ਮੁੱਖ ਮੰਤਰੀ ਬਾਦਲ ਨੇ ਆਲੂਆਂ ਘੱਟ ਭਾਅ ਕਾਰਨ ਪੈਦਾ ਹੋਈ ਸਥਿਤੀ ਦਾ ਲਿਆ ਜਾਇਜ਼ਾ

ਆਲੂ ਉਤਪਾਦਕਾਂ ਨੂੰ ਚੋਖਾ ਭਾਅ ਦੇਣ ਲਈ ਪੰਜਾਬ ਐਗਰੋ ਤੇ ਮਾਰਕਫੈਡ ਨੂੰ ਮੰਡੀ ਵਿੱਚ ਦਖ਼ਲ ਦੇਣ ਦੇ ਨਿਰਦੇਸ਼

ਆਲੂਆਂ ’ਤੇ ਮਾਰਕੀਟ ਫੀਸ ਤੇ ਆਰਡੀਐਫ 2 ਫੀਸਦੀ ਤੋਂ ਘਟਾ ਕੇ 0.25 ਫੀਸਦੀ ਕੀਤੀ

ਪੰਜਾਬ ਸਰਕਾਰ ਹਰ ਕੀਮਤ ’ਤੇ ਆਲੂ ਉਤਪਾਦਕਾਂ ਨੂੰ ਮੌਜੂਦਾ ਵਿੱਤੀ ਸੰਕਟ ’ਚੋਂ ਕੱਢਣ ਲਈ ਵਚਨਬੱਧ: ਬਾਦਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਫਰਵਰੀ:
ਪੰਜਾਬ ਵਿੱਚ ਆਲੂਆਂ ਦੇ ਘੱਟ ਭਾਅ ਦੇ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਐਗਰੋ ਤੇ ਮਾਰਕਫੈਡ ਨੂੰ ਮੰਡੀ ’ਚ ਦਖਲ ਦੇਣ ਲਈ ਆਖਿਆ ਹੈ ਤਾਂ ਜੋ ਆਲੂ ਉਤਪਾਦਕਾਂ ਨੂੰ ਵਧੀਆ ਭਾਅ ਦੇ ਕੇ ਮੌਜੂਦਾ ਸੰਕਟ ਵਿੱਚੋਂ ਕੱਢਿਆ ਜਾ ਸਕੇ। ਮੌਜੂਦਾ ਸਥਿਤੀ ਦਾ ਜਾਇਜਾ ਲੈਣ ਲਈ ਅੱਜ ਦੁਪਹਿਰ ਆਪਣੇ ਨਿਵਾਸ ਸਥਾਨ ’ਤੇ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਲੂ ’ਤੇ ਮਾਰਕੀਟ ਫੀਸ ਅਤੇ ਦਿਹਾਤੀ ਬੁਨਿਆਦੀ ਢਾਂਚਾ ਫੀਸ (ਆਰਡੀਐਫ) 2 ਫੀਸਦੀ ਤੋਂ ਘਟਾ ਕੇ 0.25 ਫੀਸਦੀ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਦੌਰਾਨ ਸ੍ਰੀ ਬਾਦਲ ਨੇ ਤਰੁੰਤ ਪ੍ਰਭਾਵ ਤੋਂ ਆੜਂਤੀਆਂ ਵੱਲੋਂ ਲਈ ਜਾਂਦੀ ਆੜਂਤ ਦੀ ਦਰ 5 ਫੀਸਦੀ ਤੋਂ ਘਟਾ ਕੇ ਇੱਕ ਫੀਸਦੀ ਕਰਨ ਦੇ ਵੀ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਸ੍ਰੀ ਬਾਦਲ ਨੇ ਪੰਜਾਬ ਐਗਰੋ ਅਤੇ ਮਾਰਕਫੈਡ ਨੂੰ ਰੂਸ, ਦੁਬਈ, ਇਰਾਨ, ਸ੍ਰੀਲੰਕਾ ਅਤੇ ਹੋਰਨਾਂ ਦੇਸ਼ਾਂ ਨੂੰ ਆਲੂ ਦੀ ਬਰਾਮਦ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਵੀ ਆਖਿਆ ਜਿਸ ਲਈ ਸੂਬਾ ਸਰਕਾਰ ਭਾੜੇ ਵਿੱਚ ਸਬਸਿਡੀ ਦੇ ਸਕਦੀ ਹੈ। ਇਸ ਤੋੋਂ ਇਲਾਵਾ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਆਲੂਆਂ ਦੇ ਮੰਡੀਕਰਨ ਲਈ ਖੇਤੀਬਾੜੀ ਵਿਭਾਗ ਨੂੰ ਵੀ ਮੁੱਖ ਮੰਤਰੀ ਨੇ ਯਤਨ ਕਰਨ ਲਈ ਆਖਿਆ ਤਾਂ ਜੋ ਆਲੂ ਉਤਪਾਦਕਾਂ ਨੂੰ ਚੋਖਾ ਭਾਅ ਮਿਲ ਸਕੇ।
ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਸੂਬੇ ਭਰ ਦੇ ਕੋਲਡ ਸਟੋਰਾਂ ਦੀ ਆਲੂਆਂ ਲਈ ਢੁਕਵੇਂ ਢੰਗ ਨਾਲ ਵਰਤੋਂ ਯਕੀਨੀ ਬਨਾਉਣ ਲਈ ਵੀ ਨਿਰਦੇਸ਼ ਦਿੱਤੇ। ਉਨਂ੍ਹਾਂ ਨੇ ਕੋਲਡ ਸਟੋਰਾਂ ਵਿੱਚ ਆਲੂ ਰੱਖਣ ਸਬੰਧੀ ਉਣਤਾਈਆਂ ਨੂੰ ਨੱਥ ਪਾਉਣ ਲਈ ਆਖਿਆ। ਇਸੇ ਦੌਰਾਨ ਹੀ ਹੋਰਨਾਂ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਸਿੱਖਿਆ ਵਿਭਾਗ ਨੂੰ ਸਕੂਲਾਂ ਦੇ ਦੁਪਹਿਰ ਦੇ ਖਾਣੇ ਅਤੇ ਜੇਲਂਾਂ ਨੂੰ ਆਪਣੇ ਰਾਸ਼ਨ ਵਿੱਚ ਵੱਧ ਤੋਂ ਵੱਧ ਆਲੂ ਦੀ ਵਰਤੋਂ ਕਰਨ ਲਈ ਨਿਰਦੇਸ਼ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ ਜਿਸ ਨਾਲ ਸੂਬੇ ਵਿੱਚ ਆਲੂ ਦੀ ਵਿਕਰੀ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਐਸ.ਕੇ. ਸੰਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਐਮ.ਡੀ. ਪੰਜਾਬ ਐਗਰੋ ਕੇ.ਐਸ.ਪਨੂੰ, ਐਮ.ਡੀ. ਮਾਰਕਫੈਡ ਗੁਰਕੀਰਤ ਕਿਰਪਾਲ ਸਿੰਘ, ਡਾਇਰੈਕਟਰ ਖੇਤੀਬਾੜੀ ਬੀ.ਐਸ.ਸਿੱਧੂ, ਡਾਇਰੈਕਟਰ ਬਾਗਬਾਨੀ ਗੁਰਕੰਵਲ ਸਿੰਘ, ਮੰਡੀ ਬੋਰਡ ਦੇ ਚੀਫ ਜਨਰਲ ਮੈਨੇਜਰ ਸਿਕੰਦਰ ਸਿੰਘ ਅਤੇ ਜੀ.ਐਮ. ਐਗਰੀ ਐਕਸਪੋਰਟ ਰਣਬੀਰ ਸਿੰਘ ਵੀ ਹਾਜ਼ਰ ਸਨ।

Load More Related Articles

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…