
ਮੁੱਖ ਮੰਤਰੀ ਵੱਲੋਂ ਜਾਅਲੀ ਟਰੈਵਲ ਏਜੰਟਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੇ ਹੁਕਮ
ਕਾਨੂੰਨੀ ਤੌਰ ’ਤੇ ਇੰਗਲੈਂਡ ਜਾਣ ਵਾਲੇ ਲੋਕਾਂ ਨੂੰ ਮਦਦ ਪ੍ਰਦਾਨ ਕਰਨ ਲਈ ਬਿਊਰੋ ਖੋਲ੍ਹਣ ਲਈ ਖਾਕਾ ਤਿਆਰ ਕਰਨ ਦੇ ਆਦੇਸ਼
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਨਵੰਬਰ:
ਜਾਅਲੀ ਟਰੈਵਲ ਏਜੰਟਾਂ ਵਿਰੁੱਧ ਤਿੱਖੀ ਕਾਰਵਾਈ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੋਂ ਇੰਗਲੈਂਡ ਵੱਲ ਪ੍ਰਵਾਸ ਕਰਨ ਵਾਲੇ ਵੱਧ ਤੋਂ ਵੱਧ ਲੋਕਾਂ ਨਾਲ ਸਬੰਧਤ ਇਲਾਕਿਆਂ ਵਿੱਚ ਵਿਦੇਸ਼ੀ ਰੁਜ਼ਗਾਰ ਬਿਊਰੋ ਖੋਲ੍ਹਣ ਲਈ ਖਾਕਾ ਤਿਆਰ ਕਰਨ ਲਈ ਹੁਕਮ ਜਾਰੀ ਕੀਤੇ ਹਨ। ਇਹ ਬਿਊਰੋਜ਼ ਵਿਦਿਅਕ ਯੋਗਤਾਵਾਂ ਦੇ ਅਧਾਰ ’ਤੇ ਵੱਖ ਵੱਖ ਦੇਸ਼ਾਂ ਵਿਚ ਉਪਲਬਧ ਮੌਕਿਆਂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇੰਗਲੈਂਡ ਨੂੰ ਕਾਨੂੰਨੀ ਤੌਰ ’ਤੇ ਪ੍ਰਵਾਸ ਕਰਨ ਦੇ ਵਾਸਤੇ ਆਪਣੇ ਹੁਨਰ ਨੂੰ ਉੱਚਾ ਚੁੱਕਣ ਦੇ ਢੰਗ-ਤਰੀਕਿਆਂ ਅਤੇ ਸਾਧਨਾਂ ਦੇ ਬਾਰੇ ਵੀ ਇਹ ਬਿਊਰੋ ਲੋਕਾਂ ਨੂੰ ਜਾਣੂ ਕਰਵਾਉਣਗੇ।
ਮੁੱਖ ਮੰਤਰੀ ਨੇ ਇਹ ਨਿਰਦੇਸ਼ ਉਸ ਸਮੇਂ ਦਿੱਤੇ ਜਦੋਂ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਆਇਰ ਅਤੇ ਇੰਗਲੈਂਡ ਦੇ ਗ੍ਰਹਿ ਵਿਭਾਗ ਵਿਚ ਇਮੀਗ੍ਰੇਸ਼ਨ ਐਨਫੋਰਸਮੈਂਟ ਡਿਪਾਰਟਮੈਂਟ ’ਚ ਨੈਸ਼ਨਲ ਕਮਿਊਨਿਟੀ ਐਂਗੇਜਮੈਂਟ ਲੀਡ-ਇੰਡੀਆ, ਸ਼ਰਨ ਘੁੰਮਣ ਉਨ੍ਹਾਂ ਨਾਲ ਮੀਟਿੰਗ ਕਰਨ ਆਏ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਵਫ਼ਦ ਨੇ ਮੁੱਖ ਮੰਤਰੀ ਨਾਲ ਪੰਜਾਬ ਤੋਂ ਇੰਗਲੈਂਡ ਵਿਚ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰ ਰਹੇ ਲੋਕਾਂ ਦੀ ਸਮੱਸਿਆ ਬਾਰੇ ਵਿਚਾਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ ਨੂੰ ਗੈਰ ਕਾਨੂੰਨੀ ਪ੍ਰਵਾਸ ਦੇ ਨਤੀਜਿਆਂ ਬਾਰੇ ਸੂਚਿਤ ਕੀਤਾ ਜਾਵੇਗਾ ਤਾਂ ਉਹ ਇੰਗਲੈਂਡ ਨੂੰ ਗੈਰ-ਕਾਨੂੰਨੀ ਢੰਗ ਨਾਲ ਜਾਣ ਦੇ ਮਾਮਲੇ ਵਿਚ ਨਿਰਉਤਸ਼ਾਹਤ ਹੋਣਗੇ।
ਵਧੀਕ ਮੁੱਖ ਸਕੱਤਰ ਗ੍ਰਹਿ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਕਾਨੂੰਨੀ ਸਹਾਇਤਾ ਪ੍ਰਦਾਨ ਕਰਕੇ ਲੋਕਾਂ ਨੂੰ ਵਿਦੇਸ਼ ਜਾਣ ਲਈ ਮਦਦ ਕਰਨਾ ਹੈ। ਇੰਗਲੈਂਡ ਵਿਚ ਸ਼ੋਸਣ ਹੋਣ ਜਾਂ ਖਾਸ ਤੌਰ ’ਤੇ ਪਤੀਆਂ ਦੁਆਰਾ ਛੱਡੀਆਂ ਗਈਆਂ ਅੌਰਤਾਂ ਦੇ ਸ਼ੋਸਣ ਸਬੰਧੀ ਵਫਦ ਵੱਲੋਂ ਦਰਸਾਈਆਂ ਗਈਆਂ ਚਿੰਤਾਵਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਅਜਿਹੀਆਂ ਅੌਰਤਾਂ ਨੂੰ ਵਾਪਸ ਆਉਣ ਉੱਤੇ ਸਹੂਲਤਾਂ ਪ੍ਰਦਾਨ ਕਰਵਾਏਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਅੌਰਤਾਂ ਵਾਪਸ ਪੰਜਾਬ ਆਉਣ ਲਈ ਪੂਰੀ ਤਰ੍ਹਾਂ ਆਜ਼ਾਦ ਹਨ ਅਤੇ ਸਰਕਾਰ ਉਨ੍ਹਾਂ ਦੀ ਵਾਪਸੀ ਉੱਤੇ ਕੋਈ ਵੀ ਰੋਕ ਨਹੀਂ ਲਗਾਏਗੀ।
ਕੈਪਟਨ ਅਮਰਿੰਦਰ ਨੇ ਅਜਿਹੀਆਂ ਅੌਰਤਾਂ ਅਤੇ ਹੋਰ ਗੈਰ ਕਾਨੂੰਨੀ ਪ੍ਰਵਾਸੀਆਂ ਖਾਸ ਕਰ ਬੇਘਰ ਅਤੇ ਬੁੱਢੇ ਲੋਕਾਂ ਨੂੰ ਪੂਰੇ ਸਨਮਾਨ ਨਾਲ ਪੰਜਾਬ ਵਾਪਸ ਭੇਜਣ ਲਈ ਬ੍ਰਿਟਿਸ਼ ਹਾਈ ਕਮਿਸ਼ਨ ਦੀ ਸਹਾਇਤਾ ਪ੍ਰਾਪਤ ਯੂ.ਕੇ. ਫਰੈਂਡਜ਼ ਆਫ ਯੂਨੀਕ ਹੋਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸ਼ਰਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉੱਥੇ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਵਾਪਸ ਆਉਣ ਦੀ ਉਡੀਕ ’ਚ ਹਨ ਪਰ ਉਪ ਡਰ ਦੇ ਕਾਰਨ ਵਾਪਸ ਨਹੀਂ ਆ ਰਹੇ। ਉਨ੍ਹਾਂ ਨੇ ਅਜਿਹੇ ਲੋਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਤੋਂ ਸਹਾਇਤਾ ਦੀ ਮੰਗ ਕੀਤੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਰਜੀਹ ਦੇ ਅਧਾਰ ’ਤੇ ਇਸ ਸਮੱਸਿਆ ਨੂੰ ਹੱਲ ਕਰੇਗੀ। ਸ਼ਰਨ ਨੇ ਕਿਹਾ ਕਿ ਪਿਛਲੇ ਸ਼ਾਸਨ ਦੇ ਕਾਰਨ ਉਨ੍ਹਾਂ ਵਿੱਚ ਡਰ ਹੈ ਕਿਉਂਕਿ ਉਨ੍ਹਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਆਉਣ ਲਈ ਨਿਰਉਤਸ਼ਾਹਤ ਕੀਤਾ ਸੀ। ਸ਼ਰਨ ਨੇ ਪੰਜਾਬ ਸਰਕਾਰ ਨੂੰ ਪ੍ਰਵਾਸ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਕੁਝ ਹੁਨਰ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਯੂ.ਕੇ. ਵਿੱਚ ਲਾਹੇਵੰਦ ਰੁਜ਼ਗਾਰ ਪ੍ਰਾਪਤ ਕਰ ਸਕਣ। ਆਇਰ ਨੇ ਵੀ ਯੂ.ਕੇ. ਵਿੱਚ ਕਾਨੂੰਨੀ ਤੌਰ ਤੇ ਕੰਮ ਕਰਨ ਦੇ ਮੌਕੇ ਪ੍ਰਾਪਤ ਕਰਨ ਲਈ ਲੋਕਾਂ ਨੂੰ ਲੋੜੀਂਦੇ ਹੁਨਰ ਨਾਲ ਸਮਰੱਥ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।