Nabaz-e-punjab.com

ਪੰਜਾਬ ਦੇ ਐਸੋਸੀਏਟ ਸਕੂਲਾਂ ਦੀ ਮਾਨਤਾ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਦਾ ਬੂਹਾ ਖੜਕਾਇਆ

ਪ੍ਰਾਈਵੇਟ ਸਕੂਲਾਂ ਦੀ ਸੰਸਥਾ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਸਮੇਤ ਸਮੂਹ ਕੈਬਨਿਟ ਮੰਤਰੀਆਂ ਨੂੰ ਲਿਖਿਆ ਪੱਤਰ

ਗਰੀਬ ਬੱਚਿਆਂ ਦੇ ਭਵਿੱਖ ਦਾ ਵਾਸਤਾ ਦੇ ਕੇ ਐਸੋਸੀਏਟ ਸਕੂਲਾਂ ਨੂੰ ਚੱਲਦਾ ਰੱਖਣ ਦੀ ਲਗਾਈ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਪੰਜਾਬ ਭਰ ਵਿੱਚ ਚਲਦੇ ਕਰੀਬ 2100 ਐਸੋਸੀਏਟ ਸਕੂਲਾਂ ’ਤੇ ਅਗਲੇ ਸਿੱਖਿਆ ਸੈਸ਼ਨ 1 ਅਪਰੈਲ 2020-21 ਤੋਂ ਬੰਦ ਹੋਣ ਦੀ ਤਲਵਾਰ ਲਟਕ ਰਹੀ ਹੈ। ਇਸ ਸਬੰਧੀ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਸ਼ਨ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਸਮੇਤ ਸਮੂਹ ਕੈਬਨਿਟ ਮੰਤਰੀਆਂ ਨੂੰ ਪੱਤਰ ਲਿਖ ਕੇ ਗਰੀਬ ਬੱਚਿਆਂ ਦੇ ਭਵਿੱਖ ਦਾ ਵਾਸਤਾ ਦੇ ਕੇ ਸਿੱਖਿਆ ਬੋਰਡ ਨਾਲ ਐਸੋਸੀਏਟ ਸਕੂਲਾਂ ਦੀ ਬਾਰ੍ਹਵੀਂ ਜਮਾਤ ਤੱਕ ਮਾਨਤਾ ਜਾਰੀ ਰੱਖਣ ਦੀ ਗੁਹਾਰ ਲਗਾਈ ਹੈ।
ਅੱਜ ਇੱਥੇ ਸੰਸਥਾ ਦੇ ਸਕੱਤਰ ਜਨਰਲ ਤੇਜਪਾਲ ਸਿੰਘ ਨੇ ਦੱਸਿਆ ਕਿ ਲਿਖਤੀ ਪੱਤਰ ਰਾਹੀਂ ਰਾਜ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪੰਜਾਬ ਦੇ 2100 ਐਸੋਸੀਏਟ ਸਕੂਲਾਂ ਵਿੱਚ ਜ਼ਿਆਦਾਤਰ ਗਰੀਬ ਵਰਗ ਬੱਚੇ ਪੜ੍ਹਦੇ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਤੋਂ ਘੱਟ ਫੀਸਾਂ ਲੈ ਕੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਨਤੀਜੇ ਵਿੱਚ ਐਸੋਸੀਏਟਿਡ ਸਕੂਲਾਂ ਦੇ ਲੱਖਾਂ ਵਿਦਿਆਰਥੀਆਂ ਦਾ ਨਤੀਜਾ ਹਮੇਸ਼ਾ ਵਧੀਆਂ ਰਿਹਾ ਹੈ। ਇਹੀ ਨਹੀਂ ਐਸੋਸੀਏਟ ਸਕੂਲਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਨੌਜਵਾਨ ਲੜਕੇ ਲੜਕੀਆਂ ਨੂੰ ਅਧਿਆਪਕ ਅਤੇ ਦਫ਼ਤਰੀ ਸਟਾਫ਼ ਵਜੋਂ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਗਿਆ ਹੈ।
ਸ੍ਰੀ ਤੇਜਪਾਲ ਸਿੰਘ ਨੇ ਕਿਹਾ ਕਿ ਐਸੋਸੀਏਟ ਸਕੂਲਾਂ ਦੀਆਂ ਫੀਸਾਂ ਤੇ ਹੋਰ ਖਰਚੇ ਬਹੁਤ ਹੀ ਸੀਮਤ ਹਨ। ਇਨ੍ਹਾਂ ਸਕੂਲਾਂ ਵਿੱਚ ਗਰੀਬ ਵਰਗ ਬੱਚੇ ਨਰਸਰੀ ਤੋਂ ਬਾਰ੍ਹਵੀਂ ਤੱਕ ਮਿਆਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਦੇ ਐਸੋਸੀਏਟ ਸਕੂਲਾਂ ਲਈ 1920-21 ਲਈ ਪ੍ਰੋਫਾਰਮਾ ਜਾਰੀ ਕਰਕੇ ਬਣਦੀ ਫੀਸ ਜਮ੍ਹਾਂ ਕਰਵਾਈ ਜਾਵੇ ਅਤੇ ਸਬੰਧਤ ਸਕੂਲਾਂ ਦੀ ਮਾਨਤਾ ਵਿੱਚ ਅਗਲੇ ਹੁਕਮਾਂ ਤੱਕ ਪੱਕਾ ਵਾਧਾ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ 1 ਅਪਰੈਲ 2020 ਨੂੰ ਸ਼ੁਰੂ ਹੋਣ ਵਾਲੇ ਨਵੇਂ ਸਿੱਖਿਆ ਸੈਸ਼ਨ ਵਿੱਚ ਨੌਵੀਂ ਅਤੇ ਬਾਰ੍ਹਵੀਂ ਸ਼ੇ੍ਰਣੀ ਦੇ ਦਾਖ਼ਲੇ ਕਰਨ ਦੀ ਅਗਾਊਂ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਅਗਲੇ ਸਾਲ ਤੋਂ ਐਸੋਸੀਏਟ ਸਕੂਲਾਂ ਨੂੰ ਬੰਦ ਕਰਨ ਬਾਰੇ ਪਾਇਆ ਜਾ ਰਿਹਾ ਭੰਬਲਭੂਸਾ ਖ਼ਤਮ ਹੋ ਸਕੇ ਅਤੇ ਗਰੀਬ ਲੋਕ ਇਨ੍ਹਾਂ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾ ਸਕਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਐਫੀਲੀਏਸ਼ਨ ਦੀਆਂ ਸ਼ਰਤਾਂ ਵੀ ਨਰਮ ਕੀਤੀਆਂ ਜਾਣ ਤਾਂ ਜੋ ਸਰਕਾਰੀ ਨੇਮਾਂ ਦੀ ਹੂਬਹੂ ਪਾਲਣਾ ਯਕੀਨੀ ਬਣਾਈ ਜਾ ਸਕੇ।
ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਨੇ ਪ੍ਰਾਈਵੇਟ ਐਸੋਸੀਏਟ ਸਕੂਲਾਂ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਨੂੰ ਚਿੱਠੀ ਜਾਰੀ ਕਰਕੇ ਸਪੱਸ਼ਟ ਤੌਰ ’ਤੇ ਆਖਿਆ ਗਿਆ ਹੈ ਕਿ 31 ਮਾਰਚ 2020 ਤੋਂ ਬਾਅਦ ਉਹ ਆਪਣੇ ਸਕੂਲਾਂ ਵਿੱਚ ਨੌਵੀਂ ਤੋਂ ਗਿਆਰ੍ਹਵੀਂ ਜਮਾਤ ਤੱਕ ਕੋਈ ਬੱਚਾ ਦਾਖ਼ਲ ਨਹੀਂ ਕਰ ਸਕਦੇ ਹਨ, ਕਿਉਂਕਿ ਸਬੰਧਤ ਸਕੂਲਾਂ ਦੀ ਆਰਜ਼ੀ ਐਸੋਸੀਏਸ਼ਨ ਰੱਦ ਕੀਤੀ ਜਾਂਦੀ ਹੈ। ਉਂਜ ਅੱਠਵੀਂ ਜਮਾਤ ਤੱਕ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…