nabaz-e-punjab.com

ਮੁੱਖ ਮੰਤਰੀ ਵੱਲੋਂ ਗੁਟਕਾ, ਪਾਨ ਮਸਾਲਾ ’ਤੇ ਪਾਬੰਦੀ ਦੀ ਉਲੰਘਣਾ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਅਤੇ ਪਾਨ ਮਸਾਲਾ ਵਰਗੇ ਪਾਬੰਦੀਸ਼ੁਦਾ ਤਬਾਕੂ ਪਦਾਰਥਾਂ ਦੀ ਵਿਕਰੀ ਦੀਆਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਤੇ ਪਰਿਵਾਰ ਭਲਾਈ ਮਹਿਕਮੇ ਨੂੰ ਸੂਬੇ ਵਿਚ ਇਨ੍ਹਾਂ ਵਸਤਾਂ ’ਤੇ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ। ਇਕ ਸਰਕਾਰੀ ਬੁਲਾਰੇ ਅਨੁਸਾਰ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਵਾਦਾਂ ਤੇ ਸੁਗੰਧੀ ਵਾਲੇ ਅਤੇ ਚਬਾਉਣ ਵਾਲੇ ਤਬਾਕੂ ’ਤੇ ਪਾਬੰਦੀ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੇ ਬਾਵਜੂਦ ਇਨ੍ਹਾਂ ਦੀ ਵਿਕਰੀ ਹੋ ਰਹੀ ਹੈ ਅਤੇ ਮੁੱਖ ਮੰਤਰੀ ਨੇ ਇਸ ਨੂੰ ਨੋਟੀਫਿਕੇਸ਼ਨ ਦੀ ਘੋਰ ਉਲੰਘਣਾ ਦੱਸਿਆ ਹੈ।
ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਪਾਬੰਦੀਸ਼ੁਦਾ ਤਬਾਕੂ ਪਦਾਰਥਾਂ ਦੀ ਵਿਕਰੀ ’ਤੇ ਹਰ ਹਾਲਤ ਵਿਚ ਰੋਕ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਏ ਜਾਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਬੰਦੀਸ਼ੁਦਾ ਪਦਾਰਥਾਂ ਨੂੰ ਬਣਾਉਣ ਵਾਲੇ ਸਰੋਤਾਂ ਅਤੇ ਇਸ ਨੂੰ ਵੇਚਣ ਵਾਲਿਆਂ ਨੂੰ ਸਮਾਂ ਰਹਿੰਦਿਆਂ ਕਾਬੂ ਕਰਕੇ ਇਸ ਸਮੱਸਿਆ ਨੂੰ ਹੋਰ ਪਨਪਣ ਤੋਂ ਰੋਕਿਆ ਜਾਵੇ। ਖੁਰਾਕ ਤੇ ਡਰੱਗ ਪ੍ਰਸ਼ਾਸਨ ਵੱਲੋਂ ਹਰ ਸਾਲ ਸੂਬੇ ਵਿਚ ਖੁੱਲ੍ਹੇ ਤਬਾਕੂ ਪਦਾਰਥਾਂ ਜਿਵੇਂ ਕਿ ਖੁਲ੍ਹਾ ਤਬਾਕੂ, ਖੁਲ੍ਹੀਆਂ ਸਿਗਰਟਾਂ ਅਤੇ ਹੁੱਕਾ ਬਾਰਾਂ ’ਤੇ ਪਾਬੰਦੀ ਦਾ ਨੋਟੀਫਿਕੇਸ਼ਨ ਕਢਿਆ ਜਾਂਦਾ ਹੈ। ਇਸ ਸਬੰਧੀ ਤਾਜ਼ਾ ਨੋਟੀਫਿਕੇਸ਼ਨ ਫਰਵਰੀ 2017 ਵਿਚ ਜਾਰੀ ਕੀਤਾ ਗਿਆ ਜੋ ਕਿ ਫਰਵਰੀ 2018 ਤੱਕ ਵੈਦ ਰਹੇਗਾ।
ਸਰਕਾਰੀ ਬੁਲਾਰੇ ਅਨੁਸਾਰ ਖੁਲ੍ਹੇ ਤਬਾਕੂ ਅਤੇ ਖੁਲ੍ਹੀਆਂ ਸਿਗਰਟਾਂ ’ਤੇ ਪਾਬੰਦੀ ਕੋਟਪਾ (ਸਿਗਰਟ ਅਤੇ ਹੋਰ ਤਬਾਕੂ ਉਤਪਾਦ ਐਕਟ) ਦੀ ਧਾਰਾ ਸੱਤ ਹੇਠ ਹੈ। ਉਸ ਅਨੁਸਾਰ ਇਹ ਐਕਟ ਤਬਾਕੂ ਨਾਲ ਸਬੰਧਤ ਸਾਰੇ ਉਤਪਾਦਾਂ ’ਤੇ ਲਾਗੂ ਹੁੰਦਾ ਹੈ ਭਾਵੇਂ ਉਹ ਪੈਕਟਾਂ ਵਿਚ ਹੋਣ ਜਾ ਖੁਲ੍ਹੇ ਹੋਣ ਅਤੇ ਭਾਵੇਂ ਉਹ ਇਕੱਠੇ ਨਗਾਂ ’ਚ ਵਿਕਦੇ ਹੋਣ ਜਾਂ ਵੱਖ-ਵੱਖ ਉਤਪਾਦਾਂ ਵਜੋਂ। ਇਹ ਨੋਟੀਫਿਕੇਸ਼ਨ ਸੁਪਰੀਮ ਕੋਰਟ ਦੀ ਲੀਹ ’ਤੇ ਜਾਰੀ ਕੀਤਾ ਗਿਆ ਹੈ ਜਿਸਨੇ ਪਾਨ ਮਸਾਲਾ (ਤਬਾਕੂ ਤੋਂ ਬਿਨਾਂ) ਅਤੇ ਛੋਟੀਆਂ-ਛੋਟੀਆਂ ਲਿਫਾਫੀਆਂ ਵਿੱਚ ਵਿਕਣ ਵਾਲੇੇ (ਚੱਬਣ ਵਾਲੇ ਤੇ ਵੱਖ-ਵੱਖ ਸਵਾਦਾਂ ਵਾਲੇ) ਤਬਾਕੂ ਦੀ ਵਿਕਰੀ ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…