ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ‘ਸਰਬੱਤ ਦੇ ਭਲੇ’ ਲਈ ਕੀਤੀ ਅਰਦਾਸ ਵਿਚ ਲੋਕਾਂ ਨਾਲ ਸ਼ਾਮਲ ਹੋਏ ਮੁੱਖ ਮੰਤਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਮਈ:
ਕੋਵਿਡ ਦੀਆਂ ਰੋਕਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਉਤੇ ‘ਚੜ੍ਹਦੀ ਕਲਾ’ ਅਤੇ ‘ਸਰਬੱਤ ਦੇ ਭਲੇ’ ਲਈ ਕੀਤੀ ਗਈ ਅਰਦਾਸ ਵਿਚ ਲੋਕਾਂ ਨਾਲ ਵਰਚੂਅਲ ਤੌਰ ਉਤੇ ਸ਼ਾਮਲ ਹੋਏ। ਮਹਾਂਮਾਰੀ ਦੇ ਚੁਣੌਤੀਪੂਰਨ ਹਾਲਾਤ ਵਿਚ ਮਨੁੱਖਤਾ ਦੀ ਸੁਰੱਖਿਆ ਅਤੇ ਭਲਾਈ ਲਈ ਅਰਦਾਸ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗੁਰੂ ਸਾਹਿਬ ਜੀ ਵੱਲੋਂ ਪਿਆਰ, ਧਰਮ ਨਿਰਪੱਖਤਾ, ਧਾਰਮਿਕ ਸਹਿਣਸ਼ੀਲਤਾ, ਧਰਮ ਮੰਨਣ ਦੀ ਆਜਾਦੀ ਅਤੇ ਸ਼ਾਂਤਮਈ ਸਹਿ-ਹੋਂਦ ਦੇ ਦਿੱਤੇ ਸਰਬਵਿਆਪੀ ਸੰਦੇਸ਼ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਪਾਵਨ ਦਿਹਾੜੇ ਨੂੰ ਮਾਨਵਤਾ ਅਤੇ ਧਾਰਮਿਕ ਆਜਾਦੀ ਦੀ ਖਾਤਰ ਗੁਰੂ ਸਾਹਿਬ ਜੀ ਦੀ ਲਾਸਾਨੀ ਕੁਰਬਾਨੀ ਦੇ ਸੰਦੇਸ਼ ਦੇ ਪਾਸਾਰ ਲਈ ਮੌਕਾ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨੌਵੇਂ ਗੁਰੂ ਸਾਹਿਬ ਜੀ ਦਾ ਜੀਵਨ ਤੇ ਫਿਲਾਸਫੀ ਸਮੁੱਚੇ ਸੰਸਾਰ ਲਈ ਪ੍ਰੇਰਨਾ ਦਾ ਸਰੋਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਿਛਲੇ ਸ਼ਾਸਨਕਾਲ ਦੌਰਾਨ ਸਾਲ 2004 ਵਿਚ ਅੰਮਿਰਤਸਰ ਵਿਚ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦਾ 400 ਸਾਲਾ ਮਨਾਉਣ, ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿਚ ਇਕ ਯਾਦਗਾਰ ਸਮੇਤ ਅਨੇਕਾਂ ਯਾਦਗਾਰਾਂ ਸਥਾਪਤ ਕਰਨ ਅਤੇ ਫਤਹਿਗੜ੍ਹ ਸਾਹਿਬ ਵਿਖੇ ਕਈ ਯਾਦਗਾਰੀ ਗੇਟ ਉਸਾਰਨ ਦਾ ਸੁਭਾਗ ਹਾਸਲ ਹੋਇਆ। ਉਨ੍ਹਾਂ ਕਿਹਾ, “ਸਾਨੂੰ ਮੌਜੂਦਾ ਕਾਰਜਕਾਲ ਦੌਰਾਨ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ।“

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਉਣ ਲਈ ਪੁਖਤਾ ਪ੍ਰਬੰਧ ਕੀਤੇ ਸਨ ਜਿਨ੍ਹਾਂ ਤਹਿਤ ਗੁਰੂ ਕਾ ਮਹਿਲ (ਅੰਮਿਰਤਸਰ) ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਸਜਾਉਣਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਅਤੇ ਕੀਰਤਨ ਦਰਬਾਰ ਕਰਵਾਉਣ ਤੋਂ ਇਲਾਵਾ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਮੂਰਤੀਮਾਨ ਕਰਨ ਲਈ ਪ੍ਰਦਰਸ਼ਨੀਆਂ, ਦਸਤਕਾਰੀ ਵਸਤਾਂ ਦੀ ਪ੍ਰਦਰਸ਼ਨੀ, ਪੰਜਾਬੀ ਸਾਹਿਤਕ ਮੇਲਾ, ਡਰਾਮਾ (ਹਿੰਦ ਦੀ ਚਾਦਰ), ਖੇਡ ਸਮਾਗਮ, ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਅਤੇ ਇਕ ਸੂਫੀ ਸੰਗੀਤਕ ਸਮਾਰੋਹ ਕਰਵਾਇਆ ਜਾਣਾ ਸੀ। ਹਾਲਾਂਕਿ, ਕੋਵਿਡ ਦੀ ਦੂਜੀ ਅਤੇ ਘਾਤਕ ਲਹਿਰ ਨੇ ਇਨ੍ਹਾਂ ਯੋਜਨਾਵਾਂ ਨੂੰ ਬਦਲਣ ਲਈ ਮਜਬੂਰ ਕਰ ਦਿੱਤਾ ਅਤੇ ਇਹ ਸਮਾਗਮ ਹੁਣ ਵਰਚੁਅਲ ਤੌਰ ਉਤੇ ਕਰਵਾਏ ਜਾ ਰਹੇ ਹਨ ਤਾਂ ਕਿ ਵੱਡੇ ਇਕੱਠਾਂ ਤੋਂ ਬਚਿਆ ਜਾ ਸਕੇ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੌਰਾਨ ਜਦੋਂ ਵੀ ਸਥਿਤੀ ਵਿਚ ਸੁਧਾਰ ਹੋਵੇਗਾ ਤਾਂ ਇਸ ਇਤਿਹਾਸਤ ਦਿਹਾੜੇ ਨੂੰ ਮਨਾਉਣ ਲਈ ਵਿਸ਼ਾਲ ਸਮਾਗਮ ਕਰਵਾਇਆ ਜਾਵੇਗਾ। ਅੱਜ ਦੇ ਪਵਿੱਤਰ ਮੌਕੇ ਉਤੇ ਇਕ ਰੋਜਾ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਮਨਜੀਤ ਸਿੰਘ ਸ਼ਾਂਤ, ਡਾ. ਨਿਵੇਦਿਤਾ ਉਪਲ, ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲੇ, ਭਾਈ ਸੁਖਜਿੰਦਰ ਸਿੰਘ, ਭਾਈ ਅਰਵਿੰਦਰ ਸਿੰਘ ਨੂਰ, ਭਾਈ ਤਾਰ ਬਲਬੀਰ ਸਿੰਘ ਤੇ ਭਾਈ ਬਲਵੰਤ ਸਿੰਘ ਨਾਮਧਾਰੀ ਸਮੇਤ ਕਈ ਪ੍ਰਮੁੱਖ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕੀਤਾ ਜੋ ਵੱਖ-ਵੱਖ ਟੀ.ਵੀ. ਚੈਨਲਾਂ ਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਪ੍ਰਸਾਰਿਤ ਹੋਇਆ।

ਇਸ ਮੌਕੇ ਮੁੱਖ ਮੰਤਰੀ ਨੇ ਟਾਈਮਜ਼ ਆਫ ਇੰਡੀਆ ਗਰੁੱਪ ਦੁਆਰਾ ਤਿਆਰ ਕੀਤੀ ਕੌਫੀ ਟੇਬਲ ਬੁੱਕ ‘ਪ੍ਰਗਟ ਭਏ ਗੁਰ ਤੇਗ ਬਹਾਦਰ” ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਕਰਵਾਈ ਇਕ ਯਾਦਗਾਰੀ ਕਿਤਾਬ ਜਾਰੀ ਕੀਤੀਆਂ। ਇਸ ਯਾਦਗਾਰੀ ਕਿਤਾਬ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੇ ਫਿਲਾਸਫੀ ਨਾਲ ਸਬੰਧਤ ਘਟਨਾਵਾਂ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਧਾਰਮਿਕ ਹਕੂਕ ਦੀ ਰਾਖੀ ਲਈ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਮਿਸਾਲ ਕੁਰਬਾਨੀ ਨੇ ਦੁਨੀਆ ਸਾਹਮਣੇ ਇਕ ਮਿਸਾਲ ਕਾਇਮ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੋਕਾਂ ਨੂੰ ਮਨੁੱਖਤਾ ਦੀਆਂ ਸੱਚੀਆਂ-ਸੁੱਚੀਆਂ ਰਵਾਇਤਾਂ ਵਿਚ ਗੁਰੂ ਸਾਹਿਬ ਵੱਲੋਂ ਦਿਖਾਏ ਸਚਾਈ ਦੇ ਰਾਹ ਉਤੇ ਚੱਲਣ ਦੀ ਅਪੀਲ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…