
ਪੰਜਾਬ ਦਾ ਮੁੱਖ ਮੰਤਰੀ ਕਿਸੇ ਪੰਜਾਬੀ ਨੂੰ ਹੀ ਬਣਾਇਆ ਜਾਵੇਗਾ: ਕੇਜਰੀਵਾਲ
ਨਸ਼ਾ ਤਸਕਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਵਿੰਚ ਡੱਕੇਗੀ ਆਪ ਸਰਕਾਰ
ਕੇਜਰੀਵਾਲ ਵੱਲੋਂ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ’ਤੇ ਬੁਢਾਪਾ ਪੈਨਸ਼ਨ 500 ਤੋਂ ਵਧਾ ਕੇ 2500 ਰੁਪਏ ਕਰਨ ਦਾ ਐਲਾਨ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਬਾਦਸ਼ਾਹਪੁਰ/ਪਾੜਤਾਂ, 11 ਜਨਵਰੀ:
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਤਾਕਤ ਦਿਖਾਉਣ ਲਈ ਉੱਤਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਮੁਹਾਲੀ ਵਿੱਚ ਆਪ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਣਨ ਨਾਲ ਪੰਜਾਬ ਸਮੇਤ ਦਿੱਲੀ ਦੀ ਸਿਆਸਤ ਵਿੱਚ ਕਾਫੀ ਹਲਚਲ ਸ਼ੁਰੂ ਹੋ ਗਈ ਹੈ। ਸ੍ਰੀ ਸਿਸੋਦੀਆ ਦੇ ਬਿਆਨ ’ਤੇ ਵੱਧ ਰਹੇ ਵਾਦ-ਵਿਵਾਦ ਤੋਂ ਬਾਅਦ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਹਨ ਅਤੇ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ ਅਤੇ ਉਹ ਕਿਸੇ ਕੀਮਤ ’ਤੇ ਦਿੱਲੀ ਛੱਡ ਕੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨਗੇ। ਸ੍ਰੀ ਕੇਜਰੀਵਾਲ ਨੇ ਭਰੋਸਾ ਦਿੱਤਾ ਕਿ ਪੰਜਾਬ ਦਾ ਮੁੱਖ ਮੰਤਰੀ ਕਿਸੇ ਪੰਜਾਬੀ ਨੂੰ ਹੀ ਬਣਾਇਆ ਜਾਵੇਗਾ।
ਉਧਰ, ਅੱਜ ਬਾਦਸ਼ਾਹਪੁਰ ਅਤੇ ਪਾੜਤਾਂ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 150 ਬਿੰਦੂਆਂ ਦਾ ਢਾਂਚਾ ਤਿਆਰ ਕੀਤਾ ਹੈ ਅਤੇ ਸਰਕਾਰ ਬਣਦੇ ਹੀ ਇਸ ਦੇ 10 ਬਿੰਦੂਆਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨਾ ਸਰਕਾਰ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਇਹ ਭਰਮ ਫੈਲਾਇਆ ਜਾ ਰਿਹਾ ਹੈ ਪ੍ਰੰਤੂ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਈ ਵੀ ਬਣੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਵੱਲੋਂ ਚੁਣਿਆ ਗਿਆ ਪੰਜਾਬ ’ਚੋਂ ਹੀ ਹੋਵੇਗਾ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਪਹਿਲ ਪੰਜਾਬ ’ਚੋਂ ਨਸ਼ੇ ਦੀ ਸਪਲਾਈ ਨੂੰ ਇਕ ਮਹੀਨੇ ਵਿੱਚ ਤੋੜਨਾ ਹੋਵੇਗਾ। ਉਨ੍ਹਾਂ ਐਲਾਨ ਕੀਤਾ ਕਿ ਬਾਦਲਾਂ ਦੁਆਰਾ ਐਨਡੀਪੀਸੀ ਐਕਟ ਅਧੀਨ ਦਰਜ ਕੀਤੇ ਜਾਲੀ ਮੁਕਦਮੇ ਰੱਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਅੰਤਰ ਰਾਸ਼ਟਰੀ ਤਸ਼ਕਰਾਂ ਨਾਲ ਕਥਿਤ ਸਬੰਧ ਹਨ ਅਤੇ ਉਸ ਨੇ ਉਨ੍ਹਾਂ ਖ਼ਿਲਾਫ਼ ਵੀ ਅੰਮ੍ਰਿਤਸਰ ਦੀ ਅਦਾਲਤ ਵਿੱਚ ਮੁਕੱਦਮਾ ਦਰਜ ਕਰਵਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਇਸ ਦਲਦਲ ’ਚੋਂ ਕੱਢਣ ਲਈ ਸਪੈਸ਼ਲ ਡਾਕਟਰਾਂ ਦੀ ਟੀਮ ਤਿਆਰ ਕਰਕੇ 6 ਮਹੀਨੀਆਂ ਵਿੱਚ ਇਸ ਕਾਰਜ ਨੂੰ ਪੂਰਾ ਕਰੇਗੀ। ਇਸ ਤੋਂ ਪਿੱਛੋਂ ਨੌਜਵਾਨਾਂ ਨੂੰ ਮੁੱਖਾਧਾਰਾ ਵਿੱਚ ਲਿਆਉਣ ਲਈ 25 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਅਤੇ ਸਵਾਮੀਨਾਥਨ ਰਿਪੋਰਟ ਨੂੰ 3 ਸਾਲਾਂ ਵਿੱਚ ਲਾਗੂ ਕਰਨਾ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਕਿਸਾਨਾਂ ਦੇ ਸਨਮੁੱਖ ਹੁੰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਤਮ ਹੱਤਿਆਵਾਂ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਦੀ ਲਾਗਤ ਤੋਂ 50 ਪ੍ਰਤੀਸ਼ਤ ਤੋਂ ਵੱਧ ਮੁਨਾਫਾ ਮਿਲਣਾ ਯਕੀਨੀ ਬਣਾਇਆ ਜਾਵੇਗਾ। ਆਪ ਆਗੂ ਨੇ ਪੰਜਾਬ ਵਿੱਚ ਖੇਤੀ ਅਧਾਰਿਤ ਉਦੋਯਗ ਸਥਾਪਿਤ ਕਰਨ ‘ਤੇ ਜੋਰ ਦਿੱਤਾ। ਇਸ ਮੌਕੇ ਕੇਜਰੀਵਾਲ ਨੇ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਦੀ ਰਾਸ਼ੀ 500 ਰੁਪਏ ਤੋਂ ਵਧਾ ਕੇ 2500 ਰੁਪਏ ਕਰਨ ਦਾ ਐਲਾਨ ਵੀ ਕੀਤਾ।