Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਵੱਲੋਂ ਆਈਸਰ ਵਿੱਚ ਪੌਦਾ ਲਗਾ ਕੇ ਮੁਹਾਲੀ ਤੋਂ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਰਸਮੀ ਸ਼ੁਰੂਆਤ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਨਅਤਾਂ ਦਰਿਆਵਾਂ ਵਿੱਚ ਰਹਿੰਦ-ਖੂੰਹਦ ਨਾ ਸੁੱਟਣ: ਕੈਪਟਨ ਅਮਰਿੰਦਰ ਸਿੰਘ ਵਾਤਾਵਰਨ ਦੀ ਸ਼ੁੱਧਤਾ ਲਈ ਕੈਪਟਨ ਵੱਲੋਂ ਹਰੇਕ ਘਰ ਵਿੱਚ ਘੱਟੋ ਘੱਟ ਇੱਕ-ਇੱਕ ਬੂਟਾ ਜ਼ਰੂਰ ਲਾਉਣ ਦੀ ਅਪੀਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਪੰਜਾਬ ਤੇ ਇਸ ਦੀ ਚੌਗਿਰਦੇ ਨੂੰ ਬਚਾਉਣਾ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਨੇ ਸਨਅਤਕਾਰਾਂ ਨੂੰ ਵੀ ਆਪੋ-ਆਪਣੀਆਂ ਫੈਕਟਰੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਤੇਜ਼ੀ ਨਾਲ ਘਟ ਰਹੇ ਜਲ ਵਸੀਲਿਆਂ ਨੂੰ ਬਚਾਉਣ ਲਈ ਝੋਨੇ ਦੀ ਕਾਸ਼ਤ ਘਟਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰ ਦੇ ਨਿਵੇਕਲੇ ਉਪਰਾਲੇ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਆਗਾਜ਼ ਕੀਤਾ ਜੋ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਵੇਗਾ ਜਿਸ ਨਾਲ ਇੱਥੋਂ ਦੇ ਲੋਕ ਸਾਫ਼ ਆਬੋ-ਹਵਾ, ਪਾਣੀ ਅਤੇ ਮਿਆਰੀ ਭੋਜਨ ਰਾਹੀਂ ਸਿਹਤਮੰਦ ਜੀਵਨ ਬਸਰ ਕਰਨਗੇ। ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪਾਣੀ ਦੀ ਘੱਟ ਖਪਤ ਵਾਲੀਆਂ ਫਸਲਾਂ ਦੀ ਪੈਦਾਵਾਰ ਸ਼ੁਰੂ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਾਵਧਾਨ ਕੀਤਾ ਕਿ ਜੇਕਰ ਅਸੀਂ ਹੁਣ ਕੋਈ ਕਦਮ ਨਾ ਚੁੱਕਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੂਬੇ ਲਈ ਸਥਿਤੀ ਬਹੁਤ ਭਿਆਨਕ ਹੋਵੇਗੀ। ਸਾਫ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਦਯੋਗਾਂ ਵੱਲੋਂ ਦਰਿਆਵਾਂ ’ਚ ਸੁੱਟੀ ਜਾਂਦੀ ਰਹਿੰਦ-ਖੂੰਹਦ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲ ਪ੍ਰਦੂਸ਼ਣ ’ਤੇ ਕਾਬੂ ਪਾਉਣਾ ਸਨਅਤ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਉਨ੍ਹਾਂ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਦਰਿਆਵਾਂ ਵਿੱਚ ਅਣਸੋਧਿਆ ਪਾਣੀ ਜਾਂ ਰਹਿੰਦ-ਖੂਹੰਦ ਨਾ ਸੁੱਟੀ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰਾਂ ਵੱਲੋਂ ਦਰਿਆਵਾਂ ਨੂੰ ਪਲੀਤ ਕੀਤੇ ਜਾਣ ’ਤੇ ਵੀ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਇਸ ਨੂੰ ਫੌਰੀ ਤੌਰ ’ਤੇ ਰੋਕੇ ਜਾਣ ਦੀ ਲੋੜ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਚੌਗਿਰਦੇ ਦੀ ਸੰਭਾਲ ਲਈ ਪੋਪਲਰ ਅਤੇ ਸਫੈਦੇ ਦੀ ਬਜਾਏ ਕਿੱਕਰ, ਨੀਮ, ਬੇਰੀ ਆਦਿ ਵਰਗੇ ਰਵਾਇਤੀ Îਰੁੱਖ ਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਦੁਬਈ ਦੀ ਮਿਸਾਲ ਦਿੱਤੀ ਜਿੱਥੇ ਉੱਥੋਂ ਦੇ ਮੂਲ ਰੁੱਖ ਨੂੰ ਕੱਟਣਾ ਅਪਰਾਧ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਸੂਬੇ ਦੇ ਹਰੇਕ ਘਰ ਵਿੱਚ ਘੱਟੋ-ਘੱਟ ਇੱਕ ਬੂਟਾ ਲਾ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਵਾਤਾਵਰਣ ਮੁਹੱਈਆ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਨੇ ਵਾਤਾਵਰਣ ਨੂੰ ਬਚਾਉਣ ਲਈ ਨਦੀਨਨਾਸ਼ਕਾਂ ਦੀ ਵਰਤੋਂ ਸੂਝ-ਬੂਝ ਨਾਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਬਾਰੇ ਕੀਤੇ ਜਾ ਰਹੇ ਯਤਨ ਹੋਰ ਤੇਜ਼ ਕਰਨ ਲਈ ਕਿਹਾ। ਇਸ ਮੌਕੇ ਮੁੱਖ ਮੰਤਰੀ ਨੇ ‘ਤੰਦਰੁਸਤ ਪੰਜਾਬ’ ਦੇ ਨਾਮ ਹੇਠ ਇੱਕ ਕਿਤਾਬਚਾ ਜਾਰੀ ਕਰਨ ਤੋਂ ਇਲਾਵਾ ‘ਘਰ ਘਰ ਹਰਿਆਲੀ’ ਨਾਮ ਦੀ ਮੋਬਾਇਲ ਐਪ ਵੀ ਲਾਂਚ ਕੀਤੀ। ਇਸ ਐਪ ਤਹਿਤ ਜੰਗਲਾਤ ਵਿਭਾਗ ਵੱਲੋਂ ਰੁੱਤ ਮੁਤਾਬਿਕ ਪੌਦਿਆਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਇਆ ਕਰੇਗੀ। ਅੱਜ ਦੇ ਇਸ ਮੌਕੇ ਮੁੱਖ ਮੰਤਰੀ ਨੇ ਵਾਤਾਵਰਣ ਦੀ ਸੰਭਾਲ ਵਿੱਚ ਸਰਗਰਮ 13 ਵਿਅਕਤੀਆਂ ਨੂੰ ਚੰਦਨ ਦੇ ਬੂਟੇ ਦੇ ਕੇ ਸਨਮਾਨਤ ਕੀਤਾ। ਇਨ੍ਹਾਂ ਵਾਤਾਵਰਣ ਪ੍ਰੇਮੀਆਂ ਵਿੱਚ ਫਤਿਹਗੜ੍ਹ ਸਾਹਿਬ ਤੋਂ ਦਿਲਬਾਘ ਸਿੰਘ ਮਾਂਗਟ, ਅਸ਼ੋਕ ਜੈਨ, ਬੂਟਾ ਸਿੰਘ, ਰਾਜੇਸ਼ ਜਿੰਦਲ, ਦਲੀਪ ਸਿੰਘ, ਉਪਕਾਰ ਸਿੰਘ, ਇਕਬਾਲ ਸਿੰਘ, ਹਰਮਿੰਦਰ ਸਿੰਘ, ਪਟਿਆਲਾ ਤੋਂ ਅਭੀਮਨਿਊ, ਸੰਗਰੂਰ ਤੋਂ ਪੋਲਟਰੀ ਫਾਰਮਰ ਰਾਜੇਸ਼ ਗਰਗ, ਜੌੜਾ ਕਲਾਂ ਤੋਂ ਸੁਨੀਲ ਕੁਮਾਰ, ਮੋਹਾਲੀ ਤੋਂ ਸਨਅਤਕਾਰ ਤਿਲਕਰਾਜ ਬਾਂਕਾ ਅਤੇ ਜਗਜੀਤ ਸਿੰਘ ਨੂੰ ਸੂਬੇ ਵਿਚ 10 ਲੱਖ ਪੌਦੇ ਲਾਉਣ ਲਈ ਮੁੱਖ ਮੰਤਰੀ ਨੇ ਸਨਮਾਨਤ ਕੀਤਾ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਦੇ ‘ਮਿਸ਼ਨ ਗਰੀਨ ਮੁਹਾਲੀ’ ਮੁਹਿੰਮ ਦੀ ਵੀ ਰਸਮੀ ਸ਼ੁਰੂਆਤ ਕੀਤੀ ਜਿਸ ਤਹਿਤ ਅਗਲੇ ਤਿੰਨ ਸਾਲਾਂ ਵਿੱਚ ਇੱਕ ਕਰੋੜ ਬੂਟੇ ਲਾਏ ਜਾਣਗੇ। ਇਸ ਮੌਕੇ ਬੋਲਦਿਆਂ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਮਿਸ਼ਨ ਨੂੰ ਵਾਤਾਵਰਨ ਦੇ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜਰ ਇਕ ਮਹੱਤਵਪੂਰਨ ਪਹਿਲਕਦਮੀ ਦੇ ਤੌਰ ‘ਤੇ ਦਰਸਾਇਆ। ਉਨ੍ਹਾਂ ਐਲਾਨ ਕੀਤਾ ਕਿ ਜੰਗਲਾਤ ਵਿਭਾਗ ਕਿਸਾਨਾਂ ਨੂੰ ਚੰਦਨ ਦੇ ਇੱਕ ਲੱਖ ਪੌਦੇ ਮੁਹੱਈਆ ਕਰਵਾਏਗਾ ਤਾਂ ਜੋ ਉਹ ਆਪਣੇ ਖੇਤਾਂ ਦੀਆਂ ਸੀਮਾਵਾਂ ’ਤੇ ਲਗਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਨੇ ਸੂਬੇ ਭਰ ਵਿਚ ਵੱਖ-ਵੱਖ ਕਿਸਮਾਂ ਦੇ ਅੱਠ ਕਰੋੜ ਪੌਦੇ ਲਾਏ ਜਾਣ ਦਾ ਟੀਚਾ ਰੱਖਿਆ ਹੈ। ਵਾਤਾਵਰਣ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਸਾਫ ਅਤੇ ਹਰੇ ਵਾਤਾਵਰਨ ਦੀ ਅਣਹੋਂਦ ਵਿੱਚ ਕੋਈ ਵੀ ਸੂਬਾ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ ਅਤੇ ਇਹ ਮਿਸ਼ਨ ਪੰਜਾਬ ਵਿੱਚ ਅਜਿਹਾ ਮਾਹੌਲ ਬਣਾਉਣ ਲਈ ਕਾਫੀ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਵੀ ਕੀਤੀ ਕਿ ਨਦੀਆਂ ਵਿੱਚ ਪ੍ਰਦੂਸ਼ਿਤ ਪਾਣੀ ਅਤੇ ਇਸ ਦੇ ਪ੍ਰਵਾਹ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ।ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਵਧੀਕ ਮੁੱਖ ਸਕੱਤਰ ਵਿਗਿਆਨ ਤੇ ਤਕਨਾਲੋਜੀ ਅਤੇ ਵਾਤਾਵਰਣ ਡਾ. ਰੋਸ਼ਨ ਸੁੰਕਾਰੀਆ ਨੇ ਮਿਸ਼ਨ ਬਾਰੇ ਵਿਸਥਾਰਤ ਪੇਸ਼ਕਾਰੀ ਦਿੱਤੀ ਜਿਸ ਵਿੱਚ ਸਾਫ ਪੀਣ ਵਾਲੇ ਪਾਣੀ ਦੀ ਸੂਚੀ, ਵਾਤਾਵਰਣ ਦੀ ਹਵਾ ਦੀ ਗੁਣਵੱਤਾ, ਬਿਨਾਂ ਮਿਲਾਵਟ ਭੋਜਨ ਦੀ ਉਪਲਬਧਤਾ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਸਬੰਧੀ ਜਾਣਕਾਰੀ ਸ਼ਾਮਲ ਸੀ। ਪੀਜੀਆਈ ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾਰ ਨੇ ਵਿਸ਼ਵ ਵਾਤਾਵਰਣ ਦਿਵਸ ’ਤੇ ਇਸ ਮੁਹਿੰਮ ਦੀ ਸ਼ੁਰੂਆਤ ਦਾ ਸਵਾਗਤ ਕਰਦਿਆਂ ‘ਚੰਗੀ ਸਿਹਤ, ਚੰਗੀ ਸੋਚ’ ਮੁਹਿੰਮ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਰੈਗੂਲੇਟਰੀ ਤੇ ਮਨੋਟਰਿੰਗ ਵਿਧੀ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਇੱਕ ਮਾਹਰ ਦਾ ਸਮੂਹ ਬਣਾਉਣ ਦਾ ਵੀ ਸੁਝਾਅ ਵੀ ਦਿੱਤਾ। ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਨੇ ਪੰਜਾਬ ਨੂੰ ਸਭ ਤੋਂ ਸਿਹਤਮੰਦ ਸੂਬਾ ਬਣਾਉਣ ਲਈ ਲੋਕਾਂ ਨੂੰ ਪਾਣੀ, ਹਵਾ ਅਤੇ ਧਰਤੀ ਦੀ ਮਿੱਟੀ ਬਚਾਉਣ ਦਾ ਵਾਅਦਾ ਕਰਨ ਲਈ ਕਿਹਾ। ਉਨ੍ਹਾਂ ਨਦੀਆਂ ਵਿੱਚ ਬੇਕਾਰ ਕੂੜਾ ਸੁੱਟਣ ਅਤੇ ਫਸਲੀ ਰਹਿੰਦ-ਖੂਹਦ ਨੂੰ ਨਾ ਸਾੜਣ ਦਾ ਵੀ ਸਮਰਥਨ ਕੀਤਾ। ਸਮਾਗਮ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਆਈਸਰ ਦੇ ਡਾਇਰੈਕਟਰ ਡੀ.ਪੀ. ਸਰਕਾਰ, ਅਮਰਜੀਤ ਸਿੰਘ ਜੀਤੀ ਸਿੱਧੂ, ਕੰਵਰਬੀਰ ਸਿੰਘ ਸਿੱੱਧੂ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਅਨਿੰਦਿਤਾ ਮਿੱਤਰਾ, ਡਾਇਰੈਕਟਰ ਖੇਡ ਵਿਭਾਗ ਪੰਜਾਬ ਅੰਮ੍ਰਿਤ ਕੌਰ ਗਿੱਲ, ਕੌਮੀ ਹੈਲਥ ਮਿਸ਼ਨ ਦੇ ਡਾਇਰੈਕਟਰ ਵਰੁਣ ਰੂਜ਼ਮ, ਵਾਤਾਵਰਨ ਪ੍ਰੇਮੀ ਨਰਿੰਦਰ ਸਿੰਘ ਕੰਗ, ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਐਸਐਸਪੀ ਕੁਲਦੀਪ ਸਿੰਘ ਚਾਹਲ, ਏਡੀਸੀ (ਜਨਰਲ) ਚਰਨਦੇਵ ਸਿੰਘ ਮਾਨ, ਏਡੀਸੀ (ਵਿਕਾਸ) ਸੰਜੀਵ ਗਰਗ, ਮੁਹਾਲੀ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ, ਸੰਯੁਕਤ ਕਮਿਸ਼ਨਰ ਅਵਨੀਤ ਕੌਰ, ਪ੍ਰਧਾਨ ਮੁੱਖ ਵਣਪਾਲ ਜਿਤੇਂਦਰ ਸ਼ਰਮਾ, ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ