Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਨੇ ਅਮਨ-ਸ਼ਾਂਤੀ ਕਾਇਮ ਰੱਖਣ ਦੀ ਖਾਤਰ ਲੋੜ ਪੈਣ ’ਤੇ ਕਰਫਿਊ ਲਾਉਣ ਲਈ ਡੀਜੀਪੀ ਨੂੰ ਪੂਰੀ ਖੁੱਲ੍ਹ ਬਾਬਾ ਬਲਾਤਕਾਰ ਕੇਸ ਵਿੱਚ ਅਦਾਲਤੀ ਫੈਸਲੇ ਦੇ ਮੱਦੇਨਜ਼ਰ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਫੌਜ ਤਿਆਰ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਅਗਸਤ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਰਾਮ ਰਹੀਮ ਬਲਾਤਕਾਰ ਕੇਸ ਵਿੱਚ ਅਦਾਲਤੀ ਫੈਸਲੇ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਫੌਜ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬੇ ਵਿੱਚ ਅਮਨ-ਚੈਨ ਨੂੰ ਕਾਇਮ ਰੱਖਣ ਦੀ ਖਾਤਰ ਲੋੜ ਪੈਣ ’ਤੇ ਡੀ.ਜੀ.ਪੀ. ਨੂੰ ਕਰਫਿਊ ਲਾਉਣ ਲਈ ਅਧਿਕਾਰਤ ਕੀਤਾ ਗਿਆ ਹੈ। ਅੱਜ ਇੱਥੇ ਮੰਤਰੀ ਮੰਡਲ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਆ ਰਹੇ ਅਦਾਲਤੀ ਫੈਸਲੇ ਦੇ ਸੰਦਰਭ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਭਾਰਤੀ ਫੌਜ ਦੀ ਪੱਛਮੀ ਕਮਾਂਡ ਤਿਆਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਪੁਲੀਸ ਮੁਖੀ ਨੂੰ ਹਾਲਾਤ ਮੁਤਾਬਕ ਲੋੜ ਪੈਣ ’ਤੇ ਕਰਫਿਊ ਲਾਉਣ ਸਮੇਤ ਕੋਈ ਵੀ ਫੈਸਲਾ ਲੈਣ ਲਈ ਅਧਿਕਾਰਤ ਕੀਤਾ ਗਿਆ ਹੈ। ਮੌਜੂਦਾ ਹਾਲਾਤ ਦੀ ਖੁਦ ਨਿਗਰਾਨੀ ਕਰ ਰਹੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਮੁੱਚੀ ਪੁਲੀਸ ਫੋਰਸ ਨੇ ਸਖ਼ਤ ਨਿਗ੍ਹਾ ਰੱਖੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੜਬੜ ਫੈਲਾਉਣ ਵਾਲੀ ਕਿਸੇ ਵੀ ਕੋਸ਼ਿਸ਼ ਨਾਲ ਕਰੜੇ ਹੱਥੀਂ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਭਰ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲੀਸ ਮੁਲਾਜ਼ਮ ਹੇਠਲੇ ਪੱਧਰ ’ਤੇ ਖਾਸ ਕਰਕੇ ਸੂਬੇ ਦੇ ਨਾਜ਼ੁਕ ਜ਼ਿਲ੍ਹਿਆਂ ਵਿੱਚ ਪੂਰੀ ਚੌਕਸੀ ਰੱਖ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਫੋਰਸਾਂ ਨੂੰ ਸੂਬੇ ਦੀ ਸ਼ਾਂਤੀ ਵਿੱਚ ਵਿਘਨ ਪਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਖ਼ਤੀ ਨਾਲ ਜਵਾਬ ਦੇਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੀ ਸੁਰੱਖਿਆ ਲਈ ਅਰਧ ਸੈਨਿਕ ਬਲਾਂ ਦੀਆਂ 85 ਕੰਪਨੀਆਂ ਤੋਂ ਇਲਾਵਾ ਪੰਜਾਬ ਪੁਲੀਸ ਦੇ 12000 ਤੋਂ ਵੱਧ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਖਲਾਈ ਅਧੀਨ 7000 ਜਵਾਨਾਂ ਨੂੰ ਵਾਪਸ ਬੁਲਾ ਕੇ ਸੁਰੱਖਿਆ ਦੀ ਮਜ਼ਬੂਤੀ ਲਈ ਤਾਇਨਾਤ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਕੋਈ ਵੀ ਪੰਜਾਬ ਵਿੱਚ ਮਾਹੌਲ ਖਰਾਬ ਨਹੀਂ ਚਾਹੁੰਦਾ ਅਤੇ ਅਸੀਂ ਕਿਸੇ ਨੂੰ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵਾਂਗੇ।’’ ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਵੀ ਪੰਜਾਬੀ ਹਨ ਅਤੇ ਉਹ ਵੀ ਅਮਨ-ਸ਼ਾਂਤੀ ਵਿੱਚ ਵਿਘਨ ਨਹੀਂ ਚਾਹੁੰਦੇ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਹਰੇਕ ਕੀਮਤ ’ਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣਾ ਸੂਬੇ ਦੇ ਲੋਕਾਂ ਦੇ ਹਿੱਤ ਵਿੱਚ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਿਆਂਇਕ ਫੈਸਲੇ ਵਿੱਚ ਉਨ੍ਹਾਂ ਦੀ ਸਰਕਾਰ ਦਖ਼ਲਅੰਦਾਜ਼ੀ ਨਹੀਂ ਕਰ ਸਕਦੀ ਪਰ ਅਣਸੁਖਾਵੀਂ ਸਥਿਤੀ ਵਾਪਰਨ ਨੂੰ ਰੋਕਣ ਲਈ ਤਿਆਰ ਰਹਿਣਾ ਸਰਕਾਰ ਦਾ ਫਰਜ਼ ਹੈ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਬਹੁਤ ਘਾਲਣਾ ਘਾਲ ਕੇ ਪੈਦਾ ਕੀਤੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਲਕੇ ਪੰਜਾਬ ਸਰਕਾਰ ਦੇ ਚੰਡੀਗੜ੍ਹ ਵਿੱਚ ਸਥਿਤ ਸਾਰੇ ਦਫ਼ਤਰ ਅਤੇ ਸੂਬੇ ਵਿੱਚ ਸਕੂਲ-ਕਾਲਜ ਬੰਦ ਰਹਿਣਗੇ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਥਾਰਟੀਆਂ ਵੱਲੋਂ ਲਏ ਸਾਂਝੇ ਫੈਸਲੇ ਮੁਤਾਬਕ ਵੀਰਵਾਰ ਦੀ ਸ਼ਾਮ ਤੋਂ 72 ਘੰਟਿਆਂ ਲਈ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ