ਮੁੱਖ ਮੰਤਰੀ ਵੱਲੋਂ ਆਦਮਪੁਰ ਘਰੇਲੂ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵੀਦਾਸ ਜੀ ਦੇ ਨਾਂ ’ਤੇ ਰੱਖਣ ਦੀ ਕੇਂਦਰ ਨੂੰ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦਮਪੁਰ ਹਵਾਈ ਅੱਡੇ ਦੇ ਘਰੇਲੂ ਟਰਮਿਨਲ ਦਾ ਨਾਂ ਸ੍ਰੀ ਗੁਰੂ ਰਵੀਦਾਸ ਜੀ ਦੇ ਨਾਂ ’ਤੇ ਰੱਖਣ ਲਈ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਪੀ. ਅਸ਼ੋਕ ਗਜਾਪਥੀ ਰਾਜੂ ਨੂੰ ਪੱਤਰ ਲਿਖਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਉਨ੍ਹਾਂ ਤੋਂ ਇਸ ਸਬੰਧ ਵਿਚ ਮਦਦ ਲਈ ਪੱਤਰ ਲਿਖਿਆ ਹੈ ਕਿਉਂਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਸਿੱਖ ਭਾਈਚਾਰੇ ਵਿਚ ਅਥਾਹ ਸਤਿਕਾਰ ਹੈ ਅਤੇ ਉਹ ਇੱਕ ਮਹਾਨ ਆਲੌਕਿਕ ਕਵੀ ਅਤੇ ਭਗਤੀ ਲਹਿਰ ਦੇ ਮੋਢੀਆਂ ਵਿਚੋਂ ਸਨ।
ਇਸ ਸਬੰਧੀ ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਜਲੰਧਰ ਦੇ ਬਹੁਤ ਸਾਰੇ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੂੰ ਮਿਲ ਕੇ ਇਹ ਬੇਨਤੀ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਮਾਮਲਾ ਕੇਂਦਰੀ ਮੰਤਰੀ ਕੋਲ ਉਠਾਇਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਲਿਖਤੀ ਰੂਪ ਵਿੱਚ ਕਿਹਾ ਸੀ ਕਿ ਘਰੇਲੂ ਟਰਮਿਨਲ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਵਿਚ ਰੱਖਣ ਦੀ ਦੋਆਬਾ ਖੇਤਰ ਦੀ ਐਸ.ਸੀ./ਐਸ.ਟੀ. ਜਨਸੰਖਿਆ ਦੀ ਅਥਾਹ ਮੰਗ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਦੇ ਬਾਰੇ ਜਨਰਲ ਅਤੇ ਐਸ.ਸੀ./ਐਸ.ਟੀ. ਦੋਵੇਂ ਸ਼੍ਰੇਣੀਆਂ, ਸਾਰੀਆਂ ਸਿਆਸੀ ਪਾਰਟੀਆਂ ਅਤੇ ਸਾਬਕਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਸਹਿਮਤੀ ਹੈ।
ਸ੍ਰੀ ਚੌਧਰੀ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਨੂੰ ਨਿੱਜੀ ਤੌਰ ’ਤੇ ਮਿਲੇ ਸਨ ਅਤੇ ਉਹ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਕੇਂਦਰ ਕੋਲ ਇਹ ਮੰਗ ਸਰਕਾਰੀ ਤੌਰ ’ਤੇ ਉਠਾਵੇ। ਚੌਧਰੀ ਨੇ 26 ਸਤੰਬਰ ਤੋਂ ਦੋਆਬਾ ਖੇਤਰ ਤੋਂ ਘਰੇਲੂ ਉਡਾਣਾਂ ਸ਼ੁਰੂ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਲੰਮੇ ਸਮੇਂ ਤੋਂ ਲੰਬਿਤ ਪਈ ਮੰਗ ਪੂਰੀ ਹੋ ਜਾਵੇਗੀ ਅਤੇ ਇਸ ਨਾਲ ਐਨ.ਆਰ.ਆਈਜ਼, ਵਪਾਰੀਆਂ ਅਤੇ ਉਦਯੋਗਪਤੀਆਂ ਤੋਂ ਇਲਾਵਾ ਧਾਰਮਿਕ ਯਾਤਰੀਆਂ ਨੂੰ ਵੀ ਵੱਡਾ ਲਾਭ ਹੋਵੇਗਾ ਜੋ ਕਿ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਣਾ ਚਾਹੁੰਦੇ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…