
36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਨਿਰਾ ਝੂਠ ਬੋਲ ਰਹੇ ਹਨ ਮੁੱਖ ਮੰਤਰੀ: ਐਨਕੇ ਸ਼ਰਮਾ
ਸਫ਼ਾਈ ਸੇਵਕਾਂ ਨੂੰ ਪੱਕਾ ਕਰਨ ਦੀ ਡਰਾਮੇਬਾਜ਼ੀ ਕਰ ਰਹੇ ਨੇ ਮੁੱਖ ਮੰਤਰੀ ਚੰਨੀ: ਐਨਕੇ ਸ਼ਰਮਾ
ਕਿਹਾ ਸਫ਼ਾਈ ਸੇਵਕਾਂ ਨੂੰ ਸਿਰਫ਼ ਠੇਕਾ ਪ੍ਰਣਾਲੀ ਰਾਹੀਂ ਕੀਤਾ ਜਾ ਰਿਹਾ ਹੈ ਭਰਤੀ
ਬਿਨਾਂ ਨੋਟਿਸ ਦਿੱਤੇ ਕਿਸੇ ਵੀ ਸਮੇਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ ਸਫ਼ਾਈ ਸੇਵਕਾਂ ਦੀਆਂ ਸੇਵਾਵਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ:
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਨਿਰਾ ਝੂਠ ਬੋਲ ਰਹੇ ਹਨ ਜਦਕਿ ਸਚਾਈ ਇਹ ਹੈ ਕਿ ਮੁੱਖ ਮੰਤਰੀ ਨੇ ਹੁਣ ਤੱਕ ਜਿੰਨੇ ਵੀ ਐਲਾਨ ਕੀਤੇ ਹਨ, ਉਨ੍ਹਾਂ ’ਚੋਂ ਇਕ ਵੀ ਐਲਾਨ ਲਾਗੂ ਨਹੀਂ ਹੋਇਆ ਹੈ। ਇਹ ਗੱਲ ਅੱਜ ਇੱਥੇ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਇਕ ਐਨਕੇ ਸ਼ਰਮਾ ਨੇ ਆਖੀ। ਉਨ੍ਹਾਂ ਕਿਹਾ ਕਿ ਥਾਂ-ਥਾਂ ’ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਗਾਏ ਮਸ਼ਹੂਰੀ ਬੈਨਰਾਂ ਦੀ ਅਸਲੀਅਤ ਇਹ ਹੈ ਕਿ ਜਿਸ ਨੀਤੀ ਤਹਿਤ ਸਫ਼ਾਈ ਸੇਵਕਾਂ ਨੂੰ ਪੱਕਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਦਰਅਸਲ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਹੱਥ ਵੱਢੇ ਜਾ ਰਹੇ ਹਨ।
ਅਕਾਲੀ ਵਿਧਾਇਕ ਨੇ ਕਿਹਾ ਕਿ ਸਫ਼ਾਈ ਸੇਵਕਾਂ ਨੂੰ ਪੱਕਾ ਕਰਨ ਦੀਆਂ ਜਿਹੜੀਆਂ ਸ਼ਰਤਾਂ ਲਗਾਈਆਂ ਗਈਆਂ ਹਨ, ਉਹ ਸਿਰਫ਼ ਠੇਕਾ ਆਧਾਰਿਤ ਸ਼ਰਤਾਂ ਹੀ ਹਨ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਮੁਲਾਜ਼ਮਾਂ ਦੇ ਹੱਕ ਵਿੱਚ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨਗਰ ਕੌਂਸਲ ਜ਼ੀਰਕਪੁਰ ਤੋਂ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦੇ ਨਾਂ ’ਤੇ ਕੰਟਰੈਕਟ ਉੱਤੇ ਭਰਤੀ ਕਰਨ ਸਬੰਧੀ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਜਿਹੜਾ ਨਿਯੁਕਤੀ ਪੱਤਰ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਸਬੰਧੀ ਜਾਰੀ ਕੀਤਾ ਗਿਆ ਹੈ, ਉਸ ਵਿੱਚ ਸਾਫ਼ ਤੌਰ ’ਤੇ ਲਿਖਿਆ ਗਿਆ ਹੈ ਕਿ ਇਸ ਨਿਯੁਕਤੀ ਲਈ ਤਨਖ਼ਾਹ ਕਿਰਤ ਵਿਭਾਗ ਪੰਜਾਬ ਵੱਲੋਂ ਨਿਰਧਾਰਿਤ ਰੇਟ (ਡੀਸੀ ਰੇਟ) ’ਤੇ ਹੋਵੇਗੀ। ਇਹ ਲਿਖਿਆ ਗਿਆ ਕਿ ਇਹ ਨਿਯੁਕਤੀ ਆਰਜ਼ੀ ਤੌਰ ’ਤੇ ਸਿਰਫ਼ 6 ਮਹੀਨੇ ਲਈ ਹੋਵੇਗੀ, ਕੰਟਰੈਕਟ ਦਾ ਸਮਾਂ ਖ਼ਤਮ ਹੋਣ ’ਤੇ ਉਨ੍ਹਾਂ ਨੂੰ ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਵੱਖ ਕੀਤਾ ਜਾ ਸਕਦਾ ਹੈ।
ਅਕਾਲੀ ਆਗੂ ਮੁਤਾਬਕ ਨਿਯੁਕਤੀ ਪੱਤਰ ਵਿੱਚ ਇਹ ਸ਼ਰਤ ਵੀ ਜ਼ੋਰ ਦੇ ਕੇ ਲਿਖੀ ਗਈ ਹੈ ਕਿ ਨੌਕਰੀ ਕਰਨ ਸਬੰਧੀ ਉਨ੍ਹਾਂ ਨੂੰ ਇਕ ਐਗਰੀਮੈਂਟ ਕਰਨਾ ਪਵੇਗਾ। ਜਿਸ ਦੇ ਤਹਿਤ ਉਹ ਕੰਟਰੈਕਟ ਸਮਾਂ ਖ਼ਤਮ ਹੋਣ ਤੋਂ ਬਾਅਦ ਉਹ ਨੌਕਰੀ ਲਈ ਕੋਈ ਕਲੇਮ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਤਾਂ ਨੂੰ ਕਿਸੇ ਵੀ ਤਰ੍ਹਾਂ ਮੁਲਾਜ਼ਮਾਂ ਦੇ ਹੱਕ ਵਿੱਚ ਨਹੀਂ ਮੰਨਿਆ ਜਾ ਸਕਦਾ। ਮੁੱਖ ਮੰਤਰੀ ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ਲਈ ਇਸ ਤਰ੍ਹਾਂ ਦੀਆਂ ਚਾਲਾਂ ਚਲ ਰਹੇ ਹਨ ਤਾਂ ਜੋ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਵੋਟਾਂ ਬਟੋਰੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਝੂਠੇ ਐਲਾਨ ਕਰ ਰਹੇ ਹਨ ਦੂਜੇ ਪਾਸੇ ਨੌਜਵਾਨਾਂ ਨੂੰ ਆਪਣੀਆਂ ਨੌਕਰੀਆਂ ਬਚਾਉਣ ਲਈ ਹੱਡ ਚੀਰਵੀਂ ਠੰਢ ਵਿੱਚ ਸੜਕਾਂ ’ਤੇ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਇੰਜ ਹੀ ਮੁੱਖ ਮੰਤਰੀ ਵੱਲੋਂ ਬਿਜਲੀ ਬਿੱਲ ਮੁਆਫ਼ ਕਰਨ ਦਾ ਕੀਤਾ ਗਿਆ ਐਲਾਨ ਵੀ ਝੂਠਾ ਸਾਬਤ ਹੋਇਆ ਹੈ ਕਿਉਂਕਿ ਬਹੁਤ ਸਾਰੇ ਗਰੀਬ ਲੋਕਾਂ ਨੂੰ ਪਹਿਲਾਂ ਤੋਂ ਵੀ ਜ਼ਿਆਦਾ 5 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਦੇ ਬਿੱਲ ਭੇਜੇ ਜਾ ਰਹੇ ਹਨ। ਰੇਤਾ ਅੱਜ ਵੀ 30 ਰੁਪਏ ਫੁੱਟ ਤੋਂ ਘੱਟ ਕਿਤੇ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਨਸੀਹਤ ਦਿੰਦਿਆਂ ਕਿਹਾ ਸਿਰਫ਼ ਐਲਾਨ ਕਰਨ ਨਾਲ ਲੋਕਾਂ ਦੇ ਦਿਲ ਨਹੀਂ ਜਿੱਤੇ ਜਾ ਸਕਦੇ, ਉਸ ਲਈ ਕੰਮ ਕਰਕੇ ਦਿਖਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਅਤੇ ਅੰਦਰੂਨੀ ਕਲੇਸ਼ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਪਿਛਲੀ ਵਾਰ ਕਾਂਗਰਸ ਨੇ ਵੋਟਾਂ ਲੈਣ ਲਈ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਗਏ ਸੀ।