ਪੰਜਾਬ ਦੇ ਮੱਖ ਮੰਤਰੀ ਵੱਲੋਂ ਸੁਖਵੰਤ ਕੌਰ ਦੀ ਸੁਰੱਖਿਅਤ ਵਾਪਸੀ ਲਈ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ

ਗੈਰ ਕਾਨੂੰਨੀ ਟਰੈਵਲ ਏਜੰਟਾਂ ਦੀ ਸਰਗਰਮੀ ਰੋਕਣ ਲਈ ਕਾਰਜ ਯੋਜਨਾ ਤਿਆਰ ਕਰਨ ਦਾ ਵਾਅਦਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 31 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਜ਼ਿਲ੍ਹੇ ਦੀ ਸੁਖਵੰਤ ਕੌਰ ਦੀ ਸੁਰੱਖਿਅਤ ਵਤਨ ਵਾਪਸੀ ਲਈ ਸਹੁਲਤ ਮੁਹੱਈਆ ਕਰਵਾਉਣ ਵਾਸਤੇ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ ਹੈ। ਸੁਖਵੰਤ ਕੌਰ ਨੂੰ ਸਾਊਦੀ ਅਰਬ ਵਿੱਚ ਵੇਚ ਦਿੱਤਾ ਗਿਆ ਸੀ ਅਤੇ ਤਸੀਹੇ ਦਿੱਤੇ ਗਏ ਸਨ। ਮੁੱਖ ਮੰਤਰੀ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਛੇਤੀ ਹੀ ਇੱਕ ਸਮਾਂਬੱਧ ਕਾਰਜ ਯੋਜਨਾ ਤਿਆਰੀ ਕਰੇਗੀ ਤਾਂ ਜੋ ਗੈਰਕਾਨੂੰਨੀ ਟ੍ਰੈਵਲ ਏਜੰਟਾਂ ਵਲੋਂ ਉਸ ਵਰਗੇ ਬੇਗੁਨਾਹ ਲੋਕਾਂ ਨਾਲ ਅਜਿਹਾ ਕਰਨ ਤੋਂ ਰੋਕਿਆ ਜਾ ਸਕੇ। ਸ੍ਰੀਮਤੀ ਸਵਰਾਜ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਸੀ ਅਤੇ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਸਬੰਧੀ ਤੇਜ਼ੀ ਨਾਲ ਕਾਰਜ ਕਰਨ ਦਾ ਵਾਅਦਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸੁਖਵੰਤ ਕੌਰ ਦੀ ਤੁਰੰਤ ਘਰ ਵਾਪਸੀ ਲਈ ਜ਼ੋਰ ਪਾਇਆ ਸੀ।
ਮੁੱਖ ਮੰਤਰੀ ਨੇ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈਅੱਡੇ ਅੰਮ੍ਰਿਤਸਰ ਵਿਖੇ ਸੁਖਵੰਤ ਕੌਰ ਦੇ ਉਤਰਨ ਮੌਕੇ ਉਸਨੂੰ ਲੈਣ ਲਈ ਪੰਜਾਬ ਸਰਕਾਰ ਦੀ ਤਰਫੋਂ ਏ.ਡੀ.ਸੀ ਅੰਮ੍ਰਿਤਸਰ ਦੀ ਡਿਊਟੀ ਲਾਈ ਸੀ ਜਿਸਦੇ ਨਾਲ ਉਸਦੇ ਜੀਵਨ ਦਾ ਕਾਲਾ ਅਧਿਆਇ ਖਤਮ ਹੋ ਗਿਆ ਹੈ। ਸੁਖਵੰਤ ਕੌਰ ਨੂੰ ਸਾਊਦੀ ਅਰਬ ਵਿੱਚ ਗੁਲਾਮਾਂ ਵਾਂਗ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ ਅਤੇ ਉਸ ਨਾਲ ਬੁਰੀ ਤਰ੍ਹਾਂ ਦੁਰਵਿਹਾਰ ਕਰਨ ਤੋਂ ਇਲਾਵਾ ਉਸਨੂੰ ਤਸੀਹੇ ਦਿੱਤੇ ਜਾ ਰਹੇ ਸਨ। ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਸਰਗਰਮ ਦਖਲ ਨਾਲ ਉਹ ਅੱਜ ਦੁਪਹਿਰ ਵਾਪਸ ਆਪਣੇ ਪਰਿਵਾਰ ਕੋਲ ਪਹੁੰਚਣ ਵਿੱਚ ਸਫਲ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੁਖਵੰਤ ਕੌਰ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸੁਸ਼ਮਾ ਸਵਰਾਜ ਦੀਆਂ ਕੋਸ਼ਿਸ਼ਾਂ ਦੀ ਬਹੁਤ ਜ਼ਿਆਦਾ ਸਰਹਾਨਾ ਕੀਤੀ ਹੈ। ਮੁੱਖ ਮੰਤਰੀ ਨੇ ਵਿਦੇਸ਼ ਮਾਮਲਿਆਂ ਦੀ ਮੰਤਰੀ ਨੂੰ ਅਪੀਲ ਕੀਤੀ ਕਿ ਟੈ੍ਰਵਲ ਏਜੰਟਾਂ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਦੇ ਖਾਤਮੇ ਲਈ ਸਾਰੇ ਸਿਆਸੀ ਅਤੇ ਰਾਜਦੂਤਕ ਚੈਨਲਾਂ ਦੀ ਵਰਤੋ ਕੀਤੀ ਜਾਵੇ ਜਿਨ੍ਹਾਂ ਵਲੋਂ ਗੈਰ-ਕਾਨੂੰਨੀ ਤਰੀਕੇ ਨਾਲ ਬੇਗੁਨਾਹ ਲੋਕਾਂ ਨੂੰ ਹੋਰਨਾਂ ਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ ਅਤੇ ਜਿਨ੍ਹਾਂ ਦਾ ਵੱਖ-ਵੱਖ ਤਰੀਕਿਆਂ ਨਾਲ ਸ਼ੋਸਣ ਹੁੰਦਾ ਹੈ।
ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਵੰਤ ਕੌਰ ਨੇ ਦੱਸਿਆ ਕਿ ਉਹ ਵੈਧ ਵੀਜ਼ੇ ’ਤੇ ਭਾਰਤ ਤੋਂ ਸਾਊਦੀ ਅਰਬ ਗਈ ਸੀ। ਉਸਨੇ ਦੱਸਿਆ ਕਿ ਇੱਕ ਮਹੀਨਾ ਇਕ ਘਰ ਵਿੱਚ ਕੰਮ ਕਰਨ ਤੋਂ ਬਾਅਦ ਜਦੋਂ ਉਸਨੇ ਆਪਣੀ ਉਜਰਤ ਮੰਗੀ ਤਾਂ ਉਸਨੂੰ ਦੱਸਿਆ ਗਿਆ ਕਿ ਉਸਨੂੰ ਏਜੰਟ ਵਲੋਂ ਉਨ੍ਹਾਂ ਦੇ ਪਰਿਵਾਰ ਕੋਲ ਵੇਚ ਦਿੱਤਾ ਗਿਆ ਹੈ। ਉਸ ਨੇ ਆਪਣੀ ਇਹ ਦੁੱਖਭਰੀ ਕਹਾਣੀ ਆਪਣੇ ਪਤੀ ਨੂੰ ਟੈਲੀਫੋਨ ’ਤੇ ਦੱਸੀ ਜਿਸਨੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲ ਪਹੁੰਚ ਕੀਤੀ। ਸੁਖਵੰਤ ਕੌਰ ਨੇ ਵਿਦੇਸ਼ ਮਾਮਲਿਆਂ ਦੀ ਮੰਤਰੀ ਅਤੇ ਉਨ੍ਹਾਂ ਸਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਦੀ ਘਰ ਵਾਪਸੀ ਨੂੰ ਸੰਭਵ ਬਣਾਇਆ ਹੈ। ਜਲੰਧਰ ਜ਼ਿਲ੍ਹੇ ਦੇ ਨੂਰਮਹਿਲ ਨੇੜੇ ਅਜਤਾਣੀ ਪਿੰਡ ਦੇ ਲੋਕ ਅਤੇ ਉਸਦੇ ਪਰਿਵਾਰ ਦੇ ਮੈਂਬਰ ਵੀ ਹਵਾਈ ਅੱਡੇ ’ਤੇ ਉਸ ਨੂੰ ਲੈਣ ਆਏ ਹੋਏ ਸਨ। 55 ਸਾਲ ਦੀ ਸੁਖਵੰਤ ਕੌਰ ਨੂੰ ਦਿੱਲੀ ਦੀ ਇੱਕ ਟ੍ਰੈਵਲ ਏਜੰਸੀ ਨੇ ਸਾਉਦੀ ਅਰਬ ਭੇਜਿਆ ਸੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…