਦ ਐਚ.ਆਰ.ਡੀ ਮੰਤਰਾਲੇ ਨੇ ਇਸ ਮਕਸਦ ਲਈ ਸਿਲੇਬਸ ਕਮੇਟੀ ਗਠਿਤ ਕਰਨ ਲਈ ਐਨ.ਸੀ.ਈ.ਆਰ.ਟੀ ਦੇ ਨੁਮਾਇੰਦਿਆਂ ਸਣੇ ਸੂਬਿਆਂ ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਇਕ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿਚ ਬਹੁਤੇ ਮੈਂਬਰ ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਟੀਚਿੰਗ ਸਟਾਫ ਵਿੱਚੋਂ ਲਏ ਗਏ ਸਨ। ਇਸ ਕਮੇਟੀ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਕੋਈ ਵੀ ਮੈਂਬਰ ਨਹੀ ਲਿਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਦਾ ਇਕ ਜੂਨੀਅਰ ਲੈਕਚਰਾਰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸ ਦੇ ਸਿਲੇਬਸ ਨੂੰ ਤਰਕ ਸੰਗਤ ਬਣਾਉਣ ਦੇ ਨਾਂ ‘ਤੇ ਅਜਿਹੇ ਢੰਗ ਨਾਲ ਇਸ ਨੂੰ ਤਿਆਰ ਕੀਤਾ ਗਿਆ ਕਿ ਪੰਜਾਬ ਦਾ ਇਤਿਹਾਸ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਚਾਰ ਕਲਾਸਾਂ ‘ਚ ਸ਼ਾਮਲ ਕੀਤਾ ਗਿਆ ਅਤੇ ਇਸ ਨੂੰ ਅਸਪਸ਼ਟ ਰੂਪ ਵਿੱਚ ਤਿਆਰ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਇਤਿਹਾਸ ਨਾਲ ਸਬੰਧਤ ਕੇਵਲ ਦੋ ਵਿਸ਼ੇ 12ਵੀਂ ਜਮਾਤ ਲਈ ਮੁਹੱਈਆ ਕਰਵਾਏ ਗਏ। ਮੁੱਖ ਮੰਤਰੀ ਨੇ ਅੱਗ ਕਿਹਾ ਕਿ ਗੁਰੂ ਨਾਨਕ ਦੇਵ ਜੀ ਬਾਰੇ ਅਧਿਅਨ ਭਗਤੀ ਲਹਿਰ ਦੇ ਅਧਿਆਏ ਵਿੱਚ ਸ਼ਾਮਲ ਕੀਤਾ ਗਿਆ ਜਿਸ ਦੇ ਨਾਲ ਉਨ੍ਹਾਂ ਦੇ ਸਿੱਖ ਮਤ ਦੇ ਬਾਣੀ ਦੇ ਰੂਤਬੇ ਨੂੰ ਘਟਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਉਸ ਸਮੇਂ ਚੁਪ ਰਹੇ ਪਰ ਸੱਤਾ ਖੁਸਣ ਤੋਂ ਬਾਅਦ ਇਨ੍ਹਾਂ ਨੇ ਹੋ-ਹੱਲਾ ਸ਼ੂਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਹਿਸਟਰੀ ਰਿਸੋਰਸ ਐਡੀਟਿੰਗ ਪ੍ਰਾਜੈਕਟ ਦੇ ਚੇਅਰਮੈਨ ਦੇ ਅਹੁਦੇ ਤੋਂ ਡਾ. ਕ੍ਰਿਪਾਲ ਸਿੰਘ ਨੂੰ ਉਸ ਅਹਿਮ ਅਤੇ ਜਟਿਲ ਸਮੇਂ ਲਾਇਆ ਗਿਆ ਹੈ ਜਦੋਂ ਸਿਲੇਬਸ ਦਾ ਤਰਕਸੰਗਤ ਅਤੇ ਗੈਰ ਸਿਆਸੀ ਢੰਗ ਨਾਲ ਜ਼ਾਇਜਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਸਾਬੋਤਾਜ ਕਰਨਾ ਚਾਹੁੰਦੇ ਹਨ ਜਦਕਿ ਸਰਕਾਰ ਵਿਦਿਆਰਥੀਆਂ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਇਹ ਮੁੱਦਾ ਹੱਲ ਕਰਨਾ ਚਾਹੁੰਦੀ ਹੈ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…